ਏਡੀਸੀ ਨੇ ਸੈਲਫ਼ ਇਨਿਊਮਰੇਸ਼ਨ ਪ੍ਰਕਿਰਿਆ ਮੁਕੰਮਲ ਕੀਤੀ ਏ.ਡੀ.ਸੀ. ਨੇ ਸੈਲਫ਼ ਇਨਿਊਮਰੇਸ਼ਨ ਪ੍ਰਕਿਰਿਆ ਮੁਕੰਮਲ ਕੀਤੀ
Publish Date: Mon, 23 Nov 2026 07:20 PM (IST)
Updated Date: Mon, 23 Nov 2026 07:22 PM (IST)
ਅਮਰੀਕ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਜਨਗਣਨਾ 2027 ਤਹਿਤ ਚਲਾਈ ਜਾ ਰਹੀ ਸੈਲਫ਼ ਇਨਿਊਮਰੇਸ਼ਨ (ਸਵੈ-ਗਣਨਾ) ਮੁਹਿੰਮ ਤਹਿਤ ਏ.ਡੀ.ਸੀ. (ਜ) ਕਪੂਰਥਲਾ ਸ੍ਰੀਮਤੀ ਸ਼ਿਖਾ ਭਗਤ ਨੇ ਆਪਣੀ ਸੈਲਫ਼ ਇਨਿਊਮਰੇਸ਼ਨ ਪ੍ਰਕਿਰਿਆ ਮੁਕੰਮਲ ਕੀਤੀ। ਏਡੀਸੀ (ਜ) ਸ਼ਿਖਾ ਭਗਤ ਨੇ ਨਾਗਰਿਕਾਂ ਨੂੰ ਜਨਗਣਨਾ 2027 ਤਹਿਤ ਸੈਲਫ਼ ਇਨਿਊਮਰੇਸ਼ਨ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕਰਦਿਆਂ ਕਿਹਾ ਕਿ ਸੈਲਫ਼ ਇਨਿਊਮਰੇਸ਼ਨ ਰਾਹੀਂ ਲੋਕ ਘਰ ਬੈਠੇ ਹੀ ਆਨਲਾਈਨ se.census.gov.in ‘ਤੇ ਜਾ ਕੇ ਆਪਣੀ ਜਾਣਕਾਰੀ ਦਰਜ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਇਹ ਪ੍ਰਕਿਰਿਆ ਸਰਲ ਤੇ ਸੁਵਿਧਾਜਨਕ ਹੈ, ਇਸ ਲਈ ਹਰੇਕ ਨਾਗਰਿਕ 30 ਨਵੰਬਰ ਤੱਕ ਇਸ ਸਹੂਲਤ ਦਾ ਲਾਭ ਉਠਾਉਂਦਿਆਂ ਜਨਗਣਨਾ ਦੇ ਮਹੱਤਵਪੂਰਨ ਕਾਰਜ ਵਿੱਚ ਆਪਣਾ ਯੋਗਦਾਨ ਪਾਵੇ। ਉਨ੍ਹਾਂ ਦੱਸਿਆ ਕਿ ਜਨਗਣਨਾ ਤੋਂ ਪ੍ਰਾਪਤ ਅੰਕੜੇ ਦੇਸ਼ ਦੇ ਸਮੁੱਚੇ ਵਿਕਾਸ ਤੇ ਭਵਿੱਖੀ ਲੋਕ-ਭਲਾਈ ਸਕੀਮਾਂ ਦੀ ਸਹੀ ਯੋਜਨਾਬੰਦੀ ਲਈ ਬੇਹੱਦ ਜ਼ਰੂਰੀ ਹੁੰਦੇ ਹਨ। ਉਨ੍ਹਾਂ ਨਾਗਰਿਕਾਂ ਨੂੰ ਭਰੋਸਾ ਦਿਵਾਇਆ ਕਿ ਪੋਰਟਲ ਤੇ ਦਰਜ ਕੀਤੀ ਜਾਣ ਵਾਲੀ ਹਰ ਜਾਣਕਾਰੀ ਪੂਰੀ ਤਰ੍ਹਾਂ ਸੁਰੱਖਿਅਤ ਤੇ ਗੁਪਤ ਰਹੇਗੀ। ਇਸ ਦੇ ਨਾਲ ਹੀ ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਰਿਵਾਰ ਦੇ ਬਜ਼ੁਰਗਾਂ ਤੇ ਆਂਢ-ਗੁਆਂਢ ਦੇ ਲੋਕਾਂ ਨੂੰ ਇਹ ਆਨਲਾਈਨ ਫਾਰਮ ਭਰਨ ਵਿੱਚ ਸਹਿਯੋਗ ਦੇਣ। ਇਸ ਮੌਕੇ ਜ਼ਿਲ੍ਹਾ ਟੀਮ ਵੱਲੋਂ ਜ਼ਿਲ੍ਹਾ ਮਾਸਟਰ ਟ੍ਰੇਨਰ ਦਵਿੰਦਰ ਸਿੰਘ ਵਾਲੀਆ, ਕ੍ਰਿਸ਼ਨ ਕੁਮਾਰ ਤੇ ਰੇਖਾ ਸ਼ਰਮਾ ਨੇ ਉਨ੍ਹਾਂ ਨੂੰ ਸੈਲਫ਼ ਇਨਿਊਮਰੇਸ਼ਨ ਦੀ ਪ੍ਰਕਿਰਿਆ ਪੂਰੀ ਕਰਨ ਵਿੱਚ ਸਹਿਯੋਗ ਦਿੱਤਾ।