ਚਿਰਾਗ ਪਾਸਵਾਨ ਨੇ ਮਹਿਲਾ ਕਮਿਸ਼ਨ ਤੇ ਮੁੱਖ ਮੰਤਰੀ ਨੂੰ ਪੁਲਿਸ ’ਤੇ ਕਾਰਵਾਈ ਕਰਨ ਲਈ ਭੇਜਿਆ ਲਿਖਤੀ ਪੱਤਰ ਗਹਿਰੀਵਾਲਾ ਦੀ ਸਿਫਾਰਿਸ਼ ਤੇ ਚਿਰਾਗ ਪਾਸਵਾਨ ਨੇ ਮਹਿਲਾ ਅਯੋਗ ਤੇ ਮੁੱਖ ਮੰਤਰੀ ਨੂੰ ਪੁਲਿਸ ਤੇ ਕਾਰਵਾਈ ਕਰਨ ਲਈ ਭੇਜਿਆ ਲਿਖਤੀ ਪੱਤਰ
Publish Date: Wed, 29 Jul 2026 07:54 PM (IST)
Updated Date: Wed, 29 Jul 2026 07:55 PM (IST)
ਪੰਜਾਬ ’ਚ ਐੱਲਜੇਪੀ ਸੀਐੱਮ ਦਾ ਚਿਹਰਾ ਦੇ ਕੇ ਵਿਧਾਨ ਸਭਾ ਦੀਆਂ ਚੋਣਾਂ ਲੜੇਗੀ : ਗਹਿਰੀਵਾਲਾ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਸੂਬੇ ਦੀ ਮਾਨ ਸਰਕਾਰ ਵੱਲੋਂ ਪੁਲਿਸ ਪ੍ਰਸ਼ਾਸਨ ਹੱਥੋਂ ਆਪਣੇ ਜਾਇਜ਼ ਹੱਕਾਂ ਲਈ ਰੋਸ ਪ੍ਰਦਰਸ਼ਨ ਕਰ ਰਹੀਆਂ ਮਹਿਲਾ ਸਫ਼ਾਈ ਸੇਵਕ ਮੁਲਾਜ਼ਮਾਂ ਦੇ ਸਿਰਾਂ ਵਿੱਚ ਡੰਡੇ ਮਰਵਾ ਕੇ ਉਨ੍ਹਾਂ ਨੂੰ ਲਹੂ-ਲੁਹਾਣ ਕਰਨ ਦੇ ਤਿੱਖੇ ਵਿਰੋਧ ਵਿੱਚ ਅੱਜ ਲੋਕ ਜਨ ਸ਼ਕਤੀ ਪਾਰਟੀ ਰਾਮ ਬਿਲਾਸ ਪੰਜਾਬ ਦੇ ਸੀਨੀਅਰ ਸਰਗਰਮ ਮੀਡੀਆ ਇੰਚਾਰਜ ਚੌਧਰੀ ਰਾਜੇਸ਼ ਕੁਮਾਰ ਗਹਿਰੀਵਾਲਾ ਸੀਨੀਅਰ ਉਪ ਪ੍ਰਧਾਨ ਆਲ ਇੰਡੀਆ ਗ੍ਰਾਮ ਸਭਾ ਵਿਕਾਸ ਕਮੇਟੀ ਪੰਜਾਬ ਪ੍ਰਦੇਸ਼ ਨੇ ਦਿੱਲੀ ਸਥਿਤ ਆਪਣੀ ਪਾਰਟੀ ਦੇ ਸੁਪਰੀਮੋ ਅਤੇ ਭਾਰਤ ਸਰਕਾਰ ਦੇ ਕੈਬਨਿਟ ਮੰਤਰੀ ਚਿਰਾਗ ਪਾਸਵਾਨ ਨਾਲ ਵਿਸ਼ੇਸ਼ ਮੁਲਾਕਾਤ ਕਰ ਕੇ ਪੰਜਾਬ ਅੰਦਰ ਚੱਲ ਰਹੇ ਗੁੰਡਾਗਰਦੀ ਦੇ ਨੰਗੇ ਨਾਚ ਨੂੰ ਰੋਕਣ ਦੀ ਗੁਹਾਰ ਲਗਾਈ ਹੈ। ਪੰਜਾਬ ਤੋਂ ਵਿਸ਼ੇਸ਼ ਵਫਦ ਲੈ ਕੇ ਦਿੱਲੀ ਪਹੁੰਚੇ ਚੌਧਰੀ ਰਾਜੇਸ਼ ਕੁਮਾਰ ਗਹਿਰੀਵਾਲਾ ਨੇ ਚਿਰਾਗ ਪਾਸਵਾਨ ਨੂੰ ਇੱਕ ਵਿਸ਼ੇਸ਼ ਲਿਖਤੀ ਮੰਗ ਪੱਤਰ ਸੌਂਪਦੇ ਹੋਏ ਜਾਣੂ ਕਰਵਾਇਆ ਕਿ ਅੱਜ ਪੰਜਾਬ ਦੇ ਹਾਲਾਤ ਬਹੁਤ ਜ਼ਿਆਦਾ ਵਿਗੜ ਚੁੱਕੇ ਹਨ ਅਤੇ ਪੁਲਿਸ ਜਾਨਵਰਾਂ ਵਾਂਗ ਪੰਜਾਬ ਦੀ ਧਰਤੀ ’ਤੇ ਹੀ ਪੰਜਾਬ ਦੀਆਂ ਜੱਗ ਜਨਣੀਆਂ ਨੂੰ ਆਪਣੇ ਜਾਇਜ਼ ਹੱਕ ਮੰਗਣ ਤੋਂ ਰੋਕਣ ਲਈ ਸਰਕਾਰ ਦੇ ਇਸ਼ਾਰੇ ਉੱਤੇ ਪੰਜਾਬ ਪੁਲਿਸ ਸ਼ਰੇਆਮ ਲਾਠੀਆਂ ਵਰ੍ਹਾ ਕੇ ਪੰਜਾਬ ਦੇ ਲੋਕਾਂ ਦੀ ਆਵਾਜ਼ ਦੱਬ ਕੇ ਲੋਕਤੰਤਰ ਦੀ ਹੱਤਿਆ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਜਿਸ ਨੂੰ ਪੰਜਾਬ ਦੇ ਲੋਕ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕਰਨਗੇ। ਪੰਜਾਬ ਦੇ ਮਾੜੇ ਹਾਲਾਤਾਂ ਬਾਰੇ ਚੰਗੀ ਤਰ੍ਹਾਂ ਜਾਣੂ ਹੋਣ ਤੋਂ ਬਾਅਦ ਤੁਰੰਤ ਸਖਤ ਐਕਸ਼ਨ ਲੈਂਦੇ ਹੋਏ ਚਿਰਾਗ ਪਾਸਵਾਨ ਨੇ ਕੌਮੀ ਮਹਿਲਾ ਕਮਿਸ਼ਨ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇੱਕ ਲਿਖਤੀ ਪੱਤਰ ਭੇਜਦੇ ਹੋਏ ਤੁਰੰਤ ਦੋਸ਼ੀ ਪੁਲਿਸ ਮੁਲਾਜ਼ਮਾਂ ’ਤੇ ਕਾਰਵਾਈ ਕਰਨ ਲਈ ਕਿਹਾ ਹੈ ਤਾਂ ਜੋ ਅੱਗੇ ਤੋਂ ਕੋਈ ਵੀ ਪੰਜਾਬ ਦੀਆਂ ਮਾਵਾਂ-ਭੈਣਾਂ ’ਤੇ ਲਾਠੀਆਂ ਵਰ੍ਹਾ ਕੇ ਉਹਨਾਂ ਨੂੰ ਲਹੂ-ਲੁਹਾਣ ਕਰਨਾ ਤਾਂ ਦੂਰ ਦੀ ਗੱਲ, ਅਜਿਹੀ ਮਾਰੂ ਸੋਚ ਬਾਰੇ ਸੋਚ ਵੀ ਨਾ ਸਕੇ। ਕੈਬਨਿਟ ਮੰਤਰੀ ਚਿਰਾਗ ਪਾਸਵਾਨ ਨੇ ਆਪਣੇ ਪੰਜਾਬ ਦੇ ਸਰਗਰਮ ਆਗੂ ਚੌਧਰੀ ਰਾਜੇਸ਼ ਕੁਮਾਰ ਗਹਿਰੀਵਾਲਾ ਤੋਂ ਜ਼ਮੀਨੀ ਪੱਧਰ ’ਤੇ ਰਿਪੋਰਟ ਲੈਣ ਤੋਂ ਬਾਅਦ ਕਿਹਾ ਕਿ ਜਲਦੀ ਹੀ ਉਹ ਪੰਜਾਬ ਨੂੰ ਇੱਕ ਖੁਸ਼ਹਾਲ ਸੂਬਾ ਬਣਾਉਣ ਲਈ ਪਾਰਟੀ ਵੱਲੋਂ ਸ਼ੁਰੂ ਕੀਤੀ ਗਈ ‘ਪੰਜਾਬ ਫਸਟ ਪੰਜਾਬੀ ਫਸਟ’ ਬਣਾਉਣ ਦੀ ਮੁਹਿੰਮ ਤਹਿਤ ਪੰਜਾਬ ਅਤੇ ਪੰਜਾਬੀਅਤ ਦੀ ਪਹਿਰੇਦਾਰੀ ਕਰਨ ਵਾਲੇ ਕਿਸੇ ਪੰਜਾਬੀ ਨੂੰ ਲੋਕ ਜਨ ਸ਼ਕਤੀ ਪਾਰਟੀ ਰਾਮ ਬਿਲਾਸ ਵੱਲੋਂ ਮੁੱਖ ਮੰਤਰੀ ਚਿਹਰੇ ਦਾ ਐਲਾਨ ਕਰ ਕੇ ਪੰਜਾਬ ਵਿਧਾਨ ਸਭਾ ਦੀਆਂ 117 ਸੀਟਾਂ ’ਤੇ ਆਪਣੇ ਬਲਬੂਤੇ ’ਤੇ ਚੋਣਾਂ ਲੜੀਆਂ ਜਾ ਰਹੀਆਂ ਹਨ । ਅੰਤ ਵਿੱਚ ਗਹਿਰੀਵਾਲਾ ਨੇ ਦਿੱਲੀ ਜੰਤਰ-ਮੰਤਰ ’ਤੇ ਨੀਟ ਦੇ ਪੇਪਰ ਲੀਕ ਹੋਣ ਦੇ ਰੋਸ ਵਜੋਂ ਪ੍ਰਦਰਸ਼ਨ ਕਰ ਰਹੇ ਦੇਸ਼ ਦਾ ਭਵਿੱਖ ਲੱਖਾਂ ਵਿਦਿਆਰਥੀਆਂ ਦੀ ਆਵਾਜ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਕਾਰ ਤੱਕ ਪਹੁੰਚਾ ਕੇ ਵਿਦਿਆਰਥੀਆਂ ਅਤੇ ਸਰਕਾਰ ਦਾ ਸਿੱਧਾ ਰਾਬਤਾ ਕਰਵਾ ਕੇ ਜੋ ਦੇਸ਼ ਦੇ ਵਿਦਿਆਰਥੀਆਂ ਦੀ ਮਦਦ ਕੀਤੀ ਹੈ, ਉਸ ਲਈ ਲੋਕ ਜਨ ਸ਼ਕਤੀ ਪਾਰਟੀ ਰਾਮ ਬਿਲਾਸ ਸਮੁੱਚੀ ਪੰਜਾਬ ਲੀਡਰਸ਼ਿਪ ਨੇ ਚਿਰਾਗ ਪਾਸਵਾਨ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ। ਇਸ ਮੌਕੇ ਚਿਰਾਗ ਪਾਸਵਾਨ ਨੇ ਪੰਜਾਬ ਤੋਂ ਆਏ ਵਫਦ ਨੂੰ ਭਰੋਸਾ ਦਿਵਾਇਆ ਕਿ ਉਹ ਪੰਜਾਬ ਅੰਦਰ ਪੂਰੀ ਤਰ੍ਹਾਂ ਵਿਗੜ ਚੁੱਕੇ ਹਾਲਾਤ ਨੂੰ ਸੁਧਾਰਨ ਲਈ ਕੋਈ ਵੀ ਕਸਰ ਬਾਕੀ ਨਹੀਂ ਛੱਡਣਗੇ ਤੇ ਜਲਦ ਹੀ ਉਹ ਪੰਜਾਬ ਦੇ ਲੁਧਿਆਣਾ ਸ਼ਹਿਰ ਵਿੱਚ ਵਪਾਰੀਆਂ ਦੀਆਂ ਸਮੱਸਿਆਵਾਂ ਸੁਣਨ ਲਈ ਆ ਰਹੇ ਹਨ, ਜਿੱਥੇ ਉਹ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਸੀਨੀਅਰ ਪੁਲਿਸ ਅਧਿਕਾਰੀਆਂ ਨਾਲ ਬੈਠਕ ਕਰਨਗੇ। ਇਸ ਮੌਕੇ ਉਨ੍ਹਾਂ ਨਾਲ ਬਲਾਕ ਪ੍ਰਧਾਨ ਰਜਿੰਦਰ ਸਿੰਘ ਰਾਜੂ, ਜਨਰਲ ਸੈਕਟਰੀ ਅਸ਼ੋਕ ਗੋਇਲ ਵਿੱਕੀ, ਸੁਖਵਿੰਦਰ ਸਿੰਘ ਕਾਲੀਕੇ ਪ੍ਰਧਾਨ ਐੱਸਸੀ ਵਿੰਗ ਪੰਜਾਬ ਵਿਸ਼ੇਸ਼ ਤੌਰ ’ਤੇ ਮੌਜੂਦ ਸਨ।