ਬ੍ਰਿਟਿਸ਼ ਸਕੂਲ ’ਚ ਹੋਮ ਪਿਕਨਿਕ ਮਨਾਈ ਬ੍ਰਿਟਿਸ਼ ਵਿਕਟੋਰੀਆ ਸਕੂਲ ਵਿੱਚ ਵਿਸ਼ੇਸ਼ ਹੋਮ ਪਿਕਨਿਕ ਦਾ ਆਯੋਜਨ ਕੀਤਾ
Publish Date: Fri, 02 Oct 2026 07:41 PM (IST)
Updated Date: Fri, 02 Oct 2026 07:43 PM (IST)
ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਪ੍ਰੀਖਿਆਵਾਂ ਦੇ ਸਫਲਤਾਪੂਰਵਕ ਸਮਾਪਤ ਹੋਣ ਤੋਂ ਬਾਅਦ ਬ੍ਰਿਟਿਸ਼ ਵਿਕਟੋਰੀਆ ਸਕੂਲ, ਸੁਲਤਾਨਪੁਰ ਲੋਧੀ ਵੱਲੋਂ ਵਿਦਿਆਰਥੀਆਂ ਲਈ ਉਨ੍ਹਾਂ ਦੀ ਉਮਰ ਤੇ ਰੁਚੀ ਅਨੁਸਾਰ ਵਿਸ਼ੇਸ਼ ਵਿਦਿਅਕ ਤੇ ਅਨੁਭਵਾਤਮਕ ਯਾਤਰਾਵਾਂ ਦਾ ਆਯੋਜਨ ਕੀਤਾ ਗਿਆ। ਇਨ੍ਹਾਂ ਯਾਤਰਾਵਾਂ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਕਲਾਸਰੂਮ ਦੀਆਂ ਚਾਰਦੀਵਾਰੀਆਂ ਤੋਂ ਬਾਹਰ ਲੈ ਜਾ ਕੇ ਅਸਲ ਜੀਵਨ ਦੇ ਅਨੁਭਵ, ਨਵੀਆਂ ਥਾਵਾਂ ਦੀ ਖੋਜ, ਸਮਾਜਿਕ ਸੰਪਰਕ, ਅਨੁਭਵਾਤਮਕ ਸਿੱਖਿਆ ਅਤੇ ਮਨੋਰੰਜਨ ਨਾਲ ਜੋੜਨਾ ਸੀ। ਸਕੂਲ ਵੱਲੋਂ ਕਿੰਡਰਗਾਰਟਨ ਤੋਂ ਲੈ ਕੇ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਵੱਖ-ਵੱਖ ਸਥਾਨਾਂ ਦੀ ਚੋਣ ਕੀਤੀ ਗਈ, ਤਾਂ ਜੋ ਹਰ ਉਮਰ ਵਰਗ ਦੇ ਵਿਦਿਆਰਥੀ ਆਪਣੀ ਰੁਚੀ ਤੇ ਸਿੱਖਣ ਦੇ ਪੱਧਰ ਅਨੁਸਾਰ ਨਵੇਂ ਅਨੁਭਵ ਪ੍ਰਾਪਤ ਕਰ ਸਕਣ। ਇਨ੍ਹਾਂ ਯਾਤਰਾਵਾਂ ਦੌਰਾਨ ਵਿਦਿਆਰਥੀਆਂ ਨੇ ਖੇਡਾਂ, ਰੋਮਾਂਚ, ਕੁਦਰਤ, ਸੱਭਿਆਚਾਰ, ਇਤਿਹਾਸ ਤੇ ਸਮਾਜਿਕ ਜੀਵਨ ਨੂੰ ਨੇੜਿਓਂ ਜਾਣਿਆ। ਕਿੰਡਰਗਾਰਟਨ ਦੇ ਨੰਨ੍ਹੇ-ਮੁੰਨੇ ਵਿਦਿਆਰਥੀਆਂ ਲਈ ਸਕੂਲ ਕੈਂਪਸ ਵਿੱਚ ਵਿਸ਼ੇਸ਼ ਹੋਮ ਪਿਕਨਿਕ ਦਾ ਆਯੋਜਨ ਕੀਤਾ ਗਿਆ। ਸਕੂਲ ਦੇ ਮੈਦਾਨ ਨੂੰ ਪਿਕਨਿਕ ਸਥਾਨ ਵਜੋਂ ਸਜਾਇਆ ਗਿਆ, ਜਿੱਥੇ ਬੱਚਿਆਂ ਨੇ ਆਪਣੇ ਦੋਸਤਾਂ ਤੇ ਅਧਿਆਪਕਾਂ ਨਾਲ ਪੂਰੇ ਉਤਸ਼ਾਹ ਨਾਲ ਦਿਨ ਬਿਤਾਇਆ। ਬੱਚਿਆਂ ਲਈ ਵੱਖ-ਵੱਖ ਖੇਡਾਂ, ਟ੍ਰੈਂਪੋਲਿਨ, ਰਾਈਡਜ਼, ਰੇਨ ਡਾਂਸ ਤੇ ਜ਼ੋਰਬ ਬਾਲ ਸਮੇਤ ਕਈ ਮਨੋਰੰਜਕ ਗਤੀਵਿਧੀਆਂ ਕਰਵਾਈਆਂ ਗਈਆਂ। ਮੈਜਿਕ ਸ਼ੋਅ ਇਸ ਪਿਕਨਿਕ ਦਾ ਮੁੱਖ ਆਕਰਸ਼ਣ ਰਿਹਾ, ਜਿਸ ਨੇ ਨੰਨ੍ਹੇ-ਮੁੰਨਿਆਂ ਨੂੰ ਹੈਰਾਨੀ ਤੇ ਰੋਮਾਂਚ ਨਾਲ ਭਰ ਦਿੱਤਾ। ਕਲਾਸ 1 ਤੋਂ 3 ਦੇ ਵਿਦਿਆਰਥੀਆਂ ਲਈ ਜਲੰਧਰ ਸਥਿਤ ਸਕਾਈਜੰਪਰ ਵਿਖੇ ਵਿਸ਼ੇਸ਼ ਇੱਕ-ਦਿਨਾ ਯਾਤਰਾ ਕਰਵਾਈ ਗਈ। ਵਿਦਿਆਰਥੀਆਂ ਨੇ ਟ੍ਰੈਂਪੋਲਿਨ ਪਾਰਕ ਦੀਆਂ ਵੱਖ-ਵੱਖ ਰੋਮਾਂਚਕ ਗਤੀਵਿਧੀਆਂ ਵਿੱਚ ਪੂਰੇ ਉਤਸ਼ਾਹ ਨਾਲ ਭਾਗ ਲਿਆ ਤੇ ਖੂਬ ਆਨੰਦ ਮਾਣਿਆ। ਇਸ ਦੇ ਨਾਲ ਹੀ ਬੱਚਿਆਂ ਨੇ ਸ਼ੂਟਿੰਗ ਰੇਂਜ ਦਾ ਅਨੁਭਵ ਵੀ ਪ੍ਰਾਪਤ ਕੀਤਾ ਤੇ ਆਪਣੇ ਦੋਸਤਾਂ ਤੇ ਅਧਿਆਪਕਾਂ ਨਾਲ ਲੰਚ ਦਾ ਆਨੰਦ ਮਾਣਿਆ। ਕਲਾਸ 4 ਤੋਂ 8 ਦੇ ਵਿਦਿਆਰਥੀਆਂ ਨੇ ਲੁਧਿਆਣਾ ਸਥਿਤ ਜ਼ੈਪ ਵਿਖੇ ਰੋਮਾਂਚ, ਗੇਮਿੰਗ ਤੇ ਮਨੋਰੰਜਨ ਨਾਲ ਭਰਪੂਰ ਇੱਕ-ਦਿਨਾ ਯਾਤਰਾ ਦਾ ਆਨੰਦ ਮਾਣਿਆ। ਵਿਦਿਆਰਥੀਆਂ ਨੇ ਵੱਖ-ਵੱਖ ਗੇਮਾਂ, ਰੋਮਾਂਚਕ ਗਤੀਵਿਧੀਆਂ ਤੇ ਮਨੋਰੰਜਕ ਖੇਡਾਂ ਵਿੱਚ ਭਾਗ ਲੈ ਕੇ ਖੂਬ ਮਸਤੀ ਕੀਤੀ। ਕਲਾਸ 9 ਤੋਂ 12 ਦੇ ਵਿਦਿਆਰਥੀਆਂ ਲਈ ਆਯੋਜਿਤ ਧਰਮਸ਼ਾਲਾ ਤੇ ਮੈਕਲੋਡਗੰਜ ਦੀ ਤਿੰਨ-ਦਿਨਾ ਯਾਤਰਾ ਪੂਰੇ ਪ੍ਰੋਗਰਾਮ ਦਾ ਵਿਸ਼ੇਸ਼ ਆਕਰਸ਼ਣ ਰਹੀ। ਵਿਦਿਆਰਥੀਆਂ ਨੇ ਧਰਮਸ਼ਾਲਾ ਸਟੇਡੀਅਮ, ਸੁੰਦਰ ਝਰਨਿਆਂ, ਸਥਾਨਕ ਪਿੰਡਾਂ ਤੇ ਸਥਾਨਕ ਬਾਜ਼ਾਰਾਂ ਦਾ ਦੌਰਾ ਕੀਤਾ। ਉਨ੍ਹਾਂ ਨੂੰ ਸਥਾਨਕ ਜੀਵਨ-ਸ਼ੈਲੀ, ਖਾਣ-ਪੀਣ, ਸੱਭਿਆਚਾਰ ਤੇ ਖੇਤਰੀ ਪਰੰਪਰਾਵਾਂ ਨੂੰ ਨੇੜਿਓਂ ਸਮਝਣ ਦਾ ਮੌਕਾ ਮਿਲਿਆ। ਇਸ ਯਾਤਰਾ ਦਾ ਇੱਕ ਮਹੱਤਵਪੂਰਨ ਵਿਦਿਅਕ ਪੜਾਅ ਯੁੱਧ ਸਮਾਰਕ ਰਿਹਾ। ਇਸ ਵਿਸ਼ੇਸ਼ ਪਹਿਲ ਤੇ ਚੇਅਰਮੈਨ ਸ਼ਿੰਦਰਪਾਲ ਸਿੰਘ, ਮੈਨੇਜਿੰਗ ਡਾਇਰੈਕਟਰ ਅਰਸ਼ਦੀਪ ਸਿੰਘ ਤੇ ਪ੍ਰਿੰਸੀਪਲ ਸੁਨੀਤਾ ਸੱਭਰਵਾਲ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ।