ਨਿਗਮ ਕਮਿਸ਼ਨਰ ਨੇ ਬੂਟੇ ਲਗਾਉਂਣ ਦੀ ਮੁਹਿੰਮ ਕੀਤੀ ਸ਼ੁਰੂਆਤ ਵਾਤਾਵਰਨ ਸੁਰੱਖਿਆ ਤਹਿਤ ਪੌਦੇ ਲਗਾਉਣ ਦੇ ਟੀਚੇ ਨੂੰ ਲੈ ਕੇ ਬੂਟੇ ਲਗਾਉਂਣ ਦੀ ਮੁਹਿੰਮ ਕੀਤੀ ਸ਼ੁਰੂਆਤ
Publish Date: Sat, 08 Aug 2026 08:48 PM (IST)
Updated Date: Sat, 08 Aug 2026 08:50 PM (IST)
ਗੁਰਵਿੰਦਰ ਕੌਰ, ਪੰਜਾਬੀ ਜਾਗਰਣ ਕਪੂਰਥਲਾ : ਨਗਰ ਨਿਗਮ ਕਪੂਰਥਲਾ ਤੇ ਹਿਊਮਨ ਰਾਈਟਸ ਪ੍ਰੈੱਸ ਕਲੱਬ ਪੰਜਾਬ ਵੱਲੋਂ ਵਾਤਾਵਰਨ ਸੁਰੱਖਿਆ ਤਹਿਤ ਵੱਧ ਤੋਂ ਵੱਧ ਪੌਦੇ ਲਗਾਉਣ ਦੇ ਟੀਚੇ ਨੂੰ ਲੈ ਕੇ ਚਲਾਈ ਜਾ ਰਹੀ ਬੂਟੇ ਲਗਾਉਣ ਦੀ ਮੁਹਿੰਮ ਤਹਿਤ ਸ਼ਹਿਰ ਦੇ ਮਾਡਲ ਟਾਊਨ ਸਥਿਤ ਪਾਰਕ ਤੇ ਆਸ-ਪਾਸ ਦੇ ਖੇਤਰ ਵਿੱਚ ਪੌਦੇ ਲਗਾਏ ਗਏ। ਇਸ ਮੌਕੇ ਨਗਰ ਨਿਗਮ ਕਮਿਸ਼ਨਰ ਅਨੁਪਮ ਕਲੇਰ ਤੇ ਕਲੱਬ ਦੇ ਪ੍ਰਧਾਨ ਐਡਵੋਕੇਟ ਸੁਕੇਤ ਗੁਪਤਾ ਨੇ ਲੋਕਾਂ ਨੂੰ ਵੱਧ ਤੋਂ ਵੱਧ ਫਲਦਾਰ ਪੌਦੇ ਲਗਾਉਣ ਤੇ ਉਨ੍ਹਾਂ ਦੀ ਸੰਭਾਲ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਵਾਤਾਵਰਨ ਨੂੰ ਸਾਫ਼-ਸੁਥਰਾ ਤੇ ਪ੍ਰਦੂਸ਼ਣ ਮੁਕਤ ਬਣਾਉਣ ਲਈ ਹਰੇਕ ਵਿਅਕਤੀ ਨੂੰ ਬੂਟੇ ਲਗਾਉਂਣ ਵਿੱਚ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਜੇਕਰ ਹਰ ਨਾਗਰਿਕ ਇੱਕ ਪੌਦਾ ਲਗਾ ਕੇ ਉਸ ਦੀ ਸੰਭਾਲ ਕਰੇ ਤਾਂ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਫ਼ ਤੇ ਹਰਿਆ-ਭਰਿਆ ਵਾਤਾਵਰਨ ਯਕੀਨੀ ਬਣਾਇਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਮੁਹਿੰਮ ਤਹਿਤ ਸ਼ੁੱਕਰਵਾਰ ਨੂੰ ਮਾਡਲ ਟਾਊਨ ਸਥਿਤ ਪਾਰਕ ਅਤੇ ਆਸ-ਪਾਸ ਦੇ ਖੇਤਰ ਵਿੱਚ ਕਰੀਬ 150 ਪੌਦੇ ਵੰਡੇ ਗਏ। ਇਨ੍ਹਾਂ ਵਿੱਚ ਬੱਬੂ ਘੋਸਾ, ਆਲੂਬੁਖਾਰਾ, ਨਿੰਬੂ, ਨੀਮ, ਪਦਮ ਅਤੇ ਅਮਰੂਦ ਦੇ ਪੌਦੇ ਸ਼ਾਮਲ ਹਨ। ਇਸ ਤੋਂ ਇਲਾਵਾ ਲੋਕਾਂ ਵੱਲੋਂ ਮਾਡਲ ਟਾਊਨ ਦੇ ਆਸ-ਪਾਸ ਅਤੇ ਪਾਰਕ ਵਿੱਚ ਕਰੀਬ 50 ਪੌਦੇ ਲਗਾਏ ਗਏ। ਸੰਸਥਾ ਦੇ ਸਰਪ੍ਰਸਤ ਬੀਐੱਨ ਗੁਪਤਾ ਨੇ ਕਿਹਾ ਕਿ ਲੋਕ ਆਪਣੇ ਘਰਾਂ, ਮੁਹੱਲਿਆਂ ਤੇ ਖਾਲੀ ਥਾਵਾਂ ’ਤੇ ਵੱਧ ਤੋਂ ਵੱਧ ਪੌਦੇ ਤੇ ਦਰੱਖਤ ਲਗਾਉਣ ਦੇ ਨਾਲ-ਨਾਲ ਉਨ੍ਹਾਂ ਦੀ ਨਿਯਮਤ ਦੇਖਭਾਲ ਵੀ ਕਰਨ। ਕਮਿਸ਼ਨਰ ਅਨੁਪਮ ਕਲੇਰ ਨੇ ਕਿਹਾ ਕਿ ਪੌਦੇ ਸਿਰਫ਼ ਵਾਤਾਵਰਨ ਦੀ ਸੁਰੱਖਿਆ ਦਾ ਸਾਧਨ ਨਹੀਂ, ਸਗੋਂ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਅਨਮੁੱਲੀ ਵਿਰਾਸਤ ਹਨ। ਉਨ੍ਹਾਂ ਨਾਗਰਿਕਾਂ ਨੂੰ ਬੂਟੇ ਲਗਾਉਂਣ ਦੇ ਨਾਲ-ਨਾਲ ਪੌਦਿਆਂ ਦੀ ਸੁਰੱਖਿਆ ਤੇ ਸੰਭਾਲ ਕਰਨ ਦੀ ਵੀ ਅਪੀਲ ਕੀਤੀ। ਇਸ ਮੌਕੇ ਵਾਤਾਵਰਨ ਪ੍ਰੇਮੀ ਗੁਰਚਰਨ ਸਿੰਘ ਐੱਸਆਈ ਰਿਟਾਇਰਡ, ਗੁਰਮੁਖ ਸਿੰਘ ਢੋਡ, ਹਰਮਿੰਦਰ ਅਰੋੜਾ, ਪ੍ਰਕਾਸ਼ ਬਟਲਾ, ਅਰੁਣ ਖੋਸਲਾ, ਡਾ. ਰਾਜੀਵ ਧੀਰ ਤੇ ਜਸਜੀਤ ਸਿੰਘ ਔਜਲਾ ਨੇ ਪੌਦੇ ਲਗਾਏ। ਇਸ ਮੌਕੇ ਹਿਊਮਨ ਰਾਈਟਸ ਕਲੱਬ ਦੇ ਮੈਂਬਰ ਰੰਜੂਜ ਕੌਰ, ਜੋਤੀ, ਸੰਜੀਵ ਖੰਨਾ, ਹਰੀਸ਼ ਅਰੋੜਾ, ਵਿਕਾਸ ਗੁਪਤਾ, ਵਿਸ਼ਾਲ ਅਗਰਵਾਲ, ਗੁਰਪ੍ਰੀਤ ਸਿੰਘ ਗੋਪੀ, ਮਾਸਟਰ ਰਾਜਕੁਮਾਰ, ਆਕਾਸ਼ ਕਪੂਰ ਅਤੇ ਅਖਿਲ ਕੋੜਾ ਨੇ ਵੀ ਵੱਧ ਤੋਂ ਵੱਧ ਦਰੱਖਤ ਲਗਵਾਉਣ ਦਾ ਸੰਕਲਪ ਲਿਆ।