ਡਡਵਿੰਡੀ ਦੀ ਪੰਚਾਇਤੀ ਜ਼ਮੀਨ ਤੋਂ ਸਫੈਦੇ ਦੇ ਦਰੱਖ਼ਤ ਵੱਢੇ
ਡਡਵਿੰਡੀ ਵਿੱਚ ਪੰਚਾਇਤੀ ਜ਼ਮੀਨ ਤੋਂ ਅਣਪਛਾਤੇ ਵਿਅਕਤੀਆਂ ਵੱਲੋਂ ਲਗਭਗ 50 ਸਫੈਦੇ ਦੇ ਦਰੱਖ਼ਤ ਕੱਟੇ
Publish Date: Mon, 19 Jan 2026 07:37 PM (IST)
Updated Date: Mon, 19 Jan 2026 07:39 PM (IST)
ਪੰਚਾਇਤ ਵੱਲੋਂ ਸ਼ਰਾਰਤੀ ਤੱਤਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਮੰਗ
ਡਡਵਿੰਡੀ : ਪਿਛਲੇ ਦਿਨੀਂ ਪਿੰਡ ਡਡਵਿੰਡੀ ਵਿਚ ਪੰਚਾਇਤੀ ਜ਼ਮੀਨ ਤੋਂ ਅਣਪਛਾਤੇ ਵਿਅਕਤੀਆਂ ਵੱਲੋਂ ਲਗਭਗ 50 ਦੇ ਕਰੀਬ ਸਫੈਦੇ ਦੇ ਦਰੱਖ਼ਤ ਕੱਟ ਕੇ ਪੰਚਾਇਤ ਦੀ ਸੰਪਤੀ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ। ਇਸ ਸਬੰਧੀ ਗ੍ਰਾਮ ਪੰਚਾਇਤ ਡਡਵਿੰਡੀ ਵੱਲੋਂ ਬਲਾਕ ਵਿਕਾਸ ਅਤੇ ਪੰਚਾਇਤ ਅਧਿਕਾਰੀ ਨੂੰ ਸ਼ਿਕਾਇਤ ਦਿੱਤੀ ਗਈ ਹੈ। ਪੰਜਾਬੀ ਜਾਗਰਣ ਨਾਲ ਗੱਲਬਾਤ ਕਰਦਿਆਂ ਸਰਪੰਚ ਸਰਵਣ ਲਾਲ ਡਡਵਿੰਡੀ ਨੇ ਦੱਸਿਆ ਕਿ ਮਿਤੀ 6 ਜਨਵਰੀ ਨੂੰ ਅਣਜਾਣ ਵਿਅਕਤੀਆਂ ਨੇ ਪੰਚਾਇਤੀ ਜ਼ਮੀਨ ’ਤੇ ਲੱਗੇ ਸਫੈਦੇ ਦੇ ਹਰੇ-ਭਰੇ ਦਰੱਖ਼ਤ ਕੱਟ ਕੇ ਖੇਤਾਂ ਵਿਚ ਸੁੱਟ ਦਿੱਤੇ ਸਨ। ਇਸ ਘਟਨਾ ਦੀ ਜਾਣਕਾਰੀ ਉਸ ਸਮੇਂ ਮਿਲੀ ਜਦੋਂ ਪਿੰਡ ਦਾ ਵਸਨੀਕ ਜਸਪਾਲ ਸਿੰਘ ਪੁੱਤਰ ਪਿਆਰਾ ਸਿੰਘ ਸ਼ਾਮ ਕਰੀਬ 4 ਵਜੇ ਆਪਣੀ ਜ਼ਮੀਨ ਦੇਖਣ ਲਈ ਗਿਆ। ਉਸ ਨੇ ਵੇਖਿਆ ਕਿ ਉਸ ਦੀ ਜ਼ਮੀਨ ਨਾਲ ਲੱਗਦੀ ਪੰਚਾਇਤੀ ਜ਼ਮੀਨ ’ਤੇ 50 ਤੋਂ ਵੱਧ ਸਫੈਦੇ ਦੇ ਹਰੇ-ਭਰੇ ਦਰੱਖ਼ਤ ਕੱਟੇ ਹੋਏ ਸਨ। ਇਸ ਮੌਕੇ ਪਿੰਡ ਦੇ ਸਰਪੰਚ ਅਤੇ ਪੰਚਾਇਤ ਮੈਂਬਰਾਂ ਨੇ ਮੌਕੇ ’ਤੇ ਪਹੁੰਚ ਕੇ ਹਾਲਾਤਾਂ ਦਾ ਜਾਇਜ਼ਾ ਲਿਆ। ਘਟਨਾ ਦੀ ਵੀਡੀਓ ਬਣਾਈ ਗਈ ਅਤੇ ਪੰਚਾਇਤ ਸਕੱਤਰ ਸਰਬਜੀਤ ਸਿੰਘ ਅਤੇ ਪੁਲਿਸ ਚੌਕੀ ਮੋਠਾਂਵਾਲਾ ਦੇ ਇੰਚਾਰਜ ਏਐੱਸਆਈ ਪੂਰਨ ਚੰਦ ਨੂੰ ਸੂਚਿਤ ਕੀਤਾ ਗਿਆ। ਇਸਦੇ ਨਾਲ ਹੀ ਜਾਇੰਟ ਸੁਪਰ ਕਲੱਸਟਰ ਨੂੰ ਫੋਟੋਆਂ ਭੇਜ ਕੇ ਸਾਰੀ ਜਾਣਕਾਰੀ ਦਿੱਤੀ ਗਈ। ਸਰਪੰਚ ਸਰਵਨ ਲਾਲ ਨੇ ਕਿਹਾ ਕਿ ਇਸ ਮਾਮਲੇ ਵਿਚ ਅਣਪਛਾਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਉਹ ਇਸ ਸਬੰਧੀ ਐਡੀਸ਼ਨਲ ਡਿਪਟੀ ਕਮਿਸ਼ਨਰ (ਡਿਵੈੱਲਪਮੈਂਟ) ਕਪੂਰਥਲਾ ਨੂੰ ਵੀ ਸ਼ਿਕਾਇਤ ਕਰਨਗੇ। ਇਸ ਮੌਕੇ ਸਰਪੰਚ ਸਰਵਨ ਲਾਲ, ਜਸਪਾਲ ਸਿੰਘ, ਸ਼ਿੰਗਾਰਾ ਸਿੰਘ, ਜਗਰੂਪ ਸਿੰਘ, ਜਸਵੰਤ ਸਿੰਘ, ਮਲਕੀਤ ਸਿੰਘ ਅਤੇ ਹੋਰ ਪਿੰਡ ਵਾਸੀ ਮੌਜੂਦ ਸਨ।