ਕੌਂਸਲਰਾਂ ਦੀ ਪ੍ਰੈੱਸ ਕਾਨਫਰੰਸ ਤੋਂ ਬਾਅਦ ਆਪ ਆਗੂਆਂ ਦਾ ਤਿੱਖਾ ਪਲਟਵਾਰ
ਕੌਂਸਲਰਾਂ ਦੀ ਪ੍ਰੈੱਸ ਕਾਨਫਰੰਸ ਤੋਂ ਬਾਅਦ ਆਪ ਆਗੂਆਂ ਦਾ ਤਿੱਖਾ ਪਲਟਵਾਰ
Publish Date: Fri, 27 Mar 2026 06:44 PM (IST)
Updated Date: Sat, 28 Mar 2026 04:08 AM (IST)

ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਨਗਰ ਕੌਂਸਲ ਦੇ ਕੌਂਸਲਰਾਂ ਵੱਲੋਂ ਕੀਤੀ ਗਈ ਪ੍ਰੈੱਸ ਕਾਨਫਰੰਸ ਤੋਂ ਬਾਅਦ ਸ਼ਹਿਰ ਦੀ ਸਿਆਸਤ ਚਰਮ ’ਤੇ ਪਹੁੰਚ ਗਈ ਹੈ ਅਤੇ ਆਮ ਆਦਮੀ ਪਾਰਟੀ ਨੇ ਤਿੱਖੇ ਅੰਦਾਜ਼ ਵਿੱਚ ਪਲਟਵਾਰ ਕਰਦਿਆਂ ਨਗਰ ਕੌਂਸਲ ਪ੍ਰਧਾਨ ਅਤੇ ਵਿਰੋਧੀ ਧਿਰ ਨੂੰ ਘੇਰ ਲਿਆ ਹੈ। ਗੱਲਬਾਤ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਸ਼ਹਿਰੀ ਪ੍ਰਧਾਨ ਰਾਜੀਵ ਧੀਰ ਨੇ ਕਿਹਾ ਕਿ ਏਸੀ ਦਫ਼ਤਰਾਂ ਵਿੱਚ ਬੈਠ ਕੇ ਬਿਆਨਬਾਜ਼ੀ ਕਰਨਾ ਬਹੁਤ ਆਸਾਨ ਹੈ, ਪਰ ਜਨਤਾ ਵਿੱਚ ਜਾ ਕੇ ਉਨ੍ਹਾਂ ਦੇ ਅਸਲ ਮੁੱਦੇ ਸੁਣਨਾ ਅਤੇ ਉਨ੍ਹਾਂ ਦਾ ਤੁਰੰਤ ਹੱਲ ਕਰਨਾ ਹੀ ਅਸਲੀ ਜਨ ਸੇਵਾ ਹੈ। ਉਨ੍ਹਾਂ ਕਿਹਾ ਕਿ ਪ੍ਰੈੱਸ ਕਾਨਫਰੰਸ ਦੌਰਾਨ ਨਗਰ ਕੌਂਸਲ ਦੇ ਪ੍ਰਧਾਨ ਵੱਲੋਂ ਖੁਦ ਇਹ ਗੱਲ ਕਬੂਲੀ ਗਈ ਹੈ ਕਿ ਵਿਕਾਸ ਕਾਰਜ ਸਰਕਾਰਾਂ ਵੱਲੋਂ ਹੀ ਕਰਵਾਏ ਜਾਂਦੇ ਹਨ, ਜਿਸ ਨਾਲ ਸਾਰੀ ਸਥਿਤੀ ਸਾਫ਼ ਹੋ ਗਈ ਹੈ। ਵਾਟਰ ਸਪਲਾਈ ਦੇ ਚੱਲ ਰਹੇ ਕੰਮਾਂ ਦਾ ਨਿਰੀਖਣ ਕਰਦੇ ਹੋਏ ਆਪ ਆਗੂਆਂ ਨੇ ਸਿੱਧਾ ਹਮਲਾ ਕਰਦਿਆਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਇਹ ਸਾਰੇ ਵਿਕਾਸ ਕਾਰਜ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਦੀ ਅਗਵਾਈ ਹੇਠ ਅਤੇ ਸਰਕਾਰ ਦੀ ਸਿੱਧੀ ਦੇਖਰੇਖ ਵਿੱਚ ਤੇਜ਼ੀ ਨਾਲ ਚੱਲ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਜਦੋਂ ਕੰਮ ਸ਼ੁਰੂ ਵੀ ਨਹੀਂ ਹੋਏ ਸਨ, ਉਸ ਵੇਲੇ ਕੁਝ ਲੋਕਾਂ ਵੱਲੋਂ ਆਪਣੇ ਹਮਾਇਤੀਆਂ ਨੂੰ ਇਕੱਠਾ ਕਰਕੇ ਵਿਕਾਸ ਕਾਰਜਾਂ ਦੇ ਰਿਬਨ ਕੱਟੇ ਗਏ ਅਤੇ ਪਾਣੀ ਦੇ ਪ੍ਰੋਜੈਕਟਾਂ ਦੇ ਉਦਘਾਟਨ ਕਰਕੇ ਝੂਠਾ ਕ੍ਰੈਡਿਟ ਲੈਣ ਦੀ ਕੋਸ਼ਿਸ਼ ਕੀਤੀ ਗਈ। ਹੁਣ ਜਦੋਂ ਜ਼ਮੀਨ ’ਤੇ ਅਸਲ ਕੰਮ ਦਿਖ ਰਹੇ ਹਨ, ਉਹੀ ਲੋਕ ਅੱਗੇ ਆ ਕੇ ਸਿਆਸੀ ਲਾਭ ਲੈਣ ਦੀ ਕੋਸ਼ਿਸ਼ ਕਰ ਰਹੇ ਹਨ।ਪ੍ਰਧਾਨ ਰਾਜੀਵ ਧੀਰ ਨੇ ਕਿਹਾ ਕਿ ਇੱਕ ਪਾਸੇ ਇਹ ਲੋਕ ਖੁਦ ਮੰਨ ਰਹੇ ਹਨ ਕਿ ਕੰਮ ਸਰਕਾਰ ਦੀ ਦੇਖਰੇਖ ਹੇਠ ਹੋ ਰਹੇ ਹਨ, ਦੂਜੇ ਪਾਸੇ ਉਦਘਾਟਨ ਕਰਕੇ ਕ੍ਰੈਡਿਟ ਲੈਣ ਦੀ ਕੋਸ਼ਿਸ਼ ਕਰ ਰਹੇ ਹਨ, ਜੋ ਸਿੱਧੀ ਤਰ੍ਹਾਂ ਦੋਹਰੀ ਅਤੇ ਮੌਕਾਪਰਸਤ ਸਿਆਸਤ ਨੂੰ ਬੇਨਕਾਬ ਕਰਦਾ ਹੈ। ਸੁਲਤਾਨਪੁਰ ਲੋਧੀ ਸ਼ਹਿਰ ਵਿੱਚ ਵਿਕਾਸ ਕੰਮ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਦੀ ਜਨਤਾ ਬਹੁਤ ਸਿਆਣੀ ਹੈ ਅਤੇ ਹੁਣ ਫੋਕੀ ਬਿਆਨਬਾਜ਼ੀ ਨਾਲ ਗੁੰਮਰਾਹ ਨਹੀਂ ਹੋਵੇਗੀ।ਰਾਜੀਵ ਧੀਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਮਕਸਦ ਸਿਰਫ਼ ਬਿਆਨਬਾਜ਼ੀ ਨਹੀਂ, ਸਗੋਂ ਲੋਕਾਂ ਨੂੰ ਬੁਨਿਆਦੀ ਸੁਵਿਧਾਵਾਂ ਮੁਹੱਈਆ ਕਰਵਾਉਣਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਉਹ ਖੁਦ ਰੋਜ਼ਾਨਾ ਲੋਕਾਂ ਵਿੱਚ ਮੌਜੂਦ ਰਹਿ ਕੇ ਉਨ੍ਹਾਂ ਦੇ ਕੰਮ ਕਰਵਾ ਰਹੇ ਹਨ ਅਤੇ ਜ਼ਮੀਨੀ ਪੱਧਰ ’ਤੇ ਅਸਲ ਵਿਕਾਸ ਯਕੀਨੀ ਬਣਾ ਰਹੇ ਹਨ।ਇਸ ਮੌਕੇ ਆਮ ਆਦਮੀ ਪਾਰਟੀ ਦੇ ਆਗੂ ਸਾਬਕਾ ਕੌਂਸਲਰ ਵਿੱਕੀ ਚੌਹਾਨ, ਕੌਂਸਲਰ ਰਜਿੰਦਰ ਸਿੰਘ, ਦੀਪਕ ਕੁਮਾਰ ਦੀਪੂ ਅਤੇ ਸ਼ਿੰਦਰਪਾਲ ਨੇ ਵੀ ਪ੍ਰੈੱਸ ਕਾਨਫਰੰਸ ਨੂੰ ‘ਝੂਠ ਦਾ ਪੁਲੰਦਾ’ ਕਰਾਰ ਦਿੰਦਿਆਂ ਕਿਹਾ ਕਿ ਇਹ ਲੋਕਾਂ ਨੂੰ ਗੁੰਮਰਾਹ ਕਰਨ ਦੀ ਨਾਕਾਮ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੋ ਲੋਕ ਪਹਿਲਾਂ ਕਦੇ ਮੈਦਾਨ ਵਿੱਚ ਨਜ਼ਰ ਨਹੀਂ ਆਏ, ਉਹ ਅੱਜ ਸਿਆਸੀ ਲਾਭ ਲਈ ਬਿਆਨਬਾਜ਼ੀ ਕਰ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਮੁੱਖ ਮੰਤਰੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸੁਲਤਾਨਪੁਰ ਲੋਧੀ ਦੀ ਨੁਹਾਰ ਬਦਲੀ ਜਾ ਰਹੀ ਹੈ ਅਤੇ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਦਿਨ-ਰਾਤ ਲੋਕਾਂ ਦੀ ਸੇਵਾ ਵਿੱਚ ਜੁਟੇ ਹੋਏ ਹਨ। ਨਗਰ ਕੌਂਸਲ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾ ਰਿਹਾ : ਪ੍ਰਧਾਨ ਦੀਪਕ ਧੀਰ ਰਾਜੂ ਨਗਰ ਕੌਂਸਲ ਦੇ ਪ੍ਰਧਾਨ ਦੀਪਕ ਧੀਰ ਰਾਜੂ ਨੇ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਲਗਾਏ ਗਏ ਦੋਸ਼ਾਂ ਨੂੰ ਝੂਠਾ ਕਰਾਰ ਦਿੱਤਾ ਅਤੇ ਕਿਹਾ ਕਿ ਇਹ ਆਰੋਪ ਸਿਆਸਤ ਤੋਂ ਪ੍ਰੇਰਿਤ ਹਨ। ਉਨ੍ਹਾਂ ਨੇ ਕਿਹਾ, ‘ਚੋਣਾਂ ਦੇ ਨਜ਼ਦੀਕ ਆਉਂਦੇ ਹੀ ਇਹ ਲੀਡਰ ਬਾਹਰ ਨਿਕਲ ਆਏ ਹਨ। ਲੋਕਾਂ ਨੂੰ ਸਭ ਪਤਾ ਹੈ ਕਿ ਨਗਰ ਕੌਂਸਲ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਅ ਰਹੀ ਹੈ। ਜੋ ਵੀ ਵਿਕਾਸ ਹੋ ਰਿਹਾ ਹੈ, ਉਸ ਦਾ ਚੇਤਾ ਇਨ੍ਹਾਂ ਆਗੂਆਂ ਨੂੰ 4 ਮਹੀਨੇ ਪਹਿਲਾਂ ਹੀ ਕਿਉਂ ਆਇਆ? ਪਹਿਲਾਂ ਤਾਂ ਇਹ ਕਦੇ ਸਰਕਾਰ ਜਾਂ ਸ਼ਹਿਰ ਚ ਨਜ਼ਰ ਵੀ ਨਹੀਂ ਆਏ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਸਾਰੇ ਕੌਂਸਲਰਾਂ ਵੱਲੋਂ ਪਾਏ ਗਏ ਮਤੇ ਦੇ ਅਧਾਰ ’ਤੇ ਸ਼ਹਿਰ ਵਿੱਚ ਵਾਟਰ ਸਪਲਾਈ ਅਤੇ ਸੀਵਰੇਜ ਕੰਮ ਜਾਰੀ ਹਨ ਅਤੇ ਆਮ ਆਦਮੀ ਪਾਰਟੀ ਦੇ ਆਗੂ ਸਿਰਫ ਸਿਆਸਤ ਚਮਕਾਉਣ ਵਿੱਚ ਲੱਗੇ ਹੋਏ ਹਨ। ਇਹ ਸਿਰਫ ਨਿਊਜ਼ ਹੈਡਲਾਈਨ ਬਣ ਕੇ ਹੀ ਰਹਿ ਗਏ ਹਨ, ਅਤੇ ਖਬਰਾਂ ਦੇ ਮਾਧਿਅਮ ਰਾਹੀਂ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।