ਪਸ਼ੂ ਪਾਲਣ ਵਿਭਾਗ ਨੇ ਗਊਸ਼ਾਲਾ ’ਚ ਵਿਸ਼ੇਸ਼ ਕੈਂਪ ਲਗਾਇਆ ਪਸ਼ੂ ਪਾਲਣ ਵਿਭਾਗ ਕਪੂਰਥਲਾ ਵੱਲੋਂ ਸ੍ਰੀ ਗੋਬਿੰਦ ਗੋਧਾਮ ਗਊਸ਼ਾਲਾ ਵਿਖੇ ਵਿਸ਼ੇਸ਼ ਕੈਂਪ ਲਗਾਇਆ
Publish Date: Tue, 08 Sep 2026 07:03 PM (IST)
Updated Date: Tue, 08 Sep 2026 07:04 PM (IST)
--ਪ੍ਰੋਬੇਸ਼ਨ ਮੁਕੰਮਲ ਹੋਣ ਉਪਰੰਤ ਡਾ. ਨਵਨੀਤ ਕੌਰ ਤੇ ਡਾ. ਉਦੈ ਸਿੰਘ ਖਿੰਡਾ ਵੱਲੋਂ ਗਊਸ਼ਾਲਾ ਨੂੰ 10,000 ਰੁਪਏ ਦੀਆਂ ਦਵਾਈਆਂ ਦਾਨ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਪਸ਼ੂ ਪਾਲਣ ਵਿਭਾਗ ਕਪੂਰਥਲਾ ਵੱਲੋਂ ਸ੍ਰੀ ਗੋਬਿੰਦ ਗੋਧਾਮ ਗਊਸ਼ਾਲਾ ਵਿਖੇ ਡਾ. ਬਲਵਿੰਦਰ ਸਿੰਘ, ਡਿਪਟੀ ਡਾਇਰੈਕਟਰ ਪਸ਼ੂ ਪਾਲਣ ਕਪੂਰਥਲਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਵਿਸ਼ੇਸ਼ ਕੈਂਪ ਲਗਾਇਆ ਗਿਆ। ਇਸ ਮੌਕੇ ਗਊਸ਼ਾਲਾ ਦੇ ਸਮੂਹ ਸਟਾਫ ਨੂੰ ਬਦਲਦੇ ਮੌਸਮ ਦੌਰਾਨ ਪਸ਼ੂਆਂ ਦੀ ਸਿਹਤ ਸੰਭਾਲ, ਚਿਚੜਾਂ ਤੋਂ ਬਚਾਅ ਤੇ ਲੰਪੀ ਸਕਿਨ ਡਿਜ਼ੀਜ਼ ਵਰਗੀਆਂ ਬਿਮਾਰੀਆਂ ਦੀ ਰੋਕਥਾਮ ਸਬੰਧੀ ਮਹੱਤਵਪੂਰਨ ਜਾਣਕਾਰੀ ਦਿੱਤੀ ਗਈ। ਇਸ ਮੌਕੇ ਡਾ. ਬਲਵਿੰਦਰ ਸਿੰਘ ਨੇ ਦੱਸਿਆ ਕਿ ਪਸ਼ੂ ਪਾਲਣ ਵਿਭਾਗ ਦੇ ਵੈਟਨਰੀ ਪੋਲੀਕਲੀਨਿਕ ਕਪੂਰਥਲਾ ਦੇ ਵੈਟਨਰੀ ਅਫਸਰ ਡਾ. ਨਵਨੀਤ ਕੌਰ ਤੇ ਡਾ. ਉਦੈ ਸਿੰਘ ਖਿੰਡਾ ਵੱਲੋਂ ਆਪਣੀ ਪ੍ਰੋਬੇਸ਼ਨ ਸਫਲਤਾਪੂਰਵਕ ਮੁਕੰਮਲ ਹੋਣ ਤੇ ਸਰਕਾਰ ਵੱਲੋਂ ਪੂਰੀ ਤਨਖਾਹ ਪ੍ਰਾਪਤ ਹੋਣ ਉਪਰੰਤ, ਆਪਣੀ ਨਿੱਜੀ ਇੱਛਾ ਤੇ ਸੇਵਾ-ਭਾਵਨਾ ਨਾਲ ਸ੍ਰੀ ਗੋਬਿੰਦ ਗੋਧਾਮ ਗਊਸ਼ਾਲਾ ਨੂੰ ਲਗਭਗ 10,000 ਰੁਪਏ ਦੀਆਂ ਦਵਾਈਆਂ ਦਾਨ ਕੀਤੀਆਂ ਗਈਆਂ ਹਨ। ਦਾਨ ਕੀਤੀਆਂ ਦਵਾਈਆਂ ਵਿੱਚ ਮਿਨਰਲ ਮਿਕਸਚਰ, ਡੀਵਾਰਮਰ, ਜ਼ਖ਼ਮਾਂ ਲਈ ਸਪਰੇਅ, ਐਂਟੀਬਾਇਓਟਿਕਸ, ਬੁਖਾਰ ਘਟਾਉਣ ਵਾਲੀਆਂ ਦਵਾਈਆਂ, ਦਰਦ ਨਿਵਾਰਕ ਦਵਾਈਆਂ ਤੇ ਲਿਵਰ ਟੌਨਿਕ ਆਦਿ ਸ਼ਾਮਲ ਹਨ। ਇਹ ਉਪਰਾਲਾ ਗਊਸ਼ਾਲਾ ਵਿੱਚ ਰਹਿ ਰਹੇ ਪਸ਼ੂਆਂ ਦੀ ਸਿਹਤ ਸੰਭਾਲ ਨੂੰ ਹੋਰ ਮਜ਼ਬੂਤ ਕਰਨ ਤੇ ਪਸ਼ੂ ਪਾਲਣ ਵਿਭਾਗ ਦੇ “ਸੇਵਾ, ਸਮਰਪਣ ਤੇ ਪਸ਼ੂ ਕਲਿਆਣ” ਦੇ ਉਦੇਸ਼ਾਂ ਨੂੰ ਅਮਲੀ ਰੂਪ ਦੇਣ ਵੱਲ ਇੱਕ ਸ਼ਲਾਘਾਯੋਗ ਕਦਮ ਹੈ। ਡਾ. ਬਲਵਿੰਦਰ ਸਿੰਘ ਨੇ ਡਾ. ਨਵਨੀਤ ਕੌਰ ਤੇ ਡਾ. ਉਦੈ ਸਿੰਘ ਖਿੰਡਾ ਦੇ ਇਸ ਸੇਵਾ-ਕਾਰਜ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਰਕਾਰੀ ਸੇਵਾ ਵਿੱਚ ਨਵੀਂ ਨਿਯੁਕਤੀ ਤੋਂ ਬਾਅਦ ਆਪਣੀ ਪ੍ਰੋਬੇਸ਼ਨ ਮੁਕੰਮਲ ਹੋਣ ਅਤੇ ਪੂਰੀ ਤਨਖਾਹ ਪ੍ਰਾਪਤ ਹੋਣ ਉਪਰੰਤ ਸਮਾਜ ਅਤੇ ਪਸ਼ੂ ਕਲਿਆਣ ਲਈ ਆਪਣੀ ਕਮਾਈ ਵਿੱਚੋਂ ਯੋਗਦਾਨ ਪਾਉਣਾ ਇੱਕ ਪ੍ਰੇਰਣਾਦਾਇਕ ਉਦਾਹਰਨ ਹੈ। ਉਨ੍ਹਾਂ ਕਿਹਾ ਕਿ ਅਜਿਹੇ ਉਪਰਾਲੇ ਹੋਰ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਵੀ ਪਸ਼ੂ ਸੇਵਾ ਤੇ ਸਮਾਜਿਕ ਜ਼ਿੰਮੇਵਾਰੀ ਲਈ ਪ੍ਰੇਰਿਤ ਕਰਦੇ ਹਨ। ਗਊਸ਼ਾਲਾ ਦੇ ਪ੍ਰਧਾਨ ਰਾਕੇਸ਼ ਚੋਪੜਾ ਵੱਲੋਂ ਦਵਾਈਆਂ ਦਾਨ ਕਰਨ ਲਈ ਡਾ. ਨਵਨੀਤ ਕੌਰ, ਡਾ. ਉਦੈ ਸਿੰਘ ਖਿੰਡਾ ਤੇ ਪਸ਼ੂ ਪਾਲਣ ਵਿਭਾਗ ਦੇ ਸਮੂਹ ਸਟਾਫ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਇਸ ਮੌਕੇ ਗਊਸ਼ਾਲਾ ਪ੍ਰਬੰਧਕਾਂ ਵੱਲੋਂ ਡਾਕਟਰਾਂ ਤੇ ਵਿਭਾਗੀ ਸਟਾਫ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਤ ਵੀ ਕੀਤਾ ਗਿਆ।