ਨਾਜਾਇਜ਼ ਸ਼ਰਾਬ ਦੀ ਰੋਕਥਾਮ ਲਈ ਚਲਾਈ ਵਿਸ਼ੇਸ਼ ਮੁਹਿੰਮ ਜਿਲ੍ਹੇ ਵਿੱਚ ਨਾਜਾਇਜ਼ ਸ਼ਰਾਬ ਦੀ ਰੋਕਥਾਮ ਲਈ ਵਿਸ਼ੇਸ਼ ਮੁਹਿੰਮ ਚਲਾਈ
Publish Date: Sat, 21 Nov 2026 08:13 PM (IST)
Updated Date: Sat, 21 Nov 2026 08:16 PM (IST)
ਸੁਖਪਾਲ ਸਿੰਘ ਹੁੰਦਲ, ਪੰਜਾਬੀ ਜਾਗਰਣ ਕਪੂਰਥਲਾ : ਜਿਲ੍ਹਾ ਕਪੂਰਥਲਾ ਦੇ ਆਬਕਾਰੀ ਅਫਸਰ ਸੁਖਜੀਤ ਸਿੰਘ ਚਾਹਲ ਨੇ ਦੱਸਿਆ ਕਿ ਮਾਣਯੋਗ ਉਪ ਕਮਿਸ਼ਨਰ ਜਲੰਧਰ ਜ਼ੋਨ, ਜਲੰਧਰ ਰਣਜੀਤ ਸਿੰਘ ਤੇ ਸਹਾਇਕ ਕਮਿਸ਼ਨਰ ਕਪੂਰਥਲਾ ਰੇਂਜ, ਨਵਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹੇ ਵਿੱਚ ਨਾਜਾਇਜ਼ ਸ਼ਰਾਬ ਦੀ ਰੋਕਥਾਮ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਵੱਖ-ਵੱਖ ਪਿੰਡਾਂ ਤੇ ਇਲਾਕਿਆਂ ਵਿੱਚ ਲੋਕਾਂ ਨੂੰ ਨਾਜਾਇਜ਼ ਸ਼ਰਾਬ ਤੇ ਲਾਹਣ ਦੇ ਸੇਵਨ ਨਾਲ ਮਨੁੱਖੀ ਸਿਹਤ ਉੱਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ ਗਈ ਤੇ ਵਿਭਾਗ ਵੱਲੋਂ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਕਿ ਨਜਾਇਜ਼ ਤੇ ਗੈਰ-ਮਿਆਰੀ ਸ਼ਰਾਬ ਦਾ ਸੇਵਨ ਸਿਹਤ ਲਈ ਬੇਹੱਦ ਖ਼ਤਰਨਾਕ ਹੋ ਸਕਦਾ ਹੈ। ਇਸ ਦੇ ਸੇਵਨ ਨਾਲ ਅੱਖਾਂ ਦੀ ਰੌਸ਼ਨੀ ਜਾਣ, ਸਰੀਰ ਦੇ ਮਹੱਤਵਪੂਰਨ ਅੰਗਾਂ ਨੂੰ ਨੁਕਸਾਨ ਪਹੁੰਚਣ, ਇੱਥੋਂ ਤੱਕ ਕਿ ਜਾਨ ਜਾਣ ਦਾ ਵੀ ਖ਼ਤਰਾ ਹੋ ਸਕਦਾ ਹੈ। ਇਸ ਦੌਰਾਨ ਆਮ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਕੁਝ ਪੈਸਿਆਂ ਦੀ ਬੱਚਤ ਕਰਨ ਦੇ ਲਾਲਚ ਵਿੱਚ ਆਪਣੀ ਕੀਮਤੀ ਜ਼ਿੰਦਗੀ ਨੂੰ ਖ਼ਤਰੇ ਵਿੱਚ ਨਾ ਪਾਉਣ ਤੇ ਨਾਜਾਇਜ਼ ਸ਼ਰਾਬ ਤੇ ਲਾਹਣ ਦੇ ਸੇਵਨ ਤੋਂ ਪੂਰੀ ਤਰ੍ਹਾਂ ਗੁਰੇਜ਼ ਕਰਨ। ਆਬਕਾਰੀ ਵਿਭਾਗ ਵੱਲੋਂ ਇਹ ਵੀ ਅਪੀਲ ਕੀਤੀ ਗਈ ਕਿ ਜਿਹੜੇ ਵਿਅਕਤੀ ਸ਼ਰਾਬ ਦਾ ਸੇਵਨ ਕਰਦੇ ਹਨ, ਉਹ ਸਿਰਫ਼ ਸਰਕਾਰ ਵੱਲੋਂ ਅਧਿਕਾਰਤ ਸ਼ਰਾਬ ਦੇ ਠੇਕਿਆਂ ਤੋਂ ਹੀ ਕਾਨੂੰਨੀ ਤੌਰ ਤੇ ਵਿਕਣ ਵਾਲੀ ਸ਼ਰਾਬ ਖਰੀਦਣ। ਉਨ੍ਹਾਂ ਕਿਹਾ ਕਿ ਆਬਕਾਰੀ ਨਿਰੀਖਕ ਜਤਿੰਦਰਪਾਲ ਸਿੰਘ ਭੁਲੱਥ ਤੇ ਸੁਲਤਾਨਪੁਰ ਸਰਕਲ, ਆਬਕਾਰੀ ਨਿਰੀਖਕ ਸਿਮਰਨਪ੍ਰੀਤ ਸਿੰਘ, ਕਪੂਰਥਲਾ ਸਰਕਲ, ਆਬਕਾਰੀ ਨਿਰੀਖਕ ਮਨਜੀਤ ਕੌਰ, ਫਗਵਾੜਾ ਈਸਟ ਸਰਕਲ ਤੇ ਆਬਕਾਰੀ ਨਿਰੀਖਕ ਸਿਮਰਨਪ੍ਰੀਤ ਸਿੰਘ ਫਗਵਾੜਾ ਵੈਸਟ ਸਰਕਲ ਦੇ ਪੂਰਨ ਸਹਿਯੋਗ ਨਾਲ ਜ਼ਿਲ੍ਹਾ ਕਪੂਰਥਲਾ ਦੇ ਵੱਖ-ਵੱਖ ਪਿੰਡਾਂ ਤੇ ਇਲਾਕਿਆਂ ਵਿੱਚ ਮੁਨਿਆਦੀ ਕਰਵਾਈ ਗਈ।