ਅਧਿਆਪਕ ਦਲ ਪੰਜਾਬ ਨੇ ਨਗਰ ਕੀਰਤਨ ’ਤੇ ਛੁੱਟੀ ਦੀ ਕੀਤੀ ਮੰਗ ਅਧਿਆਪਕ ਦਲ ਪੰਜਾਬ ਨੇ ਗੁਰਪੁਰਬ ਦੇ ਨਗਰ ਕੀਰਤਨ ਤੇ ਛੁੱਟੀ ਕਰਨ ਦੀ ਕੀਤੀ ਮੰਗ
Publish Date: Sat, 21 Nov 2026 08:56 PM (IST)
Updated Date: Sat, 21 Nov 2026 08:58 PM (IST)
ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਪੁਰਬ ਦੇ ਸੰਬੰਧ ਵਿੱਚ 23 ਨਵੰਬਰ ਨੂੰ ਕੱਢੇ ਜਾ ਰਹੇ ਗੁਰਦੁਆਰਾ ਸ੍ਰੀ ਸੰਤ ਘਾਟ ਸਾਹਿਬ ਤੋਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਤੱਕ ਸਜਾਏ ਜਾ ਰਹੇ ਨਗਰ ਕੀਰਤਨ ਵਿੱਚ ਸ਼ਾਮਲ ਹੋਣ ਲਈ ਅਧਿਆਪਕ ਦਲ ਪੰਜਾਬ ਵੱਲੋਂ ਸਬ ਡਿਵੀਜ਼ਨ ਸੁਲਤਾਨਪੁਰ ਲੋਧੀ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਤੋਂ ਪੂਰੀ ਛੁੱਟੀ ਦੀ ਮੰਗ ਕੀਤੀ ਹੈ। ਇਸ ਸਬੰਧੀ ਅਧਿਆਪਕ ਦਲ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਸੁਖਦਿਆਲ ਸਿੰਘ ਝੰਡ, ਜ਼ਿਲ੍ਹਾ ਜਨਰਲ ਸਕੱਤਰ ਮਨਜਿੰਦਰ ਸਿੰਘ ਧੰਜੂ, ਰਜੇਸ਼ ਜੌਲੀ ਸੀਨੀਅਰ ਮੀਤ ਪ੍ਰਧਾਨ, ਭਜਨ ਸਿੰਘ ਮਾਨ ਮੀਤ ਪ੍ਰਧਾਨ ਆਦਿ ਆਗੂਆਂ ਨੇ ਕਿਹਾ ਕਿ 24 ਨਵੰਬਰ ਦਿਨ ਮੰਗਲਵਾਰ ਨੂੰ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅਵਤਾਰ ਪੁਰਬ ਨਾਨਕ ਨਾਮ ਲੇਵਾ ਸੰਗਤਾਂ ਵੱਲੋਂ ਪੂਰੀ ਦੁਨੀਆ ਵਿੱਚ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ, ਉੱਥੇ ਹੀ ਉਸ ਤੋਂ ਇੱਕ ਦਿਨ ਪਹਿਲਾਂ 23 ਨਵੰਬਰ ਦਿਨ ਸ਼ਨੀਵਾਰ ਨੂੰ ਸੁਲਤਾਨਪੁਰ ਲੋਧੀ ਵਿਚ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ, ਜਿਸ ਵਿੱਚ ਸਕੂਲੀ ਵਿਦਿਆਰਥੀ, ਅਧਿਆਪਕ ਤੇ ਹੋਰ ਵੱਖ-ਵੱਖ ਵਿਭਾਗਾਂ ਵਿੱਚ ਕੰਮ ਕਰਦੇ ਸਰਕਾਰੀ ਕਰਮਚਾਰੀ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਨਾਲ ਭਾਗ ਲੈਂਦੇ ਹਨ ਪਰ ਉਸ ਦਿਨ ਛੁੱਟੀ ਨਾ ਹੋਣ ਕਾਰਨ ਵਿਦਿਆਰਥੀ, ਅਧਿਆਪਕ ਤੇ ਹੋਰ ਕਰਮਚਾਰੀ ਇਸ ਨਗਰ ਕੀਰਤਨ ਵਿੱਚ ਭਾਗ ਨਹੀਂ ਲੈ ਸਕਦੇ। ਇਸ ਲਈ ਸਮੂਹ ਅਧਿਆਪਕ ਜਥੇਬੰਦੀਆਂ ਦੇ ਆਗੂਆਂ ਨੇ ਡਿਪਟੀ ਕਮਿਸ਼ਨਰ ਕਪੂਰਥਲਾ ਤੋਂ ਮੰਗ ਕੀਤੀ ਹੈ ਕਿ 23 ਨਵੰਬਰ ਦਿਨ ਸੋਮਵਾਰ ਨੂੰ ਸਬ ਡਿਵੀਜ਼ਨ ਸੁਲਤਾਨਪੁਰ ਲੋਧੀ ਵਿੱਚ ਪੂਰਨ ਤੌਰ ’ਤੇ ਛੁੱਟੀ ਦਾ ਐਲਾਨ ਕੀਤਾ ਜਾਵੇ ਤਾਂ ਜੋ ਵਿਦਿਆਰਥੀ, ਅਧਿਆਪਕ ਤੇ ਹੋਰ ਸਰਕਾਰੀ ਕਰਮਚਾਰੀ ਨਗਰ ਕੀਰਤਨ ਵਿੱਚ ਭਾਗ ਲੈ ਸਕਣ। ਇਸ ਮੌਕੇ ਸੁਖਜਿੰਦਰ ਸਿੰਘ ਢੋਲਣ, ਅਮਰੀਕ ਸਿੰਘ ਰੰਧਾਵਾ, ਰਕੇਸ਼ ਸਾਨਿਆਲ, ਜਗਜੀਤ ਸਿੰਘ ਮਿਰਜਾਪੁਰ, ਗੁਰਮੀਤ ਸਿੰਘ ਖਾਲਸਾ, ਵਨੀਸ਼ ਸ਼ਰਮਾ, ਰਮੇਸ਼ ਕੁਮਾਰ ਭੇਟਾ, ਸਤੀਸ਼ ਕੁਮਾਰ ਟਿੱਬਾ, ਮਨੋਜ ਕੁਮਾਰ ਟਿੱਬਾ, ਰੋਸ਼ਨ ਲਾਲ ਸੈਫਲਾਬਾਦ, ਵਸਣਦੀਪ ਸਿੰਘ ਜੱਜ ਆਦਿ ਅਧਿਆਪਕ ਆਗੂ ਹਾਜ਼ਰ ਸਨ।