ਅਕਾਲੀ, ਭਾਜਪਾ ਤੇ ਕਾਂਗਰਸ ਦੇ ਯੂਥ ਅੱਗੇ ਫੇਲ੍ਹ ਹੈ ‘ਆਪ’ ਦਾ ਯੂਥ
ਅਕਾਲੀ ਦਲ,ਭਾਜਪਾ ਤੇ ਕਾਂਗਰਸ ਦੇ ਯੂਥ ਅੱਗੇ ਆਪ ਦਾ ਯੂਥ ਫਗਵਾੜਾ ਚ ਬਿਲਕੁਲ ਫੇਲ
Publish Date: Tue, 05 May 2026 10:14 PM (IST)
Updated Date: Tue, 05 May 2026 10:14 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਜਦੋਂ ਵੀ ਕੋਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੱਡਾ ਇਕੱਠ ਕਰਨਾ ਹੁੰਦਾ ਹੈ ਤਾਂ ਉਨ੍ਹਾਂ ਦਾ ਯੂਥ ਵਿੰਗ ਤੇ ਐੱਸਓਆਈ ਵਿੰਗ ਵੱਡੀ ਗਿਣਤੀ ਵਿਚ ਨੌਜਵਾਨਾਂ ਨੂੰ ਰੈਲੀ ਨਾਲ ਜੋੜ ਦਿੰਦਾ ਹੈ, ਜੋ ਕਿ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਹਾਈ ਕਮਾਂਡ ਦੀ ਮਜ਼ਬੂਤੀ ਲਈ ਕੰਮ ਕਰਦਾ ਹੈ। ਜੇਕਰ ਇਸੇ ਤਰ੍ਹਾਂ ਗੱਲ ਕਰੀਏ ਆਮ ਆਦਮੀ ਪਾਰਟੀ ਯੂਥ ਵਿੰਗ ਦੀ ਤਾਂ ਉਹ ਸ਼੍ਰੋਮਣੀ ਅਕਾਲੀ ਦਲ, ਕਾਂਗਰਸ, ਭਾਜਪਾ ਦੇ ਯੂਥ ਮੂਹਰੇ ਕਿਤੇ ਵੀ ਖੜ੍ਹਾ ਦਿਖਾਈ ਨਹੀਂ ਦਿੰਦਾ। ਕਿਤੇ ਨਾ ਕਿਤੇ ਯੂਥ ਪ੍ਰਧਾਨਗੀਆਂ ਵਿਚ ਦਿੱਤੀਆਂ ਅਹੁਦੇਦਾਰੀਆਂ ਅਜਿਹੇ ਚਿਹਰਿਆਂ ਨੂੰ ਦਿੱਤੀਆਂ ਗਈਆਂ ਹਨ ਜੋ ਕਿ ਜ਼ਮੀਨੀ ਪੱਧਰ ’ਤੇ ਲੋਕਾਂ ਤੋਂ ਕੋਹਾਂ ਦੂਰ ਹਨ, ਜਿਸ ਦਾ ਖਮਿਆਜ਼ਾ 2027 ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਨੂੰ ਜ਼ਰੂਰ ਭੁਗਤਣਾ ਪੈ ਸਕਦਾ ਹੈ ਕਿਉਂਕਿ ਅਜਿਹੇ ਅਹੁਦੇਦਾਰ ਜਿਨ੍ਹਾਂ ਨੇ ਨਾ ਕਦੇ ਕੋਈ ਵੱਡਾ ਇਕੱਠ ਕੀਤਾ ਹੈ ਤੇ ਨਾ ਹੀ ਉਨ੍ਹਾਂ ਦੇ ਕਹੇ ’ਤੇ ਲੋਕ ਇਕੱਠੇ ਹੁੰਦੇ ਹਨ। ਅਜਿਹੇ ਚਿਹਰੇ ਜਦੋਂ ਸਾਹਮਣੇ ਲਿਆਂਦੇ ਜਾਣਗੇ ਤਾਂ ਉਨ੍ਹਾਂ ਦੇ ਆਪਣੇ ਵਾਰਡਾਂ ਦੇ ਲੋਕ ਵੀ ਪਿਛੇ ਨਹੀਂ ਤੁਰਣਗੇ। ਹੁਣ ਜੇਕਰ ਗੱਲ ਕਰੀਏ ਕਾਂਗਰਸ ਪਾਰਟੀ ਦੇ ਯੂਥ ਦੀ ਤਾਂ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੇ ਦੋਵੇਂ ਸਪੁੱਤਰ ਕਮਲ ਧਾਲੀਵਾਲ ਤੇ ਹਨੀ ਧਾਲੀਵਾਲ ਚੁੱਪ-ਚੁਪੀਤੇ ਯੂਥ ਨੂੰ ਆਪਣੇ ਨਾਲ ਜੋੜ ਰਹੇ ਹਨ। ਜਿਸਦਾ ਜਲਵਾ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਭਲੀਭਾਂਤ ਦੇਖ ਚੁੱਕੀ ਹੈ। ਮੀਡੀਆ ਕੋਆਰਡੀਨੇਟਰ ਬਲਾਕ ਕਾਂਗਰਸ ਫਗਵਾੜਾ ਸੌਰਵ ਸ਼ਰਮਾ ਤੇ ਅਮਿਤ ਅਰੋੜਾ ਵੀ ਯੂਥ ਵਿਚ ਵਧੀਆ ਪਕੜ ਰੱਖਦੇ ਹਨ ਤੇ ਜੇਕਰ ਗੱਲ ਕਰੀਏ ਭਾਜਪਾ ਦੀ ਤਾਂ ਭਾਜਪਾ ਦੇ ਮੁਜ਼ਾਹਰਿਆਂ ਵਿਚ ਵੀ ਯੂਥ ਵੱਡੀ ਗਿਣਤੀ ਵਿਚ ਦੇਖਿਆ ਜਾ ਸਕਦਾ ਹੈ ਪਰ ਸਿਰਫ ਆਮ ਆਦਮੀ ਪਾਰਟੀ ਹੀ ਐਸੀ ਪਾਰਟੀ ਹੈ, ਜਿਸਦੇ ਯੂਥ ਪ੍ਰਧਾਨ ਆਪਣੇ ਨਾਲ ਸਿਰਫ ਇਕਾ-ਦੁੱਕਾ ਨੌਜਵਾਨਾਂ ਨੂੰ ਲੈ ਕੇ ਹੀ ਰੈਲੀਆਂ ਵਿਚ ਸ਼ਾਮਲ ਹੁੰਦੇ ਦੇਖੇ ਗਏ ਹਨ। ਇਸ ਤੋਂ ਸਾਫ ਜ਼ਾਹਿਰ ਹੁੰਦਾ ਹੈ ਕਿ ਆਮ ਆਦਮੀ ਪਾਰਟੀ ਦਾ ਫਗਵਾੜਾ ਯੂਥ ਕਿਤੇ ਵੀ ਹੋਰ ਸਿਆਸੀ ਪਾਰਟੀਆਂ ਦੇ ਯੂਥ ਅੱਗੇ ਖੜ੍ਹਾ ਨਹੀ ਹੁੰਦਾ। ਇਸ ਪਾਸੇ ਆਮ ਆਦਮੀ ਪਾਰਟੀ ਹਾਈ ਕਮਾਂਡ ਨੂੰ ਧਿਆਨ ਦੇਣ ਦੀ ਲੋੜ ਹੈ ਕਿ ਉਹ ਅਜਿਹੇ ਚਿਹਰਿਆਂ ਨੂੰ ਸਾਹਮਣੇ ਲਿਆਏ, ਜਿਨ੍ਹਾਂ ਦਾ ਵਾਰਡਾਂ ਵਿਚ ਵਧੀਆ ਰਸੂਖ ਹੋਵੇ ਤੇ ਜੋ ਨੌਜਵਾਨਾਂ ਦੇ ਵੱਡੇ ਇਕੱਠ ਕਰਨ ਦੀ ਹਿੰਮਤ ਵੀ ਰੱਖਦੇ ਹੋਣ।