ਆਪ ਸਰਕਾਰ ਨੇ ਅਧਿਆਪਕਾਂ ਨਾਲ ਕੀਤਾ ਧੋਖਾ : ਚੇਤਨ ਸੂਰੀ ਆਪ ਸਰਕਾਰ ਨੇ ਪੰਜਾਬ ਦੇ ਅਧਿਆਪਕਾਂ ਨਾਲ ਕੀਤਾ ਵਿਸ਼ਵਾਸਘਾਤ : ਚੇਤਨ ਸੂਰੀ
Publish Date: Sat, 05 Sep 2026 06:45 PM (IST)
Updated Date: Sat, 05 Sep 2026 06:46 PM (IST)
-ਸਿੱਖਿਆ ਕ੍ਰਾਂਤੀ ਦੀ ਖੁੱਲ੍ਹੀ ਪੋਲ -ਅਧਿਆਪਕ ਤਨਖ਼ਾਹਾਂ ਦੇ ਬਕਾਏ, ਪੁਲਿਸ ਕਾਰਵਾਈ ਤੋਂ ਪ੍ਰੇਸ਼ਾਨ ਗੁਰਵਿੰਦਰ ਕੌਰ, ਪੰਜਾਬੀ ਜਾਗਰਣ ਕਪੂਰਥਲਾ : ਅਧਿਆਪਕ ਦਿਵਸ ਮੌਕੇ ਭਾਰਤੀ ਜਨਤਾ ਪਾਰਟੀ ਨੇ ਆਮ ਆਦਮੀ ਪਾਰਟੀ ਸਰਕਾਰ ਤੇ ਪੰਜਾਬ ਦੇ ਅਧਿਆਪਕਾਂ ਨਾਲ ਵਿਸ਼ਵਾਸਘਾਤ ਕਰਨ ਤੇ ਆਪਣੀ ਬਹੁਚਰਚਿਤ ਸਿੱਖਿਆ ਕ੍ਰਾਂਤੀ ਨੂੰ ਇੱਕ ਖੋਖਲੇ ਸਿਆਸੀ ਨਾਅਰੇ ਵਿੱਚ ਬਦਲਣ ਦਾ ਦੋਸ਼ ਲਗਾਇਆ। ਸ਼ਨੀਵਾਰ ਨੂੰ ਇੱਕ ਪ੍ਰੈੱਸ ਨੋਟ ਜਾਰੀ ਕਰਦਿਆਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਚੇਤਨ ਸੂਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਖੁਦ ਨੂੰ ਇੱਕ ਅਧਿਆਪਕ ਦਾ ਪੁੱਤਰ ਦੱਸਦੇ ਹਨ, ਪਰ ਉਨ੍ਹਾਂ ਦੀ ਸਰਕਾਰ ਵਿੱਚ ਅਧਿਆਪਕਾਂ ਨੂੰ ਬੇਇੱਜ਼ਤੀ, ਪੁਲਿਸ ਕਾਰਵਾਈ ਤੇ ਅਣਗਹਿਲੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਜਾਬ ਦੇ ਸਰਕਾਰੀ ਅਧਿਆਪਕਾਂ ਲਈ ਇਹ ਜਸ਼ਨ ਦਾ ਨਹੀਂ, ਸਗੋਂ ਕਾਲਾ ਦਿਵਸ ਹੈ। ਪੰਜਾਬ ਦਾ ਭਵਿੱਖ ਸੰਵਾਰਨ ਵਾਲੇ ਅਧਿਆਪਕਾਂ ਨੂੰ ਆਪਣੇ ਜਾਇਜ਼ ਹੱਕਾਂ ਲਈ ਸੜਕਾਂ ’ਤੇ ਉਤਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਚੇਤਨ ਸੂਰੀ ਨੇ ਭਾਜਪਾ ਨੇ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੀ ਭਾਰੀ ਘਾਟ ਨੂੰ ਉਜਾਗਰ ਕਰਦਿਆਂ ਕਿਹਾ ਕਿ 31,370 ਅਧਿਆਪਕਾਂ ਦੀਆਂ ਅਸਾਮੀਆਂ ਖਾਲੀ ਪਈਆਂ ਹਨ। ਇਸ ਤੋਂ ਇਲਾਵਾ 1,100 ਤੋਂ ਵੱਧ ਮਨਜ਼ੂਰਸ਼ੁਦਾ ਪ੍ਰਿੰਸੀਪਲ ਅਸਾਮੀਆਂ ਤੇ ਲਗਭਗ ਇੱਕ-ਤਿਹਾਈ ਡੀਈਓ ਅਸਾਮੀਆਂ ਵੀ ਖਾਲੀ ਹਨ। 400 ਤੋਂ ਵੱਧ ਏਡਿਡ ਸਕੂਲਾਂ ਵਿੱਚ 1,700 ਤੋਂ ਵੱਧ ਅਧਿਆਪਨ ਤੇ ਗੈਰ-ਅਧਿਆਪਨ ਕਰਮਚਾਰੀ ਕਥਿਤ ਤੌਰ ’ਤੇ 8 ਤੋਂ 19 ਮਹੀਨਿਆਂ ਤੋਂ ਤਨਖ਼ਾਹ ਤੋਂ ਬਿਨਾਂ ਕੰਮ ਕਰ ਰਹੇ ਹਨ। ਭਾਜਪਾ ਨੇ ਦੋਸ਼ ਲਗਾਇਆ ਕਿ ਹਾਈਕੋਰਟ ਦੇ ਸਟੇਅ ਦੇ ਬਾਵਜੂਦ ਸਰਕਾਰ ਨੇ ਉਨ੍ਹਾਂ ਦਾ ਗ੍ਰੇਡ ਪੇਅ 4,400 ਰੁਪਏ ਤੋਂ ਘਟਾ ਕੇ 3,200 ਰੁਪਏ ਕਰ ਦਿੱਤਾ ਹੈ। ਪਾਰਟੀ ਨੇ ਐੱਸਸੀ ਤੇ ਬੀਸੀ ਵਰਗਾਂ ਦੇ ਰਾਖਵੇਂਕਰਨ ਦੇ ਹੱਕਾਂ ਦੀ ਅਣਦੇਖੀ ਦਾ ਵੀ ਦੋਸ਼ ਲਗਾਇਆ। 1,013 ਲੈਕਚਰਾਰ ਅਸਾਮੀਆਂ ਦੀ ਅਧਿਸੂਚਨਾ ਵਿੱਚ ਕਥਿਤ ਤੌਰ ’ਤੇ ਐੱਸਸੀ ਤੇ ਬੀਸੀ ਉਮੀਦਵਾਰਾਂ ਲਈ ਕੋਈ ਰਾਖਵਾਂਕਰਨ ਨਹੀਂ ਦਿੱਤਾ ਗਿਆ, ਜਦਕਿ 25 ਫ਼ੀਸਦੀ ਰਾਖਵਾਂਕਰਨ ਲਾਜ਼ਮੀ ਹੈ। ਇਸ ਤੋਂ ਬਾਅਦ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਇਸ ਮਾਮਲੇ ਦਾ ਆਪ ਨੋਟਿਸ ਲਿਆ। ਭਾਜਪਾ ਨੇ 1,158 ਸਹਾਇਕ ਪ੍ਰੋਫੈਸਰਾਂ ਤੇ ਲਾਇਬ੍ਰੇਰੀਅਨਾਂ ਦੀ ਨਵੀਂ ਭਰਤੀ ਪੂਰੀ ਨਾ ਕਰਨ ’ਤੇ ਵੀ ਸਰਕਾਰ ਨੂੰ ਘੇਰਿਆ, ਜਦਕਿ ਸਰਕਾਰ ਨੇ ਸੁਪਰੀਮ ਕੋਰਟ ਸਾਹਮਣੇ ਫਰਵਰੀ 2026 ਤੱਕ ਭਰਤੀ ਪੂਰੀ ਕਰਨ ਦਾ ਭਰੋਸਾ ਦਿੱਤਾ ਸੀ। ਅਧਿਆਪਕਾਂ ਨਾਲ ਵਾਅਦਾ ਕੀਤਾ ਗਿਆ ਸੀ ਕਿ ਉਨ੍ਹਾਂ ਨੂੰ ਮੁੜ ਪਾਣੀ ਦੀਆਂ ਟੈਂਕੀਆਂ ’ਤੇ ਨਹੀਂ ਚੜ੍ਹਨਾ ਪਵੇਗਾ ਪਰ ਅੱਜ ਉਹ ਇਨਸਾਫ਼ ਲੈਣ ਦੀ ਬਜਾਏ ਮੋਬਾਈਲ ਟਾਵਰਾਂ ’ਤੇ ਚੜ੍ਹਨ ਲਈ ਮਜਬੂਰ ਹਨ। ਚੇਤਨ ਸੂਰੀ ਨੇ ਅਧਿਆਪਕਾਂ ਨੂੰ ਸਰਵੇਖਣ, ਪਰਾਲੀ ਸਾੜਨ ਦੀ ਜਾਂਚ, ਹੈਲਥ ਕਾਰਡ ਬਣਾਉਣ ਤੇ ਸਿਆਸੀ ਡਾਟਾ ਇਕੱਠਾ ਕਰਨ ਵਰਗੇ ਗੈਰ-ਅਕਾਦਮਿਕ ਕੰਮਾਂ ਵਿੱਚ ਲਗਾਉਣ ਦੀ ਵੀ ਨਿੰਦਾ ਕੀਤੀ। ਅਧਿਆਪਕ ਨਾ ਤਾਂ ਸਰਵੇਖਣ ਕਰਨ ਵਾਲੇ ਹਨ ਤੇ ਨਾ ਹੀ ਸਿਆਸੀ ਕਾਰਕੁੰਨ, ਉਹ ਪੰਜਾਬ ਦੇ ਭਵਿੱਖ ਦੇ ਨਿਰਮਾਤਾ ਹਨ। ਉਨ੍ਹਾਂ ਭਰੋਸਾ ਦਿੱਤਾ ਕਿ ਭਾਜਪਾ ਦੀ ਸਰਕਾਰ ਬਣਨ ’ਤੇ ਖਾਲੀ ਅਸਾਮੀਆਂ ਭਰੀਆਂ ਜਾਣਗੀਆਂ, ਬੇਲੋੜੇ ਗੈਰ-ਅਕਾਦਮਿਕ ਕੰਮ ਖ਼ਤਮ ਕੀਤੇ ਜਾਣਗੇ ਤੇ ਅਧਿਆਪਕਾਂ ਦੀ ਸ਼ਾਨ, ਸਨਮਾਨ ਤੇ ਸੁਰੱਖਿਆ ਪੂਰੀ ਤਰ੍ਹਾਂ ਬਹਾਲ ਕੀਤੀ ਜਾਵੇਗੀ।