ਕਪੂਰਥਲਾ ’ਚ ਗੈਂਗਸਟਰਾਂ ਦੀ ਮਦਦ ਲੈ ਰਹੀ ਆਮ ਆਦਮੀ ਪਾਰਟੀ : ਵਾਲੀਆ ਕਪੂਰਥਲਾ ਵਿੱਚ ਗੈਂਗਸਟਰਾਂ ਦੀ ਮਦਦ ਲੈ ਰਹੀ ਆਮ ਆਦਮੀ ਪਾਰਟੀ-ਐਚਐਸ ਵਾਲੀਆ
Publish Date: Sun, 13 Sep 2026 09:05 PM (IST)
Updated Date: Sun, 13 Sep 2026 09:08 PM (IST)
--ਗੈਂਗਸਟਰਵਾਦ ਨੂੰ ਖਤਮ ਕਰਨ ਦੇ ਦਾਅਵੇ ਕਰਨ ਵਾਲੀ ਆਪ ਗੈਂਗਸਟਰਾਂ ਨੂੰ ਕਰ ਰਹੀ ਪਾਰਟੀ ’ਚ ਸ਼ਾਮਲ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ ਕਪੂਰਥਲਾ : ਹਲਕਾ ਕਪੂਰਥਲਾ ਦੀ ਸਿਆਸਤ ਵਿੱਚ ਗੈਂਗਸਟਰ ਮੋਨੂੰ ਢੱਪਈ ਦੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਇੱਕ ਵੱਡਾ ਸਿਆਸੀ ਵਿਵਾਦ ਖੜ੍ਹਾ ਹੋ ਗਿਆ ਹੈ। ਐਤਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਹਲਕਾ ਇੰਚਾਰਜ ਐੱਚਐੱਸ ਵਾਲੀਆ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਆਮ ਆਦਮੀ ਪਾਰਟੀ ’ਤੇ ਜ਼ੋਰਦਾਰ ਹਮਲਾ ਕਰਦਿਆਂ ਕਿਹਾ ਕਿ ਆਪ ਦੇ ਆਗੂ ਗੈਂਗਸਟਰਵਾਦ ਨੂੰ ਖਤਮ ਕਰਨ ਦੇ ਵੱਡੇ-ਵੱਡੇ ਦਾਅਵੇ ਕਰਦੇ ਹਨ ਤੇ ਕਪੂਰਥਲਾ ਵਿਖੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਗੈਂਗਸਟਰਾਂ ਨੂੰ ਆਪਣੀ ਪਾਰਟੀ ਵਿੱਚ ਸ਼ਾਮਲ ਕਰਕੇ ਆਪਣਾ ਗੈਂਗਸਟਰ ਪ੍ਰੇਮ ਸਾਬਤ ਕਰ ਕਰ ਰਹੇ ਹਨ। ਆਪ ਆਗੂਆਂ ’ਤੇ ਸਿਆਸਤ ਵਿੱਚ ਗੈਂਗਸਟਰਵਾਦ ਨੂੰ ਉਤਸ਼ਾਹਿਤ ਕਰਨ ਦਾ ਦੋਸ਼ ਲਗਾਉਂਦਿਆਂ ਵਾਲੀਆ ਕਿਹਾ ਕਿ ਜੋ ਅਰਵਿੰਦ ਕੇਜਰੀਵਾਲ ਕਦੇ ਕਾਨੂੰਨ-ਵਿਵਸਥਾ ਨੂੰ ਲੈ ਕੇ ਦੂਜੀਆਂ ਪਾਰਟੀਆਂ ’ਤੇ ਤੰਜ਼ ਕੱਸਦੇ ਸਨ, ਅੱਜ ਉਹੀ ਉਸ ਗੈਂਗਸਟਰ ਜਿਸ ’ਤੇ ਵੱਖ-ਵੱਖ ਧਾਰਾਵਾਂ ਦੇ ਲਗਭਗ 15 ਪਰਚੇ ਦਰਜ ਹਨ ਤੇ ਇੱਕ ਤਾਜ਼ਾ ਪਰਚਾ 7 ਸਤੰਬਰ ਨੂੰ ਜਲੰਧਰ ਵਿੱਚ ਦਰਜ ਹੋਇਆ ਹੈ, ਨੂੰ ਪਾਰਟੀ ’ਚ ਸ਼ਾਮਲ ਕਰ ਰਹੇ ਹਨ। ਇਹ ਕਦਮ ਆਪ ਦੀ ਨੀਤੀ ’ਤੇ ਤਿੱਖੇ ਸਵਾਲ ਖੜ੍ਹੇ ਕਰਦਾ ਹੈ। ਵਾਲੀਆ ਨੇ ਆਮ ਆਦਮੀ ਪਾਰਟੀ ’ਤੇ ਦੋਸ਼ ਲਾਉਂਦਿਆਂ ਕਿਹਾ ਹੈ ਕਿ ਆਪ ਸੂਬੇ ਦੇ ਨਾਲ-ਨਾਲ ਕਪੂਰਥਲਾ ਵਿੱਚ ਆਪਣੀ ਮਦਦ ਲਈ ਗੈਂਗਸਟਰਾਂ ਨੂੰ ਪਾਰਟੀ ਵਿੱਚ ਸ਼ਾਮਲ ਕਰ ਰਹੀ ਹੈ। ਉਨ੍ਹਾਂ ਨੇ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਵਲੋਂ ਇੱਕ ਕਥਿਤ ਗੈਂਗਸਟਰ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਰਨਾ ਤੇ ਇਸ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 2016 ਦੇ ਚਰਚਿਤ ਨਾਭਾ ਜੇਲ੍ਹ ਕਾਂਡ ਦੇ ਮੁੱਖ ਮੁਲਜ਼ਮ ਨੂੰ ਆਧਿਕਾਰਕ ਤੌਰ ’ਤੇ ਪਾਰਟੀ ਵਿੱਚ ਸ਼ਾਮਲ ਕਰਵਾਉਣਾ ਆਪ ਆਗੂਆਂ ਦੀ ਦੋਗਲੀ ਨੀਤੀ ਨੂੰ ਦਰਸਾਉਂਦਾ ਹੈ। ਵਾਲੀਆ ਕਿਹਾ ਕਿ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਵੱਲੋਂ ਜਿਸ ਗੈਂਗਸਟਰ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ ਗਿਆ ਹੈ, ਉਸ ’ਤੇ ਕਤਲ ਦਾ ਮੁਕਦਮਾ ਦਰਜ ਹੈ। ਵੱਖ-ਵੱਖ ਥਾਣਿਆਂ ਵਿਚ ਨਸ਼ੇ ਦੇ ਪਰਚੇ ਦਰਜ ਹਨ। ਇਸ ਤੋਂ ਇਲਾਵਾ ਲੁੱਟਾਂ-ਖੋਹਾਂ ਦੇ ਪਰਚੇ ਦਰਜ ਹਨ। ਅਜਿਹੇ ਮਾੜੇ ਕਿਰਦਾਰ ਵਾਲੇ ਵਿਅਕਤੀ ਨੂੰ ਆਪ ਹਲਕਾ ਇੰਚਾਰਜ ਪਾਰਟੀ ਵਿਚ ਸ਼ਾਮਲ ਕਰਕੇ ਯੂਥ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹਨ। ਵਾਲੀਆ ਨੇ ਆਪ ਦੇ ਹਲਕਾ ਇੰਚਾਰਜ ਦੇ ਉਸ ਬਿਆਨ ’ਤੇ ਵੀ ਸਵਾਲ ਖੜ੍ਹੇ ਕੀਤੇ, ਜਿਸ ਵਿਚ ਉਨ੍ਹਾਂ ਕਿਹਾ ਕਿ ਉਕਤ ਵਿਅਕਤੀ ਆਮ ਆਦਮੀ ਪਾਰਟੀ ਯੂਥ ਵਿੰਗ ਦੀ ਅਗਵਾਈ ਕਰੇਗਾ। ਉਨ੍ਹਾਂ ਨੇ ਆਪ ਹਲਕਾ ਇੰਚਾਰਜ ਨੂੰ ਸਵਾਲ ਕਰਦਿਆਂ ਕਿਹਾ ਕਿ ਇੱਕ ਜਾਣਿਆ-ਪਛਾਣਿਆ ਗੈਂਗਸਟਰ, ਜੋ ਲਗਾਤਾਰ ਸਥਾਨਕ ਲੋਕਾਂ ਨੂੰ ਡਰਾਉਂਦਾ-ਧਮਕਾਉਂਦਾ ਹੈ, ਹੁਣ ਆਪ ਦੀ ਮਦਦ ਲਈ ਆਪਣੀ ਧੱਕੇਸ਼ਾਹੀ ਦੀ ਵਰਤੋਂ ਕਰੇਗਾ। ਵਾਲੀਆ ਨੇ ਆਪ ’ਤੇ ਤਨਜ਼ ਕੱਸਦਿਆਂ ਇਸ ਨੂੰ ਗੈਂਗਸਟਰ ਆਦਮੀ ਪਾਰਟੀ ਕਰਾਰ ਦਿੱਤਾ ਤੇ ਕਿਹਾ ਕਿ ਇਹ ਪਾਰਟੀ ਸੂਬੇ ਦੇ ਭਵਿੱਖ ਨੂੰ ਤਬਾਹ ਕਰ ਰਹੀ ਹੈ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਪੰਜਾਬ ਨੂੰ ਬਚਾਉਣ ਲਈ ਆਪ ਸਰਕਾਰ ਦਾ ਜਾਣਾ ਬਹੁਤ ਜ਼ਰੂਰੀ ਹੈ।