ਸ੍ਰੀ ਕ੍ਰਿਸ਼ਨ ਕਥਾ ਦੇ ਚੌਥੇ ਦਿਨ ਸੁਦਾਮਾ ਚਰਿੱਤਰ ਦਾ ਭਾਵਪੂਰਵਕ ਵਰਣਨ ਬਸਰਾ ਪੈਲੇਸ ਵਿਖੇ ਸ੍ਰੀ ਕ੍ਰਿਸ਼ਨ ਕਥਾ ਦੇ ਚੌਥੇ ਦਿਨ ਸੁਦਾਮਾ ਚਰਿੱਤਰ ਦਾ ਭਾਵਪੂਰਵਕ ਵਰਣਨ
Publish Date: Sat, 03 Oct 2026 06:24 PM (IST)
Updated Date: Sat, 03 Oct 2026 06:25 PM (IST)
ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਫਗਵਾੜਾ ’ਚ ਦਿਵਯ ਜਯੋਤੀ ਜਾਗ੍ਰਤੀ ਸੰਸਥਾਨ ਵੱਲੋਂ 29 ਸਤੰਬਰ ਤੋਂ 3 ਅਕਤੂਬਰ 2026 ਤੱਕ ਪੰਜ ਦਿਨਾ ਸ੍ਰੀ ਕ੍ਰਿਸ਼ਨ ਕਥਾ ਦਾ ਆਯੋਜਨ ਕੀਤਾ ਜਾ ਰਿਹਾ ਹੈ। ਕਥਾ ਦੇ ਚੌਥੇ ਦਿਨ ਸਾਧਵੀ ਸੁਸ਼੍ਰੀ ਸੌਮਿਆ ਭਾਰਤੀ ਜੀ ਨੇ ਭਗਵਾਨ ਸ੍ਰੀ ਕ੍ਰਿਸ਼ਨ ਤੇ ਉਨ੍ਹਾਂ ਦੇ ਪਰਮ ਮਿੱਤਰ ਸੁਦਾਮਾ ਦੇ ਪਾਵਨ ਚਰਿੱਤਰ ਦਾ ਬਹੁਤ ਹੀ ਭਾਵਪੂਰਵਕ ਤੇ ਰਸਮਈ ਢੰਗ ਨਾਲ ਵਰਣਨ ਕੀਤਾ। ਸਾਧਵੀ ਜੀ ਨੇ ਕਿਹਾ ਕਿ ਸ੍ਰੀ ਕ੍ਰਿਸ਼ਨ ਤੇ ਸੁਦਾਮਾ ਦੀ ਮਿੱਤਰਤਾ ਪ੍ਰੇਮ, ਨਿਸ਼ਕਾਮਤਾ ਤੇ ਸਮਰਪਣ ਦੀ ਅਦਭੁੱਤ ਮਿਸਾਲ ਹੈ। ਸੁਦਾਮਾ ਗਰੀਬੀ ਵਿੱਚ ਜੀਵਨ ਬਤੀਤ ਕਰਦੇ ਹੋਏ ਵੀ ਪ੍ਰਭੂ ਪ੍ਰਤੀ ਅਟੁੱਟ ਸ਼ਰਧਾ ਤੇ ਸੰਤੋਖ ਰੱਖਦੇ ਸਨ। ਜਦੋਂ ਉਹ ਭਗਵਾਨ ਸ੍ਰੀ ਕ੍ਰਿਸ਼ਨ ਨੂੰ ਮਿਲਣ ਦੁਆਰਕਾ ਪਹੁੰਚੇ ਤਾਂ ਪ੍ਰਭੂ ਨੇ ਆਪਣੇ ਮਿੱਤਰ ਦਾ ਜਿਸ ਪ੍ਰੇਮ ਤੇ ਆਤਮਿਕਤਾ ਨਾਲ ਸਵਾਗਤ ਕੀਤਾ, ਉਹ ਸਾਨੂੰ ਸਿਖਾਉਂਦਾ ਹੈ ਕਿ ਪ੍ਰਭੂ ਲਈ ਮਨੁੱਖ ਦੀ ਬਾਹਰੀ ਦੌਲਤ ਨਹੀਂ, ਸਗੋਂ ਉਸਦੇ ਹਿਰਦੇ ਦੀ ਭਾਵਨਾ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਅੱਜ ਮਨੁੱਖ ਭੌਤਿਕ ਸੁੱਖਾਂ ਦੀ ਦੌੜ ਵਿੱਚ ਜੀਵਨ ਦੇ ਅਸਲ ਉਦੇਸ਼ ਨੂੰ ਭੁੱਲਦਾ ਜਾ ਰਿਹਾ ਹੈ। ਸਥਾਈ ਸ਼ਾਂਤੀ ਤੇ ਆਨੰਦ ਆਤਮਿਕ ਗਿਆਨ ਤੇ ਪ੍ਰਭੂ ਦੀ ਭਗਤੀ ਰਾਹੀਂ ਹੀ ਪ੍ਰਾਪਤ ਹੋ ਸਕਦੇ ਹਨ। ਪੂਰਨ ਸਤਿਗੁਰੂ ਦੀ ਕਿਰਪਾ ਨਾਲ ਪ੍ਰਾਪਤ ਬ੍ਰਹਮਗਿਆਨ ਮਨੁੱਖ ਨੂੰ ਆਪਣੇ ਅਸਲ ਸਰੂਪ ਦਾ ਬੋਧ ਕਰਵਾ ਕੇ ਜੀਵਨ ਨੂੰ ਸਹੀ ਦਿਸ਼ਾ ਪ੍ਰਦਾਨ ਕਰਦਾ ਹੈ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਹਾਜ਼ਰ ਪਤਵੰਤੇ ਸੱਜਣਾਂ ਵਿੱਚ ਸੋਮ ਪ੍ਰਕਾਸ਼ ਸਾਬਕਾ ਕੇਂਦਰੀ ਮੰਤਰੀ, ਅਨੀਤਾ ਸੋਮ ਪ੍ਰਕਾਸ਼, ਬਾਲਾ ਜੀ ਧਾਮ ਕਮੇਟੀ ਫਗਵਾੜਾ ਸ਼ਾਮਲ ਸਨ। ਕਥਾ ਵਿੱਚ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਹਾਜ਼ਰੀ ਭਰ ਕੇ ਸ੍ਰੀ ਕ੍ਰਿਸ਼ਨ ਜੀ ਦੀ ਪਾਵਨ ਕਥਾ ਦਾ ਸਰਵਣ ਕੀਤਾ।