ਥੋੜ੍ਹੇ ਜਿਹੇ ਮੀਂਹ ਨਾਲ ਹੀ ਹਸਪਤਾਲ ਅੱਗੇ ਲੱਗਾ ਛੱਪੜ, ਮਰੀਜ਼ਾਂ ਦਾ ਲੰਘਣਾ ਹੋਇਆ ਔਖਾ ਥੋੜੇ ਜਿਹੇ ਮੀਂਹ ਨਾਲ਼ ਹੀ ਸਰਕਾਰੀ ਹਸਪਤਾਲ ਅੱਗੇ ਲੱਗਾ ਛੱਪੜ, ਮਰੀਜ਼ਾਂ ਦਾ ਲੰਘਣਾ ਹੋਇਆ ਮੁਸ਼ਕਿਲ
Publish Date: Sat, 11 Jul 2026 09:03 PM (IST)
Updated Date: Sat, 11 Jul 2026 09:06 PM (IST)
ਪੰਚਾਇਤ ਨੂੰ ਕਾਫ਼ੀ ਵਾਰ ਸੀਵਰੇਜ ਸਾਫ਼ ਕਰਵਾਉਣ ਤੇ ਹਸਪਤਾਲ ਦੇ ਗੇਟ ਅੱਗੇ ਲੈਵਲ ਕਰਵਾਉਣ ਲਈ ਕਿਹਾ ਸੁਖਵਿੰਦਰ ਸਿੰਘ ਸਿੱਧੂ, ਪੰਜਾਬੀ ਜਾਗਰਣ ਕਾਲਾ ਸੰਘਿਆਂ : ਜਦੋਂ ਕਦੇ ਸਰਕਾਰੀ ਅਧਿਕਾਰੀ ਜਾਂ ਸਰਕਾਰ ਆਮ ਲੋਕਾਂ ਦੀਆਂ ਮੁਸ਼ਕਲਾਂ ਵੱਲ ਆਪ ਧਿਆਨ ਨਾ ਦੇਣ ਤਾਂ ਕੁਦਰਤ ਵੀ ਸਰਕਾਰੀ ਵਿਭਾਗਾਂ ਦੀ ਅਣਗਹਿਲੀਆਂ ਤੇ ਸਰਕਾਰ ਦੀਆਂ ਅਣਦੇਖੀਆਂ ਦੀ ਪੋਲ ਖੋਲ੍ਹ ਦਿੰਦੀ ਹੈ। ਸਿਹਤ ਵਿਭਾਗ ਅਤੇ ਪੰਜਾਬ ਸਰਕਾਰ ਵੱਲੋਂ ਹਮੇਸ਼ਾ ਚੰਗੇ ਸਰਕਾਰੀ ਹਸਪਤਾਲਾਂ ਦੀਆਂ ਗੱਲਾਂ ਮੀਡੀਆ ’ਤੇ ਸੁਣਨ ਨੂੰ ਮਿਲਦੀਆਂ ਹਨ ਪਰ ਕਈ ਵਾਰ ਅਜਿਹੀ ਤਸਵੀਰ ਵੀ ਸਾਹਮਣੇ ਆ ਜਾਂਦੀ ਹੈ ਜੋ ਵਿਭਾਗ, ਸਰਕਾਰ ਤੇ ਅਧਿਕਾਰੀਆਂ ਨੂੰ ਸਵਾਲਾਂ ਦੇ ਘੇਰੇ ਵਿਚ ਖੜ੍ਹਾ ਕਰ ਦਿੰਦੀ ਹੈ। ਅਜਿਹਾ ਹੀ ਅੱਜ ਸਵੇਰੇ ਕਾਲਾ ਸੰਘਿਆਂ ਵਿਖੇ ਉਸ ਵੇਲੇ ਦੇਖਣ ਨੂੰ ਮਿਲਿਆ ਜਦੋਂ ਥੋੜ੍ਹੇ ਜਿਹੇ ਪਏ ਮੀਂਹ ਨਾਲ ਸਰਕਾਰੀ ਹਸਪਤਾਲ ਕਾਲਾ ਸੰਘਿਆਂ ਦੇ ਮੇਨ ਗੇਟ ’ਤੇ ਖੜ੍ਹਾ ਪਾਣੀ ਇਵੇਂ ਲੱਗ ਰਿਹਾ ਸੀ ਜਿਵੇਂ ਛੱਪੜ ਲੱਗਾ ਹੋਵੇ। ਮੌਕੇ ’ਤੇ ਜਾ ਕੇ ਵੇਖਿਆ ਗਿਆ ਕਿ ਹਸਪਤਾਲ ਦੇ ਸਾਰੇ ਗੇਟ ਅੱਗੇ ਪਾਣੀ ਖੜ੍ਹਾ ਹੋਣ ਕਾਰਨ ਬਿਮਾਰ ਮਰੀਜ਼ਾਂ ਨੂੰ ਹਸਪਤਾਲ ਜਾਣ ਵਿੱਚ ਕਾਫ਼ੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਬਹੁਤੇ ਮਰੀਜ਼ ਤਾਂ ਜੋ ਬਿਮਾਰ ਹੋਣ ਕਾਰਨ ਅੱਜ ਹਸਪਤਾਲ ਦਵਾਈ ਲੈਣ ਆਏ ਇਹ ਵੀ ਕਹਿ ਰਹੇ ਸਨ ਕਿ ਅਸੀਂ ਤਾਂ ਪਹਿਲਾਂ ਹੀ ਬਿਮਾਰ ਹਾਂ ਅਤੇ ਹਸਪਤਾਲ ਜਾ ਕੇ ਦਵਾਈ ਲੈਣ ਉਪਰੰਤ ਠੀਕ ਹੋਣਾ ਤਾਂ ਬਾਅਦ ਦੀ ਗੱਲ ਹੈ ਇਸ ਹਸਪਤਾਲ ਅੱਗੇ ਖੜ੍ਹੇ ਮੀਂਹ ਦੇ ਗੰਦੇ ਪਾਣੀ ਵਿੱਚ ਦੀ ਲੰਘਣ ਨਾਲ ਅਸੀਂ ਹੋਰ ਬਿਮਾਰ ਹੋ ਜਾਵਾਂਗੇ। ਇਸ ਲਈ ਦਵਾਈ ਬਾਹਰੋਂ ਮੈਡੀਕਲ ਤੋਂ ਹੀ ਲੈ ਲੈਦੇ ਹਾਂ। ਸਵੇਰੇ ਹਸਪਤਾਲ ਦੇ ਡਾਕਟਰ ਜਦੋਂ ਆਪਣੀਆਂ ਗੱਡੀਆਂ ਵਿੱਚ ਡਿਊਟੀਆਂ ਉਹ ਤਾਂ ਗੱਡੀਆਂ ’ਤੇ ਸਵਾਰ ਇਸ ਮੀਂਹ ਦੇ ਗੰਦੇ ਪਾਣੀ ਵਿੱਚੋਂ ਲੰਘ ਗਏ ਪਰ ਕਿਸੇ ਵੀ ਹਸਪਤਾਲ ਦੇ ਡਾਕਟਰ ਜਾਂ ਐੱਸਐੱਮਓ ਸਾਹਿਬ ਨੇ ਇਹ ਨਹੀਂ ਸੋਚਿਆ ਕਿ ਇਸ ਪਾਣੀ ਵਿਚੋਂ ਬਿਮਾਰ ਮਰੀਜ਼ ਜੋ ਪੈਦਲ ਜਾਂ ਸਾਈਕਲ ਆਦਿ ’ਤੇ ਦਵਾਈ ਲੈਣ ਆ ਰਹੇ ਹਨ ਉਹ ਕਿਵੇਂ ਲੰਘਣਗੇ। ਕੀ ਕਿਹਾ ਐੱਸਐੱਮਓ ਨੇ ਅੱਜ ਕਾਲਾ ਸੰਘਿਆਂ ਦੇ ਹਸਪਤਾਲ ਅੱਗੇ ਖੜ੍ਹੇ ਮੀਂਹ ਦੇ ਗੰਦੇ ਪਾਣੀ ਕਾਰਨ ਪਰੇਸ਼ਾਨ ਹੋਏ ਤੇ ਵਾਪਸ ਮੁੜੇ ਮਰੀਜ਼ਾਂ ਸਬੰਧੀ ਹਸਪਤਾਲ ਦੇ ਐੱਸਐੱਮਓ ਡਾਕਟਰ ਭੁਪਿੰਦਰ ਕੌਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਪੰਚਾਇਤ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਅਸੀਂ ਤਾਂ ਗੇਟ ਅੱਗੇ ਰਿਪੇਅਰ ਕਰਵਾਈ ਹੈ ਪਰ ਹਸਪਤਾਲ ਦੇ ਨਾਲੋਂ ਜਾਂਦਾ ਸੀਵਰੇਜ ਅੱਗਿਓਂ ਬਾਜ਼ਾਰ ਵੱਲੋਂ ਬੰਦ ਹੈ। ਸੀਵਰੇਜ ਪੰਚਾਇਤ ਨੇ ਸਾਫ਼ ਕਰਵਾਉਣਾ ਹੈ ਜਿਸ ਕਾਰਨ ਇੱਥੇ ਪਾਣੀ ਖੜ੍ਹਾ ਹੁੰਦਾ ਹੈ ਅਤੇ ਅਸੀਂ ਦੁਬਾਰਾ ਪੰਚਾਇਤ ਨੂੰ ਕਹਾਂਗੇ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਹਸਪਤਾਲ ਦੇ ਗੇਟ ਦੇ ਬਾਹਰੋਂ ਥਾਂ ਨੀਵਾਂ ਹੈ ਤੇ ਅੰਦਰ ਦੇ ਲੈਵਲ ਤੋਂ ਕਾਫ਼ੀ ਫ਼ਰਕ ਹੈ ਤਾਂ ਐੱਸਐੱਮਓ ਨੇ ਕਿਹਾ ਕਿ ਕੋਈ ਮਿਸਤਰੀ ਨਹੀਂ ਮਿਲਦਾ ਪਰ ਫ਼ਿਰ ਵੀ ਅਸੀਂ ਜਲਦ ਠੀਕ ਕਰਵਾਵਾਂਗੇ।