ਸਬਜ਼ੀ ਵੇਚਣ ਵਾਲੇ ਤੋਂ 13 ਗ੍ਰਾਮ ਗਾਂਜਾ ਬਰਾਮਦ ਭੁਲੱਥ ’ਚ ਸਬਜ਼ੀ ਵੇਚਣ ਦੀ ਆੜ ’ਚ ਗਾਂਜਾ ਵੇਚਣ ਦਾ ਦੋਸ਼
Publish Date: Mon, 21 Sep 2026 09:40 PM (IST)
Updated Date: Mon, 21 Sep 2026 09:41 PM (IST)
- -ਲੋਕਾਂ ਨੇ ਨੌਜਵਾਨ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕੀਤਾ ਸੁਖਜਿੰਦਰ ਸਿੰਘ ਮੁਲਤਾਨੀ, ਪੰਜਾਬੀ ਜਾਗਰਣ ਭੁਲੱਥ : ਭੁਲੱਥ-ਕਰਤਾਰਪੁਰ ਸੜਕ ’ਤੇ ਸਬਜ਼ੀ ਦਾ ਖੋਖਾ ਲਗਾ ਕੇ ਸਬਜ਼ੀ ਵੇਚਣ ਵਾਲੇ ਇੱਕ ਪ੍ਰਵਾਸੀ ਨੌਜਵਾਨ ਨੂੰ ਕਥਿਤ ਤੌਰ ’ਤੇ ਗਾਂਜਾ ਵੇਚਦੇ ਹੋਏ ਲੋਕਾਂ ਵੱਲੋਂ ਕਾਬੂ ਕਰਕੇ ਪੁਲਿਸ ਦੇ ਹਵਾਲੇ ਕੀਤਾ ਗਿਆ। ਫੜੇ ਗਏ ਨੌਜਵਾਨ ਦੀ ਪਛਾਣ ਸਨੋਜ ਪੋਦਾਰ ਪੁੱਤਰ ਸਤਨ ਪੋਦਾਰ ਵਾਸੀ ਬਿਹਾਰ ਵਜੋਂ ਹੋਈ ਹੈ, ਜੋ ਅੱਜਕੱਲ੍ਹ ਮਹਾਰਾਜਾ ਪੈਲੇਸ ਭੁਲੱਥ ਦੇ ਸਾਹਮਣੇ ਰਹਿ ਰਿਹਾ ਸੀ। ਮਿਲੀ ਜਾਣਕਾਰੀ ਅਨੁਸਾਰ ਤਰਸੇਮ ਲਾਲ ਪੁੱਤਰ ਕਸ਼ਮੀਰ ਲਾਲ ਤੇ ਉਸਦਾ ਦੋਸਤ ਗੁਰਵਿੰਦਰ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਵਾਰਡ ਨੰਬਰ 9 ਭੁਲੱਥ, ਸੈਰ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨੇ ਮਹਾਰਾਜਾ ਪੈਲੇਸ ਦੇ ਖੱਬੇ ਪਾਸੇ ਟੀਨ ਦੀ ਸ਼ੈੱਡ ਹੇਠਾਂ ਲਾਈਟ ਦੀ ਰੋਸ਼ਨੀ ਵਿੱਚ ਇੱਕ ਨੌਜਵਾਨ ਨੂੰ ਬੈਠੇ ਦੇਖਿਆ। ਉਕਤ ਨੌਜਵਾਨ ਦੇ ਆਲੇ-ਦੁਆਲੇ ਕੁਝ ਲੋਕ ਇਕੱਠੇ ਸਨ ਤੇ ਉਹ ਇੱਕ ਮੋਮੀ ਲਿਫ਼ਾਫ਼ੇ ਵਿੱਚੋਂ ਕਥਿਤ ਤੌਰ ’ਤੇ ਕੋਈ ਪਦਾਰਥ ਕੱਢ ਕੇ ਛੋਟੀਆਂ ਪੁੜੀਆਂ ਵਿੱਚ ਪਾ ਕੇ ਲੋਕਾਂ ਨੂੰ ਦੇ ਰਿਹਾ ਸੀ। ਸ਼ੱਕ ਪੈਣ ’ਤੇ ਜਦੋਂ ਤਰਸੇਮ ਲਾਲ ਤੇ ਗੁਰਵਿੰਦਰ ਸਿੰਘ ਨੇ ਨੌਜਵਾਨ ਕੋਲ ਜਾ ਕੇ ਪੁੱਛਗਿੱਛ ਕੀਤੀ ਤਾਂ ਉੱਥੇ ਮੌਜੂਦ ਲੋਕ ਉਥੋਂ ਖਿਸਕ ਗਏ। ਪੁੱਛਗਿੱਛ ਦੌਰਾਨ ਨੌਜਵਾਨ ਨੇ ਕਥਿਤ ਤੌਰ ’ਤੇ ਮੰਨਿਆ ਕਿ ਉਸਦੇ ਕੋਲ ਮੌਜੂਦ ਮੋਮੀ ਲਿਫ਼ਾਫ਼ੇ ਵਿੱਚ ਗਾਂਜਾ ਹੈ ਤੇ ਉਹ ਇਸ ਦੀਆਂ ਪੁੜੀਆਂ ਬਣਾ ਕੇ ਵੇਚ ਰਿਹਾ ਸੀ। ਇਸ ਤੋਂ ਬਾਅਦ ਲੋਕਾਂ ਨੇ ਨੌਜਵਾਨ ਸਨੋਜ ਪੋਦਾਰ ਨੂੰ ਕਾਬੂ ਕਰਕੇ ਉਸਦੇ ਹੱਥ ਵਿੱਚ ਫੜਿਆ ਮੋਮੀ ਲਿਫ਼ਾਫ਼ਾ ਵੀ ਆਪਣੇ ਕਬਜ਼ੇ ਵਿੱਚ ਲੈ ਲਿਆ ਤੇ ਪੁਲਿਸ ਨੂੰ ਸੂਚਿਤ ਕਰਕੇ ਉਸਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਪੁਲਿਸ ਵੱਲੋਂ ਕੀਤੀ ਜਾਂਚ ਦੌਰਾਨ ਉਸ ਕੋਲੋਂ 13 ਗ੍ਰਾਮ ਗਾਂਜਾ ਬਰਾਮਦ ਹੋਣ ਦੀ ਜਾਣਕਾਰੀ ਹੈ। ਭੁਲੱਥ ਪੁਲਿਸ ਵੱਲੋਂ ਉਕਤ ਨੌਜਵਾਨ ਖ਼ਿਲਾਫ਼ ਥਾਣਾ ਭੁਲੱਥ ਵਿਖੇ ਮਾਮਲਾ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।