ਨਵੀਂ ਪੀੜ੍ਹੀ ਨੂੰ ਵੰਡ ਦੇ ਦਰਦ ਬਾਰੇ ਦੱਸਿਆ ਵੰਡ ਦੇ ਦਰਦ ਦੇ ਯਾਦਗਾਰ ਦਿਹਾੜੇ ਕਰਵਾਈਆਂ ਗਈਆਂ ਗਤੀਵਿਧੀਆਂ
Publish Date: Fri, 14 Aug 2026 06:43 PM (IST)
Updated Date: Fri, 14 Aug 2026 06:44 PM (IST)
ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਮੋਹਨ ਲਾਲ ਉੱਪਲ ਡੀਏਵੀ ਕਾਲਜ ਫਗਵਾੜਾ ਵਿਖੇ ਉੱਚ-ਸਿੱਖਿਆ ਵਿਭਾਗ ਪੰਜਾਬ ਤੇ ਭਾਰਤ ਸਰਕਾਰ ਦੇ ਸੱਭਿਆਚਾਰ ਮੰਤਰਾਲੇ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ (ਵੰਡ ਦੇ ਦਰਦ ਦਾ ਯਾਦਗਾਰੀ ਦਿਹਾੜਾ) ਸ਼ਰਧਾ ਤੇ ਗੰਭੀਰਤਾ ਨਾਲ ਮਨਾਇਆ ਗਿਆ। ਇਸ ਦਿਹਾੜੇ ਦਾ ਉਦੇਸ਼ ਸਿਰਫ਼ ਦੇਸ਼ ਦੀ ਵੰਡ ਦੇ ਦਰਦਨਾਕ ਇਤਿਹਾਸ ਨੂੰ ਯਾਦ ਕਰਨਾ ਹੀ ਨਹੀਂ, ਸਗੋਂ ਨਵੀਂ ਪੀੜ੍ਹੀ ਨੂੰ ਉਸ ਸਮੇਂ ਦੇ ਹਾਲਾਤਾਂ, ਲੋਕਾਂ ਵੱਲੋਂ ਹੰਢਾਏ ਗਏ ਦੁੱਖਾਂ ਤੇ ਉਨ੍ਹਾਂ ਦੇ ਸੰਘਰਸ਼ਾਂ ਤੋਂ ਜਾਣੂ ਕਰਵਾਉਣਾ ਵੀ ਹੈ। ਇਸੇ ਉਦੇਸ਼ ਤਹਿਤ ਕਾਲਜ ਵੱਲੋਂ ਵਿਦਿਆਰਥੀਆਂ ਨੂੰ ਇਤਿਹਾਸ ਦੇ ਇਸ ਮਹੱਤਵਪੂਰਨ ਅਧਿਆਏ ਨਾਲ ਜੋੜਨ ਲਈ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ। ਇਨ੍ਹਾਂ ਗਤੀਵਿਧੀਆਂ ਰਾਹੀਂ ਵਿਦਿਆਰਥੀਆਂ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਤੇ ਵੰਡ ਨਾਲ ਜੁੜੀਆਂ ਇਤਿਹਾਸਕ ਘਟਨਾਵਾਂ ਨੂੰ ਸਮਝਣ ਦਾ ਮੌਕਾ ਪ੍ਰਦਾਨ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਡਾ. ਕਿਰਨਜੀਤ ਰੰਧਾਵਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਤਿਹਾਸ ਨੂੰ ਯਾਦ ਕਰਨਾ ਸਾਨੂੰ ਆਪਣੇ ਅਤੀਤ ਨੂੰ ਸਮਝਣ ਦੇ ਨਾਲ-ਨਾਲ ਵਰਤਮਾਨ ਤੇ ਭਵਿੱਖ ਪ੍ਰਤੀ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਵੀ ਕਰਵਾਉਂਦਾ ਹੈ। ਇਸ ਦਿਹਾੜੇ ਨੂੰ ਸਮਰਪਿਤ ਕਾਲਜ ਵਿਖੇ ਵਿਦਿਆਰਥੀਆਂ ਲਈ ਵੱਖ-ਵੱਖ ਸਿੱਖਿਆਦਾਇਕ ਤੇ ਸਿਰਜਣਾਤਮਕ ਵਿਸ਼ੇ’ਤੇ ਵਿਸ਼ੇਸ਼ ਲੈਕਚਰ, ਸੈਮੀਨਾਰ ਤੇ ਵਿਚਾਰ-ਚਰਚਾ ਕਰਵਾਈ ਗਈ। ਇਸ ਦੇ ਨਾਲ ਹੀ ਪੇਂਟਿੰਗ, ਪੋਸਟਰ ਮੇਕਿੰਗ ਤੇ ਲੇਖ ਰਚਨਾ ਮੁਕਾਬਲੇ ਵੀ ਆਯੋਜਿਤ ਕੀਤੇ ਗਏ। ਵਿਦਿਆਰਥੀਆਂ ਨੇ ਆਪਣੀ ਕਲਾ ਤੇ ਸਿਰਜਣਾਤਮਕਤਾ ਰਾਹੀਂ 47 ਦੀ ਵੰਡ ਨਾਲ ਜੁੜੇ ਦਰਦ ਵਿਛੋੜੇ, ਸੰਘਰਸ਼ ਤੇ ਉਸ ਸਮੇਂ ਦੇ ਹਾਲਾਤਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ। ਇਸ ਤੋਂ ਇਲਾਵਾ ਸਰਕਾਰ ਵੱਲੋਂ ਤਿਆਰ ਕੀਤੀ ਡਿਜੀਟਲ ਪ੍ਰਦਰਸ਼ਨੀ ਤੇ ਦਸਤਾਵੇਜ਼ੀ (ਡਾਕੂਮੈਂਟਰੀ) ਫ਼ਿਲਮ ਵੀ ਵਿਦਿਆਰਥੀਆਂ ਨੂੰ ਦਿਖਾਈ ਗਈ। ਅੰਤ ਵਿੱਚ ਪ੍ਰਿੰਸੀਪਲ ਡਾ. ਰੰਧਾਵਾ ਵੱਲੋਂ ਪੋਸਟਰ ਮੇਕਿੰਗ, ਪੇਂਟਿੰਗ ਤੇ ਲੇਖ ਰਚਨਾ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਦੇ ਉੱਦਮ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਦੀ ਵਿਸ਼ੇਸ਼ ਹੌਂਸਲਾ ਅਫ਼ਜਾਈ ਕੀਤੀ। ਇਸ ਮੌਕੇ ਕਾਲਜ ਦਾ ਸਮੂਹ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ।