ਬਾਰ ਐਸੋਸੀਏਸ਼ਨ ਚੋਣਾਂ ’ਚ ਸਰਗਰਮੀਆਂ ਤੇਜ਼ ਬਾਰ ਐਸੋਸੀਏਸ਼ਨ ਚੋਣਾਂ ’ਚ ਸਰਗਰਮੀਆਂ ਤੇਜ਼:
Publish Date: Sat, 05 Sep 2026 08:47 PM (IST)
Updated Date: Sat, 05 Sep 2026 08:49 PM (IST)
ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ : ਬਾਰ ਐਸੋਸੀਏਸ਼ਨ ਫਗਵਾੜਾ ਦੀਆਂ ਆਗਾਮੀ ਚੋਣਾਂ ਨੂੰ ਲੈ ਕੇ ਕਚਹਿਰੀ ਕੰਪਲੈਕਸ ਵਿੱਚ ਚੋਣ ਸਰਗਰਮੀਆਂ ਤੇਜ਼ ਹੋ ਗਈਆਂ ਹਨ, ਜਿਸ ਤਹਿਤ ਲਗਾਤਾਰ ਦੋ ਵਾਰ ਜਨਰਲ ਸਕੱਤਰ ਰਹਿ ਚੁੱਕੀ ਐਡਵੋਕੇਟ ਧਨਦੀਪ ਕੌਰ ਨੇ ਵਿਕਾਸ ਤੇ ਭਲਾਈ ਦੇ ਏਜੰਡੇ ਨਾਲ ਆਪਣੀ ਦਾਅਵੇਦਾਰੀ ਪੇਸ਼ ਕੀਤੀ ਹੈ। ਚੋਣ ਚਰਚਾ ਦੌਰਾਨ ਐਡਵੋਕੇਟ ਧਨਦੀਪ ਕੌਰ ਨੇ ਦੱਸਿਆ ਕਿ ਸਾਲ 2016 ਤੋਂ ਬਾਰ ਦੀ ਨਿਰੰਤਰ ਸੇਵਾ ਕਰਦਿਆਂ ਉਨ੍ਹਾਂ ਨੂੰ ਪਹਿਲਾਂ ਦੋ ਵਾਰ ਐਗਜ਼ੈਕਟਿਵ ਮੈਂਬਰ, ਫਿਰ ਸਰਬਸੰਮਤੀ ਨਾਲ ਫਾਇਨਾਂਸ ਸਕੱਤਰ ਤੇ ਜੁਆਇੰਟ ਸਕੱਤਰ ਵਜੋਂ ਸੇਵਾ ਕਰਨ ਦਾ ਮੌਕਾ ਮਿਲਿਆ। ਇਸ ਮਗਰੋਂ ਵਕੀਲ ਭਾਈਚਾਰੇ ਦੇ ਭਰੋਸੇ ਸਦਕਾ ਉਹ ਸਾਲ 2023 ਤੋਂ ਲਗਾਤਾਰ ਦੋ ਵਾਰ ਜਨਰਲ ਸਕੱਤਰ ਦੇ ਅਹੁਦੇ ’ਤੇ ਰਹਿ ਕੇ ਬਾਰ ਦੇ ਵਿਕਾਸ ਕਾਰਜਾਂ ਨੂੰ ਅੱਗੇ ਵਧਾਉਂਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਕਾਰਜਕਾਲ ਦੌਰਾਨ ਮਹਿਲਾ ਵਕੀਲਾਂ ਲਈ ਵੱਖਰੇ ਤੌਰ ’ਤੇ ਆਧੁਨਿਕ ਫਰਨੀਚਰ ਵਾਲੇ ਲੇਡੀਜ਼ ਬਾਰ ਰੂਮ ਦਾ ਨਿਰਮਾਣ, ਕਾਮਨ ਬਾਰ ਰੂਮ ਨੇੜੇ ਇੰਟਰਲਾਕਿੰਗ ਟਾਈਲ ਸੜਕ, ਨਵੀਂ ਸੀਵਰੇਜ ਪ੍ਰਣਾਲੀ, ਐੱਲਏਡੀਸੀ ਸਿਸਟਮ ਦੇ ਵਿਰੋਧ ’ਚ ਵਕੀਲਾਂ ਦੇ ਹਿੱਤਾਂ ਦੀ ਪੈਰਵੀ ਤੇ ਐਕਸ਼ਨ ਪਲਾਨ ਕੇਸਾਂ ਦੀ ਗਿਣਤੀ 160 ਤੋਂ ਘਟਾ ਕੇ 120 ’ਤੇ ਲਿਆਉਣ ਵਿੱਚ ਸਰਗਰਮ ਭੂਮਿਕਾ ਨਿਭਾਈ ਗਈ। ਭਵਿੱਖ ਦੀਆਂ ਯੋਜਨਾਵਾਂ ਸਾਂਝੀਆਂ ਕਰਦਿਆਂ ਉਨ੍ਹਾਂ ਆਖਿਆ ਕਿ ਇਸ ਵਾਰ ਉਨ੍ਹਾਂ ਦੀ ਮੁੱਖ ਤਰਜੀਹ ਨੌਜਵਾਨ ਵਕੀਲਾਂ ਲਈ ਨਵੇਂ ਚੈਂਬਰਾਂ ਦਾ ਪ੍ਰਬੰਧ ਕਰਨਾ, ਮਹਿਲਾ ਤੇ ਪੁਰਸ਼ ਵਕੀਲਾਂ ਲਈ ਆਧੁਨਿਕ ਵਾਸ਼ਰੂਮ, ਪੀਣ ਵਾਲੇ ਸਾਫ਼ ਪਾਣੀ ਦੀ ਵਿਵਸਥਾ ਤੇ ਬਾਰ ਰੂਮ ਵਿੱਚ ਸ਼ਾਂਤਮਈ ਤੇ ਸਨਮਾਨਜਨਕ ਮਾਹੌਲ ਕਾਇਮ ਰੱਖਣਾ ਸ਼ਾਮਲ ਹੈ। ਉਨ੍ਹਾਂ ਸਮੂਹ ਸੀਨੀਅਰ ਤੇ ਨੌਜਵਾਨ ਵਕੀਲ ਸਾਥੀਆਂ ਨੂੰ ਅਪੀਲ ਕੀਤੀ ਕਿ ਬਾਰ ਦੀ ਮਜ਼ਬੂਤੀ, ਏਕਤਾ ਤੇ ਨਿਰੰਤਰ ਵਿਕਾਸ ਲਈ ਉਨ੍ਹਾਂ ਨੂੰ ਆਪਣੀ ਕੀਮਤੀ ਵੋਟ ਤੇ ਸਮਰਥਨ ਦੇ ਕੇ ਸੇਵਾ ਦਾ ਮੌਕਾ ਬਖ਼ਸ਼ਣ।