ਤੇਲ ਦੇ ਪੈਸੇ ਮੰਗਣ ’ਤੇ ਭੜਕੇ ਨੌਜਵਾਨ, ਕੀਤਾ ਜਾਨਲੇਵਾ ਹਮਲਾ ਦਿਨ-ਦਿਹਾੜੇ ਪੈਟਰੋਲ ਪੰਪ ਦੇ ਕਰਿੰਦਿਆਂ ’ਤੇ ਕਥਿਤ ਜਾਨਲੇਵਾ ਹਮਲਾ ਕਰਨ ਦੇ ਦੋਸ਼
Publish Date: Mon, 19 Oct 2026 09:39 PM (IST)
Updated Date: Mon, 19 Oct 2026 09:42 PM (IST)
ਪੈਟਰੋਲ ਪੰਪ ਦਾ ਇੱਕ ਕਰਿੰਦਾ ਜ਼ਖ਼ਮੀ ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਇਤਿਹਾਸਕ ਸ਼ਹਿਰ ਸੁਲਤਾਨਪੁਰ ਲੋਧੀ ਵਿੱਚ ਦਿਨ-ਦਿਹਾੜੇ ਕਥਿਤ ਗੁੰਡਾਗਰਦੀ ਦੀ ਅਜਿਹੀ ਘਟਨਾ ਸਾਹਮਣੇ ਆਈ ਹੈ, ਜਿਸ ਨੇ ਆਮ ਲੋਕਾਂ ਤੇ ਕਾਰੋਬਾਰੀਆਂ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਸੁਲਤਾਨਪੁਰ ਲੋਧੀ ਦੀ ਦਾਣਾ ਮੰਡੀ ਨੇੜੇ ਸਥਿਤ ਮਾਲਵਾ ਫਿਲਿੰਗ ਸਟੇਸ਼ਨ ’ਤੇ ਤੇਲ ਦੇ ਪੈਸੇ ਮੰਗਣ ਤੋਂ ਸ਼ੁਰੂ ਹੋਇਆ ਵਿਵਾਦ ਕਥਿਤ ਤੌਰ ’ਤੇ ਹਿੰਸਕ ਰੂਪ ਧਾਰਨ ਕਰ ਗਿਆ। ਪੈਟਰੋਲ ਪੰਪ ਮਾਲਕਾਂ ਅਨੁਸਾਰ, ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋ ਕੇ ਪਹੁੰਚੇ 5 ਤੋਂ 7 ਨੌਜਵਾਨਾਂ ਨੇ ਪੰਪ ਦੇ ਕਰਿੰਦਿਆਂ ’ਤੇ ਜਾਨਲੇਵਾ ਹਮਲਾ ਕਰ ਦਿੱਤਾ ਤੇ ਪੈਸੇ ਖੋਹਣ ਦੀ ਵੀ ਕੋਸ਼ਿਸ਼ ਕੀਤੀ। ਪੈਟਰੋਲ ਪੰਪ ਦੇ ਮਾਲਕ ਸੁਰਿੰਦਰ ਸਿੰਘ ਤੇ ਮੈਨੇਜਰ ਸੰਨੀ ਨੇ ਦੱਸਿਆ ਕਿ ਦੋ ਨੌਜਵਾਨ ਪੰਪ ’ਤੇ ਤੇਲ ਪਵਾਉਣ ਆਏ ਸਨ। ਤੇਲ ਪਾਉਣ ਤੋਂ ਬਾਅਦ ਜਦੋਂ ਕਰਿੰਦਿਆਂ ਨੇ ਪੈਸਿਆਂ ਦੀ ਮੰਗ ਕੀਤੀ ਤਾਂ ਕਥਿਤ ਤੌਰ ’ਤੇ ਤਕਰਾਰ ਹੋ ਗਈ ਤੇ ਧਮਕੀਆਂ ਦਿੱਤੀਆਂ ਗਈਆਂ। ਪੰਪ ਮਾਲਕਾਂ ਦਾ ਦੋਸ਼ ਹੈ ਕਿ ਕੁਝ ਸਮੇਂ ਬਾਅਦ ਇੱਕ ਗੱਡੀ ਵਿੱਚ ਸਵਾਰ ਹੋ ਕੇ 5 ਤੋਂ 7 ਨੌਜਵਾਨ ਪੰਪ ’ਤੇ ਪਹੁੰਚੇ। ਇਨ੍ਹਾਂ ਨੌਜਵਾਨਾਂ ਕੋਲ ਤੇਜ਼ਧਾਰ ਹਥਿਆਰ ਸਨ ਤੇ ਉਨ੍ਹਾਂ ਨੇ ਕਰਿੰਦਿਆਂ ਨਾਲ ਕੁੱਟਮਾਰ ਕੀਤੀ। ਪੰਪ ਮਾਲਕਾਂ ਨੇ ਇਹ ਵੀ ਦੋਸ਼ ਲਗਾਇਆ ਕਿ ਉਨ੍ਹਾਂ ’ਤੇ ਮੁਫ਼ਤ ਤੇਲ ਪਾਉਣ ਲਈ ਦਬਾਅ ਬਣਾਇਆ ਗਿਆ ਸੀ ਤੇ ਬਾਅਦ ਵਿੱਚ ਪੈਸੇ ਖੋਹਣ ਦੀ ਵੀ ਕੋਸ਼ਿਸ਼ ਕੀਤੀ ਗਈ। ਕਥਿਤ ਹਮਲੇ ਦੌਰਾਨ ਕਰਿੰਦਾ ਰਣਜੀਤ ਬਾਬੂ ਜ਼ਖ਼ਮੀ ਹੋ ਗਿਆ। ਉਸ ਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਪਹੁੰਚਾਇਆ ਗਿਆ। ਪੰਪ ਮਾਲਕਾਂ ਦਾ ਕਹਿਣਾ ਹੈ ਕਿ ਇਹ ਸਾਰੀ ਘਟਨਾ ਪੈਟਰੋਲ ਪੰਪ ’ਤੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ।