- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਮ ਆਦਮੀ ਪਾਰਟੀ ਪੰਜਾਬ ਨੂੰ ਨੰਬਰ ਇੱਕ ਪੰਜਾਬ ਬਣਾਉਣ ਲਈ ਯਤਨਸ਼ੀਲ : ਚੇਅਰਮੈਨ ਲੁਬਾਣਾ

ਮੱਲ੍ਹੀ, ਪੰਜਾਬੀ ਜਾਗਰਣ
ਕਪੂਰਥਲਾ : ਆਮ ਆਦਮੀ ਪਾਰਟੀ (ਆਪ) ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਨੂੰ ਹਰ ਖੇਤਰ ਵਿੱਚ ਅੱਗੇ ਵਧਾਉਣ ਤੇ ਨੰਬਰ ਇੱਕ ਬਣਾਉਣ ਲਈ ਲਗਾਤਾਰ ਯਤਨਸ਼ੀਲ ਹੈ। ਇਹ ਗੱਲ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸਰਬਜੀਤ ਸਿੰਘ ਲੁਬਾਣਾ ਨੇ ਸ਼ੁੱਕਰਵਾਰ ਨੂੰ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਕਹੀ। ਚੇਅਰਮੈਨ ਲੁਬਾਣਾ ਨੇ ਕਿਹਾ ਕਿ ਆਪ ਦੀ ਰਾਜਨੀਤੀ ਭਰੋਸੇ, ਇਮਾਨਦਾਰੀ ਤੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਦੀ ਵਚਨਬੱਧਤਾ ’ਤੇ ਆਧਾਰਿਤ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਦੀ ਗਰੰਟੀ ਸਿਰਫ਼ ਚੋਣ ਨਾਅਰਾ ਨਹੀਂ, ਸਗੋਂ ਲੋਕਾਂ ਨਾਲ ਕੀਤਾ ਗਿਆ ਉਹ ਵਾਅਦਾ ਹੈ, ਜਿਸ ਨੂੰ ਪੂਰਾ ਕਰਨਾ ਪਾਰਟੀ ਦੀ ਜ਼ਿੰਮੇਵਾਰੀ ਹੈ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਵਾਅਦੇ ਨੂੰ ਪੂਰਾ ਕਰਕੇ ਦਿਖਾ ਰਹੀ ਹੈ। ਚੇਅਰਮੈਨ ਲੁਬਾਣਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਮਾਜਿਕ ਨਿਆਂ ਤੇ ਔਰਤਾਂ ਦੇ ਵਧੇਰੇ ਸਸ਼ਕਤੀਕਰਨ ਨੂੰ ਯਕੀਨੀ ਬਣਾਉਣ ਲਈ ਇਤਿਹਾਸਕ ਫੈਸਲਾ ਲਿਆ ਗਿਆ ਹੈ। ਇਸ ਯੋਜਨਾ ਤਹਿਤ ਅਨੁਸੂਚਿਤ ਜਾਤੀ ਦੀਆਂ ਔਰਤਾਂ ਨੂੰ ਪ੍ਰਤੀ ਮਹੀਨਾ 1500 ਤੇ 18 ਸਾਲ ਤੋਂ ਵੱਧ ਉਮਰ ਦੀਆਂ ਹੋਰ ਔਰਤਾਂ ਨੂੰ ਪ੍ਰਤੀ ਮਹੀਨਾ 1,000 ਦੀ ਸਿੱਧੀ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਇਹ ਫੈਸਲਾ ਸਮਾਜਿਕ ਨਿਆਂ ਤੇ ਸਮਾਨਤਾ ਵੱਲ ਇਕ ਵੱਡਾ ਕਦਮ ਹੈ। ਇਹ ਸਿਰਫ਼ ਇਕ ਯੋਜਨਾ ਨਹੀਂ, ਸਗੋਂ ਪੰਜਾਬ ਦੀਆਂ ਮਾਵਾਂ, ਭੈਣਾਂ ਤੇ ਧੀਆਂ ਦੇ ਸਨਮਾਨ ਦਾ ਫੈਸਲਾ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਇਸ ਯੋਜਨਾ ਲਈ ਆਪਣੇ ਬਜਟ ’ਚ 9300 ਕਰੋੜ ਰੁਪਏ ਰਾਖਵੇਂ ਕੀਤੇ ਹਨ, ਜੋ ਕਿ ਦੇਸ਼ ਵਿੱਚ ਔਰਤਾਂ ਲਈ ਸਭ ਤੋਂ ਵੱਡੀਆਂ ਸਿੱਧੀ ਵਿੱਤੀ ਸਹਾਇਤਾ ਯੋਜਨਾਵਾਂ ਵਿੱਚੋਂ ਇੱਕ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਔਰਤਾਂ ਦੀ ਭਲਾਈ ਲਈ ਕਈ ਮਹੱਤਵਪੂਰਨ ਕਦਮ ਚੁੱਕੇ ਹਨ। ਔਰਤਾਂ ਲਈ ਮੁਫ਼ਤ ਬੱਸ ਯਾਤਰਾ, ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਮੁਫ਼ਤ ਇਲਾਜ ਤੇ ਘਰਾਂ ਲਈ ਮੁਫ਼ਤ ਬਿਜਲੀ ਵਰਗੇ ਫੈਸਲਿਆਂ ਨੇ ਮਿਲ ਕੇ ਪੰਜਾਬ ਦੀਆਂ ਔਰਤਾਂ ਲਈ ਮਜ਼ਬੂਤ ਸਮਾਜਿਕ ਸੁਰੱਖਿਆ ਜਾਲ ਤਿਆਰ ਕੀਤਾ ਹੈ। ਉਨ੍ਹਾਂ ਕਿਹਾ ਕਿ ਫਰਕ ਸਪੱਸ਼ਟ ਹੈ ਪੁਰਾਣੀ ਰਾਜਨੀਤੀ ਤੇ ਨਵੀਂ ਰਾਜਨੀਤੀ ਦਾ। ਪਿਛਲੀਆਂ ਸਰਕਾਰਾਂ ਧਰਮ, ਜਾਤ ਤੇ ਪਛਾਣ ਦੇ ਨਾਮ ’ਤੇ ਵੋਟਾਂ ਮੰਗਦੀਆਂ ਰਹੀਆਂ ਪਰ ਔਰਤਾਂ ਨੂੰ ਆਰਥਿਕ ਤੌਰ ’ਤੇ ਮਜ਼ਬੂਤ ਬਣਾਉਣ ਲਈ ਗੰਭੀਰ ਯਤਨ ਨਹੀਂ ਕੀਤੇ। ਆਮ ਆਦਮੀ ਪਾਰਟੀ ਦੀ ਸਰਕਾਰ ਨੇ ਰਾਜਨੀਤੀ ਦੀ ਦਿਸ਼ਾ ਹੀ ਬਦਲ ਦਿੱਤੀ ਹੈ। ਹੁਣ ਸਰਕਾਰੀ ਪੈਸਾ ਲੋਕਾਂ ਦੀ ਭਲਾਈ ਤੇ ਖਰਚ ਹੋ ਰਿਹਾ ਹੈ ਕਿਉਂਕਿ ਇਮਾਨਦਾਰ ਸਰਕਾਰ ਵਿੱਚ ਪੈਸਾ ਭ੍ਰਿਸ਼ਟਾਚਾਰ ਵਿੱਚ ਨਹੀਂ ਜਾਂਦਾ।