- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਸਰਾ ਪੈਲੇਸ ਵਿਖੇ ਸ਼੍ਰੀ ਕ੍ਰਿਸ਼ਨ ਕਥਾ ਦੇ ਅੰਤਿਮ ਦਿਨ ਰੁਕਮਣੀ ਵਿਆਹ ਅਤੇ ਗੀਤਾ ਦੇ ਦਿਵਯ ਸੰਦੇਸ਼ ਦਾ ਭਾਵਪੂਰਨ ਵਰਣਨ

ਬਸਰਾ ਪੈਲੇਸ ਵਿਖੇ ਸ਼੍ਰੀ ਕ੍ਰਿਸ਼ਨ ਕਥਾ ਦੇ ਅੰਤਿਮ ਦਿਨ ਰੁਕਮਣੀ ਵਿਆਹ ਅਤੇ ਗੀਤਾ ਦੇ ਦਿਵਯ ਸੰਦੇਸ਼ ਦਾ ਭਾਵਪੂਰਨ ਵਰਣਨ
ਵਿਜੇ ਸੋਨੀ, ਪੰਜਾਬੀ ਜਾਗਰਣ, ਫਗਵਾੜਾ : ਸਥਾਨਕ ਬਸਰਾ ਪੈਲੇਸ, ਬੰਗਾ ਰੋਡ, ਫਗਵਾੜਾ ਵਿਖੇ ਦਿਵਯ ਜਯੋਤੀ ਜਾਗ੍ਰਤੀ ਸੰਸਥਾਨ ਵੱਲੋਂ 29 ਸਤੰਬਰ ਤੋਂ 3 ਅਕਤੂਬਰ 2026 ਤੱਕ ਕਰਵਾਈ ਗਈ ਪੰਜ ਰੋਜ਼ਾ ਸ਼੍ਰੀ ਕ੍ਰਿਸ਼ਨ ਕਥਾ ਦਾ ਸ਼ਰਧਾਪੂਰਵਕ ਸਮਾਪਨ ਹੋਇਆ। ਕਥਾ ਦੇ ਅੰਤਿਮ ਦਿਨ ਸਾਧਵੀ ਸੁਸ਼੍ਰੀ ਸੌਮਿਆ ਭਾਰਤੀ ਜੀ ਨੇ ਭਗਵਾਨ ਸ਼੍ਰੀ ਕ੍ਰਿਸ਼ਨ ਦੀਆਂ ਪਾਵਨ ਲੀਲਾਵਾਂ, ਰੁਕਮਣੀ ਵਿਆਹ ਅਤੇ ਸ਼੍ਰੀਮਦ ਭਗਵਦ ਗੀਤਾ ਦੇ ਦਿਵਯ ਸੰਦੇਸ਼ ਦਾ ਬਹੁਤ ਹੀ ਭਾਵਪੂਰਨ ਅਤੇ ਅਧਿਆਤਮਿਕ ਵਰਣਨ ਕੀਤਾ। ਰੁਕਮਣੀ ਵਿਆਹ ਪ੍ਰਸੰਗ ਦਾ ਵਰਣਨ ਕਰਦਿਆਂ ਸਾਧਵੀ ਜੀ ਨੇ ਕਿਹਾ ਕਿ ਰੁਕਮਣੀ ਜੀ ਦਾ ਭਗਵਾਨ ਸ਼੍ਰੀ ਕ੍ਰਿਸ਼ਨ ਪ੍ਰਤੀ ਪ੍ਰੇਮ ਅਟੁੱਟ ਸ਼ਰਧਾ, ਵਿਸ਼ਵਾਸ ਅਤੇ ਪੂਰਨ ਸਮਰਪਣ ਦਾ ਪ੍ਰਤੀਕ ਹੈ। ਉਨ੍ਹਾਂ ਦੱਸਿਆ ਕਿ ਰੁਕਮਣੀ ਜੀ ਨੇ ਸੰਸਾਰਿਕ ਬੰਧਨਾਂ ਤੋਂ ਉੱਪਰ ਉੱਠ ਕੇ ਆਪਣੇ ਮਨ ਨੂੰ ਪਰਮਾਤਮਾ ਦੇ ਚਰਨਾਂ ਵਿੱਚ ਸਮਰਪਿਤ ਕੀਤਾ। ਇਹ ਪ੍ਰਸੰਗ ਮਨੁੱਖ ਨੂੰ ਸਿੱਖਿਆ ਦਿੰਦਾ ਹੈ ਕਿ ਜਦੋਂ ਪ੍ਰੇਮ ਅਤੇ ਭਗਤੀ ਨਿਸ਼ਕਾਮ ਅਤੇ ਇਕਨਿਸ਼ਠ ਹੋਵੇ ਤਾਂ ਪ੍ਰਭੂ ਆਪਣੇ ਭਗਤ ਦੀ ਰੱਖਿਆ ਕਰਦੇ ਹਨ।
ਸ਼੍ਰੀਮਦ ਭਗਵਦ ਗੀਤਾ ਦੇ ਸੰਦੇਸ਼ ’ਤੇ ਚਾਨਣਾ ਪਾਉਂਦਿਆਂ ਸਾਧਵੀ ਜੀ ਨੇ ਕਿਹਾ ਕਿ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਅਰਜੁਨ ਨੂੰ ਕਰਮ, ਧਰਮ, ਆਤਮ-ਗਿਆਨ ਅਤੇ ਨਿਸ਼ਕਾਮ ਭਾਵ ਦਾ ਉਪਦੇਸ਼ ਦਿੱਤਾ। ਉਨ੍ਹਾਂ ਕਿਹਾ ਕਿ ਅੱਜ ਮਨੁੱਖ ਵੀ ਮੋਹ, ਚਿੰਤਾ ਅਤੇ ਮਾਨਸਿਕ ਦੁਵਿਧਾ ਵਿੱਚ ਉਲਝਿਆ ਹੋਇਆ ਹੈ। ਗੀਤਾ ਦਾ ਸੰਦੇਸ਼ ਉਸ ਨੂੰ ਆਪਣੇ ਕਰਤੱਵ ਦਾ ਪਾਲਣ ਕਰਦਿਆਂ ਪਰਮਾਤਮਾ ’ਤੇ ਵਿਸ਼ਵਾਸ ਬਣਾਈ ਰੱਖਣ ਦੀ ਪ੍ਰੇਰਣਾ ਦਿੰਦਾ ਹੈ। ਉਨ੍ਹਾਂ ਕਿਹਾ ਕਿ ਭਗਵਾਨ ਸ਼੍ਰੀ ਕ੍ਰਿਸ਼ਨ ਦੀਆਂ ਲੀਲਾਵਾਂ ਕੇਵਲ ਸੁਣਨ ਦਾ ਵਿਸ਼ਾ ਨਹੀਂ, ਸਗੋਂ ਜੀਵਨ ਨੂੰ ਅਧਿਆਤਮਿਕ ਦਿਸ਼ਾ ਦੇਣ ਵਾਲੀਆਂ ਸਿੱਖਿਆਵਾਂ ਹਨ। ਪੂਰਨ ਸਤਿਗੁਰੂ ਦੀ ਕਿਰਪਾ ਨਾਲ ਪ੍ਰਾਪਤ ਬ੍ਰਹਮਗਿਆਨ ਮਨੁੱਖ ਨੂੰ ਆਪਣੇ ਅਸਲ ਸਰੂਪ ਦਾ ਬੋਧ ਕਰਵਾ ਕੇ ਜੀਵਨ ਦੇ ਪਰਮ ਉਦੇਸ਼ ਵੱਲ ਅੱਗੇ ਵਧਾਉਂਦਾ ਹੈ।
ਇਸ ਮੌਕੇ ਸੰਜੀਵ ਪਸਰੀਚਾ ਜੀ, ਪ੍ਰਧਾਨ, ਸ਼ਿਵ ਸ਼ੰਕਰ ਨਿਸ਼ਕਾਮ ਸੇਵਾ ਮੰਡਲ, ਅਤੇ ਸ਼੍ਰੀ ਜੈਦੇਵ ਦੁੱਗਲ ਜੀ (ਦੁੱਗਲ ਜਠੇਰੇ) ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਇਸ ਮੌਕੇ ਜਸਬੀਰ ਸਿੰਘ ਸਪੁੱਤਰ ਸ਼੍ਰੀ ਸਵਰਨ ਸਿੰਘ ਜਠੇਰੇ, ਜਸਪਾਲ ਸਿੰਘ ਸਪੁੱਤਰ ਸ਼੍ਰੀ ਸਵਰਨ ਸਿੰਘ ਜਠੇਰੇ ਅਤੇ ਜਿਨੇਸ਼ ਗੁਪਤਾ ਜੀ ਨੇ ਪ੍ਰੋਗਰਾਮ ਵਿੱਚ ਵਿਸ਼ੇਸ਼ ਤੌਰ ’ਤੇ ਸਹਿਯੋਗ ਪ੍ਰਦਾਨ ਕੀਤਾ। ਕਥਾ ਦੇ ਅੰਤਿਮ ਦਿਨ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਹਾਜ਼ਰੀ ਭਰ ਕੇ ਰੁਕਮਣੀ ਵਿਆਹ, ਭਗਵਾਨ ਸ਼੍ਰੀ ਕ੍ਰਿਸ਼ਨ ਦੀਆਂ ਪਾਵਨ ਲੀਲਾਵਾਂ ਅਤੇ ਗੀਤਾ ਦੇ ਦਿਵਯ ਸੰਦੇਸ਼ ਦਾ ਸਰਵਣ ਕੀਤਾ ਅਤੇ ਅਧਿਆਤਮਿਕ ਲਾਭ ਪ੍ਰਾਪਤ ਕੀਤਾ। ਪੰਜ ਰੋਜ਼ਾ ਸ਼੍ਰੀ ਕ੍ਰਿਸ਼ਨ ਕਥਾ ਦਾ ਸਮਾਪਨ ਸ਼ਰਧਾ ਅਤੇ ਭਗਤੀਮਈ ਵਾਤਾਵਰਨ ਵਿੱਚ ਹੋਇਆ।