ਵਿਆਹ ਪੁਰਬ ਲਈ ਬਟਾਲਾ ਨਿਵਾਸੀ ਨੇ ਭੇਟ ਕੀਤੀ ਵਿਆਹ ਦੀ ਭਾਜੀ ਮਹਾਨ ਨਗਰ ਕੀਰਤਨ ਲਈ ਬਟਾਲਾ ਨਿਵਾਸੀ ਤਰਸੇਮ ਸਿੰਘ ਰੰਧਾਵਾ ਵੱਲੋਂ ਸ਼ਰਧਾ ਨਾਲ ਭੇਂਟ ਕੀਤੀ ਵਿਆਹ ਦੀ ਭਾਜੀ
Publish Date: Fri, 04 Sep 2026 09:18 PM (IST)
Updated Date: Fri, 04 Sep 2026 09:19 PM (IST)
ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਸ਼੍ਰੋਮਣੀ ਕਮੇਟੀ ਮੈਂਬਰਾਂ ਤੇ ਪ੍ਰਬੰਧਕਾਂ ਵੱਲੋਂ ਤਰਸੇਮ ਸਿੰਘ ਰੰਧਾਵਾ ਦਾ ਸਨਮਾਨ ਕੁਲਬੀਰ ਸਿੰਘ ਮਿੰਟੂ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪਵਿੱਤਰ ਵਿਆਹ ਪੁਰਬ ਦੀ ਯਾਦ ਵਿੱਚ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੋਂ ਬਟਾਲਾ ਤੱਕ ਸਜਾਏ ਜਾ ਰਹੇ ਮਹਾਨ ਨਗਰ ਕੀਰਤਨ ਸਬੰਧੀ ਸੰਗਤਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸੇ ਲੜੀ ਤਹਿਤ ਬਟਾਲਾ ਨਿਵਾਸੀ ਤਰਸੇਮ ਸਿੰਘ ਰੰਧਾਵਾ ਵੱਲੋਂ ਵਿਆਹ ਪੁਰਬ ਦੀ ਪਰੰਪਰਾ ਅਨੁਸਾਰ ਵਿਆਹ ਦੀ ਭਾਜੀ ਤਿਆਰ ਕਰਵਾ ਕੇ ਬੜੀ ਸ਼ਰਧਾ ਤੇ ਸਤਿਕਾਰ ਸਹਿਤ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਭੇਟ ਕੀਤੀ ਗਈ। ਇਸ ਮੌਕੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਪ੍ਰਬੰਧਕਾਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵੱਲੋਂ ਤਰਸੇਮ ਸਿੰਘ ਰੰਧਾਵਾ ਦੀ ਇਸ ਸ਼ਰਧਾ ਭਾਵਨਾ ਦੀ ਸ਼ਲਾਘਾ ਕੀਤੀ ਗਈ ਤੇ ਉਨ੍ਹਾਂ ਨੂੰ ਸਿਰੋਪਾਓ ਦੇ ਕੇ ਸਨਮਾਨਤ ਕੀਤਾ ਗਿਆ। ਸਨਮਾਨ ਕਰਨ ਵਾਲਿਆਂ ਵਿੱਚ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਜਰਨੈਲ ਸਿੰਘ ਡੋਗਰਾਵਾਲ, ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਗੁਰਪ੍ਰੀਤ ਕੌਰ ਰੂਹੀ, ਰਾਜਾ ਗੁਰਪ੍ਰੀਤ ਸਿੰਘ ਪ੍ਰਧਾਨ ਬਾਬਾ ਸ੍ਰੀ ਚੰਦ ਵੈੱਲਫੇਅਰ ਟਰੱਸਟ ਤੇ ਗੁਰਦੁਆਰਾ ਸਾਹਿਬ ਦਾ ਸਟਾਫ ਹਾਜ਼ਰ ਸੀ। ਇਸ ਮੌਕੇ ਜਸਵਿੰਦਰ ਸਿੰਘ ਰਿਕਾਰਡ ਕੀਪਰ, ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਹਰਜਿੰਦਰ ਸਿੰਘ ਚੰਡੀਗੜ੍ਹ ਸਮੇਤ ਹੋਰ ਸਟਾਫ ਮੈਂਬਰ ਵੀ ਮੌਜੂਦ ਸਨ। ਵਿਆਹ ਦੀ ਭਾਜੀ ਭੇਟ ਕਰਨ ਮੌਕੇ ਤਰਸੇਮ ਸਿੰਘ ਰੰਧਾਵਾ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਵਿਆਹ ਪੁਰਬ ਦੀ ਯਾਦ ਨਾਲ ਜੁੜੀ ਇਸ ਪਵਿੱਤਰ ਪਰੰਪਰਾ ਵਿੱਚ ਆਪਣਾ ਨਿਮਾਣਾ ਜਿਹਾ ਯੋਗਦਾਨ ਪਾਉਣਾ ਉਨ੍ਹਾਂ ਲਈ ਵੱਡੀ ਖੁਸ਼ਕਿਸਮਤੀ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਉਹ ਗੁਰੂ ਸਾਹਿਬ ਅੱਗੇ ਸਰਬੱਤ ਦੇ ਭਲੇ ਤੇ ਸਮੁੱਚੀ ਸੰਗਤ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਦੇ ਹਨ। ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਇਸ ਮੌਕੇ ਮਾਹੌਲ ਪੂਰੀ ਤਰ੍ਹਾਂ ਧਾਰਮਿਕ ਤੇ ਸ਼ਰਧਾਮਈ ਬਣਿਆ ਰਿਹਾ। ਸੰਗਤਾਂ ਵੱਲੋਂ ਵਿਆਹ ਪੁਰਬ ਨਾਲ ਜੁੜੀਆਂ ਪੁਰਾਤਨ ਪਰੰਪਰਾਵਾਂ ਨੂੰ ਸ਼ਰਧਾ ਨਾਲ ਨਿਭਾਉਂਦਿਆਂ ਮਹਾਨ ਨਗਰ ਕੀਰਤਨ ਦੀਆਂ ਤਿਆਰੀਆਂ ਵਿੱਚ ਵੀ ਉਤਸ਼ਾਹ ਨਾਲ ਸਹਿਯੋਗ ਦਿੱਤਾ ਜਾ ਰਿਹਾ ਹੈ।