ਟਰੱਕ ’ਚੋਂ ਡਿੱਗੀ ਬੋਰੀ ਕਾਰਨ ਹੋਇਆ ਹਾਦਸਾ ਓਵਰਲੋਡ ਟਰੱਕ ਕਾਰਨ ਵਾਪਰਿਆ ਹਾਦਸਾ, ਕਾਰ ਦਾ ਹੋਇਆ ਨੁਕਸਾਨ
Publish Date: Sat, 10 Oct 2026 08:18 PM (IST)
Updated Date: Sat, 10 Oct 2026 08:20 PM (IST)
ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਭਾਗੋਅਰਾਈਆਂ ਤੋਂ ਸੁਲਤਾਨਪੁਰ ਲੋਧੀ ਮੁੱਖ ਮਾਰਗ ’ਤੇ ਓਵਰਲੋਡ ਟਰੱਕ ਦੀ ਲਾਪਰਵਾਹੀ ਕਾਰਨ ਇੱਕ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਕਾਰ ਸਵਾਰ ਪੀੜਤ ਨੌਜਵਾਨ ਰਣਜੋਧ ਸਿੰਘ ਪੁੱਤਰ ਤਲਵਿੰਦਰ ਸਿੰਘ ਪਿੰਡ ਭਾਗੋਅਰਾਈਆਂ ਨੇ ਦੱਸਿਆ ਕਿ ਜਦੋਂ ਉਹ ਆਪਣੀ ਕਾਰ ਰਾਹੀਂ ਸੁਲਤਾਨਪੁਰ ਲੋਧੀ ਵੱਲ ਜਾ ਰਿਹਾ ਸੀ ਤਾਂ ਪਿੰਡ ਸ਼ੇਰਪੁਰ ਸੱਧਾ ਵੱਲ ਸ਼ੈਲਰ ਨੂੰ ਜਾ ਰਹੇ ਇੱਕ ਓਵਰਲੋਡ ਟਰੱਕ ਵਿੱਚੋਂ ਅਚਾਨਕ ਬੋਰੀ ਉਸ ਦੀ ਕਾਰ ’ਤੇ ਆ ਡਿੱਗੀ। ਬੋਰੀ ਡਿੱਗਣ ਕਾਰਨ ਕਾਰ ਦਾ ਅਗਲਾ ਤੇ ਸਾਈਡ ਦਾ ਸ਼ੀਸ਼ਾ ਬੁਰੀ ਤਰ੍ਹਾਂ ਟੁੱਟ ਗਿਆ ਤੇ ਕਾਰ ਦਾ ਕਾਫੀ ਨੁਕਸਾਨ ਹੋ ਗਿਆ। ਰਣਜੋਧ ਸਿੰਘ ਨੇ ਦੱਸਿਆ ਕਿ ਪ੍ਰਮਾਤਮਾ ਦੀ ਕ੍ਰਿਪਾ ਨਾਲ ਉਸਦਾ ਜਾਨੀ ਬਚਾਅ ਹੋ ਗਿਆ, ਪਰ ਜੇਕਰ ਉਸ ਥਾਂ ਕੋਈ ਮੋਟਰਸਾਈਕਲ ਸਵਾਰ ਜਾਂ ਪੈਦਲ ਰਾਹਗੀਰ ਹੁੰਦਾ ਤਾਂ ਵੱਡਾ ਜਾਨੀ ਨੁਕਸਾਨ ਹੋ ਸਕਦਾ ਸੀ। ਉਨ੍ਹਾਂ ਦੋਸ਼ ਲਾਇਆ ਕਿ ਟਰੱਕਾਂ ਵਾਲਿਆਂ ਨੇ ਬੋਰੀਆਂ ਨੂੰ ਬੰਨ੍ਹਣ ਲਈ ਕੋਈ ਰੱਸਾ ਤੱਕ ਨਹੀਂ ਪਾਇਆ ਹੋਇਆ ਸੀ। ਇਸ ਤੋਂ ਪਹਿਲਾਂ ਵੀ ਅਜਿਹੇ ਓਵਰਲੋਡ ਟਰੱਕਾਂ ਵੱਲੋਂ ਬਿਜਲੀ ਦੀਆਂ ਤਾਰਾਂ ਖਿੱਚੇ ਜਾਣ ਕਾਰਨ ਪਿੰਡ ਵਿੱਚ ਐੱਲਸੀਡੀ ਤੇ ਗੁਰਦੁਆਰਾ ਸਾਹਿਬ ਦੀਆਂ ਲਾਈਟਾਂ ਸੜ ਕੇ ਭਾਰੀ ਨੁਕਸਾਨ ਹੋ ਚੁੱਕਾ ਹੈ। ਘਟਨਾ ਤੋਂ ਬਾਅਦ ਟਰੱਕ ਚਾਲਕਾਂ ਨੇ ਆਪਣੀ ਪੂਰੀ ਗਲਤੀ ਮੰਨਣ ਦੀ ਬਜਾਏ ਨੁਕਸਾਨ ਦੀ ਅੱਧੀ ਭਰਪਾਈ ਕਰਨ ਦੀ ਗੱਲ ਕਹੀ। ਇਲਾਕਾ ਨਿਵਾਸੀਆਂ ਤੇ ਪੀੜਤ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਨਿਯਮਾਂ ਦੀ ਉਲੰਘਣਾ ਕਰਕੇ ਚੱਲ ਰਹੇ ਇਨ੍ਹਾਂ ਓਵਰਲੋਡ ਟਰੱਕਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।