ਆਪ ਦੇ ‘ਮਿਸ਼ਨ ਕਲੀਨ’ ਦੀ ਫਗਵਾੜਾ ’ਚ ਨਿਕਲੀ ਫੁਕ : ਸ਼ਰਨਜੀਤ ਸਿੰਘ ਆਪ ਦੀ ‘ਮਿਸ਼ਨ ਕਲੀਨ’ ਮੁਹਿੰਮ ਦੀ ਫਗਵਾੜਾ ’ਚ ਨਿਕਲੀ ਫੁਕ,ਸ਼ਰਨਜੀਤ ਸਿੰਘ
Publish Date: Mon, 31 Aug 2026 07:16 PM (IST)
Updated Date: Mon, 31 Aug 2026 07:19 PM (IST)
ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਸੂਬਾ ਸਰਕਾਰ ਵੱਲੋਂ ਸ਼ਹਿਰਾਂ ਨੂੰ ਸਾਫ਼-ਸੁਥਰਾ ਬਣਾਉਣ ਦੇ ਮਕਸਦ ਨਾਲ ਸ਼ੁਰੂ ਕੀਤੀ ਗਈ ‘ਮਿਸ਼ਨ ਕਲੀਨ’ ਸਫ਼ਾਈ ਮੁਹਿੰਮ ਦੀ ਫਗਵਾੜਾ ਸ਼ਹਿਰ ਵਿੱਚ ਹਕੀਕਤ ਕੁਝ ਹੋਰ ਹੀ ਨਜ਼ਰ ਆ ਰਹੀ ਹੈ। ਸਰਕਾਰ ਵੱਲੋਂ ਕੂੜੇ ਦੇ ਡੰਪਾਂ ਤੋਂ ਕੂੜਾ ਚੁੱਕ ਕੇ ਸ਼ਹਿਰ ਨੂੰ ਸਾਫ਼ ਬਣਾਉਣ ਦੇ ਦਾਅਵੇ ਕੀਤੇ ਜਾ ਰਹੇ ਹਨ, ਪਰ ਜ਼ਮੀਨੀ ਪੱਧਰ ’ਤੇ ਹਾਲਾਤ ਇਹ ਹਨ ਕਿ ਸਵੇਰੇ ਸਫ਼ਾਈ ਹੋਣ ਤੋਂ ਕੁਝ ਘੰਟਿਆਂ ਬਾਅਦ ਹੀ ਕਈ ਡੰਪਾਂ ’ਤੇ ਮੁੜ ਕੂੜੇ ਦੇ ਢੇਰ ਲੱਗ ਜਾਂਦੇ ਹਨ। ਸ਼ਹਿਰ ਦੇ ਵੱਖ-ਵੱਖ ਹਿੱਸਿਆਂ, ਖਾਸ ਕਰਕੇ ਅਰਬਨ ਅਸਟੇਟ ਤੇ ਸ਼ਹਿਰ ਦੇ ਵਿਚਕਾਰ ਮੌਜੂਦ ਡੰਪਿੰਗ ਪੁਆਇੰਟਾਂ ’ਤੇ ਸਫ਼ਾਈ ਵਿਵਸਥਾ ਦੀ ਪੋਲ ਖੁੱਲ੍ਹਦੀ ਦਿਖਾਈ ਦੇ ਰਹੀ ਹੈ। ਸਵੇਰੇ ਸਫਾਈ ਕਰਕੇ ਕੂੜਾ ਚੁੱਕ ਲਿਆ ਜਾਂਦਾ ਹੈ, ਪਰ ਸ਼ਾਮ ਤੱਕ ਮੁੜ ਕੂੜੇ ਦੇ ਢੇਰ ਲੱਗ ਜਾਂਦੇ ਹਨ ਤੇ ਕਈ ਥਾਵਾਂ ’ਤੇ ਸੜਕਾਂ ਤੱਕ ਕੂੜਾ ਫੈਲਿਆ ਹੋਇਆ ਨਜ਼ਰ ਆਉਂਦਾ ਹੈ। ਸਮਾਜ ਸੇਵੀ ਤੇ ਕਾਂਗਰਸ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਸ਼ਰਨਜੀਤ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਸਿਰਫ਼ ਇੱਕ ਹਫ਼ਤੇ ਦੀ ਸਫ਼ਾਈ ਮੁਹਿੰਮ ਚਲਾ ਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਬਜਾਏ ਸਮੱਸਿਆ ਦਾ ਸਥਾਈ ਹੱਲ ਕੱਢਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਡੰਪਿੰਗ ਪੁਆਇੰਟਾਂ ’ਤੇ ਹਰ ਰੋਜ਼ ਕੂੜੇ ਦੇ ਢੇਰ ਮੁੜ ਲੱਗ ਰਹੇ ਹਨ ਤਾਂ ਇਸ ਦਾ ਮਤਲਬ ਸਿਰਫ਼ ਕੂੜਾ ਚੁੱਕਣਾ ਕਾਫ਼ੀ ਨਹੀਂ, ਬਲਕਿ ਕੂੜੇ ਦੇ ਡੰਪਾਂ ਦੀ ਯੋਜਨਾਬੱਧ ਢੰਗ ਨਾਲ ਵਿਵਸਥਾ ਕਰਨੀ ਜ਼ਰੂਰੀ ਹੈ। ਉਨ੍ਹਾਂ ਮੰਗ ਕੀਤੀ ਕਿ ਅਰਬਨ ਅਸਟੇਟ ਤੇ ਸ਼ਹਿਰ ਦੇ ਹੋਰ ਆਬਾਦੀ ਵਾਲੇ ਇਲਾਕਿਆਂ ਦੇ ਵਿਚਕਾਰ ਬਣੇ ਡੰਪਿੰਗ ਪੁਆਇੰਟਾਂ ਨੂੰ ਹਟਾ ਕੇ ਸ਼ਹਿਰ ਦੀ ਆਬਾਦੀ ਤੋਂ ਦੂਰ ਢੁੱਕਵੀਂ ਥਾਂ ’ਤੇ ਸ਼ਿਫਟ ਕੀਤਾ ਜਾਵੇ। ਇਸ ਨਾਲ ਲੋਕਾਂ ਨੂੰ ਗੰਦਗੀ, ਬਦਬੂ ਤੇ ਕੂੜੇ ਕਾਰਨ ਹੋ ਰਹੀ ਪਰੇਸ਼ਾਨੀ ਤੋਂ ਸਥਾਈ ਰਾਹਤ ਮਿਲ ਸਕਦੀ ਹੈ। ਸ਼ਰਨਜੀਤ ਸਿੰਘ ਨੇ ਕਿਹਾ ਕਿ ਇੱਕ ਹਫ਼ਤੇ ਦੀ ਸਫ਼ਾਈ ਮੁਹਿੰਮ ਨੂੰ ਪ੍ਰਚਾਰ ਦਾ ਵਿਸ਼ਾ ਬਣਾਉਣ ਦੀ ਬਜਾਏ ਸ਼ਹਿਰ ਦੀ ਸਫ਼ਾਈ ਲਈ ਰੋਜ਼ਾਨਾ ਤੇ ਪੱਕੀ ਵਿਵਸਥਾ ਬਣਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਕੁਝ ਦਿਨਾਂ ਲਈ ਸਫ਼ਾਈ ਦਾ ‘ਲਾਲੀਪਾਪ’ ਦੇਣ ਨਾਲ ਸਮੱਸਿਆ ਹੱਲ ਨਹੀਂ ਹੋਵੇਗੀ, ਸਗੋਂ ਕੂੜੇ ਦੇ ਡੰਪਾਂ ਦੀ ਸਮੱਸਿਆ ਦਾ ਸਥਾਈ ਹੱਲ ਹੀ ਫਗਵਾੜਾ ਵਾਸੀਆਂ ਨੂੰ ਅਸਲ ਰਾਹਤ ਦੇ ਸਕਦਾ ਹੈ।