ਆਨਲਾਈਨ ਸਕੈਮ ਸਬੰਧੀ ਲਗਾਇਆ ਜਾਗਰੂਕਤਾ ਸੈਮੀਨਾਰ ਬਚਾਅ ਬਾਰੇ ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਮਿੱਠੜਾ ਵਿਖੇ ਜਾਗਰੂਕਤਾ ਸੈਮੀਨਾਰ
Publish Date: Thu, 08 Oct 2026 07:12 PM (IST)
Updated Date: Thu, 08 Oct 2026 07:14 PM (IST)
ਕੁਲਵਿੰਦਰ ਸਿੰਘ ਲਾਡੀ ਪੰਜਾਬੀ ਜਾਗਰਣ ਫੱਤੂਢੀਂਗਾ : ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਮਿੱਠੜਾ ਦੇ ਕਾਮਰਸ ਵਿਭਾਗ ਵੱਲੋਂ ਵਿਦਿਆਰਥੀਆਂ ਲਈ ਵਿੱਤੀ ਸਾਖਰਤਾ ਸਬੰਧੀ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਦਾ ਮੁੱਖ ਵਿਸ਼ਾ “ਵਿੱਤੀ ਧੋਖਾਧੜੀ ਤੇ ਆਨਲਾਈਨ ਸਕੈਮਾਂ ਤੋਂ ਆਪਣੇ-ਆਪ ਨੂੰ ਕਿਵੇਂ ਸੁਰੱਖਿਅਤ ਰੱਖਿਆ ਜਾਵੇ” ਸੀ। ਇਸ ਮੌਕੇ ਡਾ. ਜਸਵਿੰਦਰ ਕੌਰ, ਮੁਖੀ ਲਾਇਲਪੁਰ ਖਾਲਸਾ ਕਾਲਜ ਫ਼ਾਰ ਵੂਮੈਨ, ਨੇ ਮੁੱਖ ਵਕਤਾ ਤੇ ਰਿਸੋਰਸ ਪਰਸਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਵਿੱਤੀ ਧੋਖਾਧੜੀ, ਆਨਲਾਈਨ ਫਰਾਡ, ਫ਼ਰਜ਼ੀ ਕਾਲਾਂ, ਮੈਸੇਜਾਂ ਤੇ ਲਿੰਕਾਂ ਤੋਂ ਬਚਣ ਲਈ ਜ਼ਰੂਰੀ ਸਾਵਧਾਨੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣੇ ਬੈਂਕਿੰਗ ਤੇ ਨਿੱਜੀ ਵਿੱਤੀ ਵੇਰਵੇ ਸਾਂਝੇ ਨਾ ਕਰਨ, ਸ਼ੱਕੀ ਲਿੰਕਾਂ ’ਤੇ ਕਲਿੱਕ ਨਾ ਕਰਨ ਤੇ ਕਿਸੇ ਵੀ ਵਿੱਤੀ ਲੈਣ-ਦੇਣ ਤੋਂ ਪਹਿਲਾਂ ਪੂਰੀ ਤਸਦੀਕ ਕਰਨ ਲਈ ਪ੍ਰੇਰਿਤ ਕੀਤਾ। ਕਾਮਰਸ ਵਿਭਾਗ ਦੇ ਮੁਖੀ ਡਾ. ਪਰਮਜੀਤ ਕੌਰ ਨੇ ਕਿਹਾ ਕਿ ਅੱਜ ਦੇ ਡਿਜੀਟਲ ਯੁੱਗ ਵਿੱਚ ਵਿੱਤੀ ਸਾਖਰਤਾ ਹਰ ਵਿਦਿਆਰਥੀ ਲਈ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਸਿਰਫ਼ ਪੈਸੇ ਦੀ ਬਚਤ ਤੇ ਨਿਵੇਸ਼ ਬਾਰੇ ਹੀ ਨਹੀਂ, ਸਗੋਂ ਵਿੱਤੀ ਧੋਖਾਧੜੀ ਤੋਂ ਬਚਾਅ ਲਈ ਵੀ ਜਾਗਰੂਕ ਹੋਣਾ ਚਾਹੀਦਾ ਹੈ। ਉਨ੍ਹਾਂ ਡਾ. ਜਸਵਿੰਦਰ ਕੌਰ ਦਾ ਕੀਮਤੀ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ ਕੀਤਾ। ਕਾਲਜ ਦੇ ਮਾਣਯੋਗ ਪ੍ਰਿੰਸੀਪਲ ਡਾ. ਜਗਸੀਰ ਸਿੰਘ ਬਰਾੜ ਨੇ ਕਾਮਰਸ ਵਿਭਾਗ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਸੈਮੀਨਾਰ ਵਿਦਿਆਰਥੀਆਂ ਨੂੰ ਕਲਾਸਰੂਮ ਦੀ ਸਿੱਖਿਆ ਦੇ ਨਾਲ-ਨਾਲ ਰੋਜ਼ਾਨਾ ਜੀਵਨ ਵਿੱਚ ਲਾਭਦਾਇਕ ਵਿਹਾਰਕ ਗਿਆਨ ਪ੍ਰਦਾਨ ਕਰਦੇ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਸਾਈਬਰ ਅਤੇ ਵਿੱਤੀ ਧੋਖਾਧੜੀ ਪ੍ਰਤੀ ਹਮੇਸ਼ਾ ਸੁਚੇਤ ਰਹਿਣ ਤੇ ਆਪਣੀ ਵਿੱਤੀ ਜਾਣਕਾਰੀ ਦੀ ਸੁਰੱਖਿਆ ਨੂੰ ਪਹਿਲ ਦੇਣ ਲਈ ਪ੍ਰੇਰਿਤ ਕੀਤਾ।