ਨਾਗ ਪੰਚਮੀ ਮੌਕੇ ਕੀਤਾ ਸ਼ਿਵ ਭੰਡਾਰਾ ਫਗਵਾੜਾ ਦੇ ਮਾਣਾ ਰਾਮ ਬੌਲੀ ਮੰਦਰ ਵਿੱਚ ਸਾਵਣ ਦੇ ਸੋਮਵਾਰ ਅਤੇ ਨਾਗ ਪੰਚਮੀ ਮੌਕੇ ਲਗਾਇਆ ਗਿਆ ਸ਼ਿਵ ਭੰਡਾਰਾ
Publish Date: Mon, 17 Aug 2026 07:57 PM (IST)
Updated Date: Mon, 17 Aug 2026 08:00 PM (IST)
ਪੰਜਾਬੀ ਜਾਗਰਣ ਪ੍ਰਤੀਨਿੱਧ ਫਗਵਾੜਾ : ਫਗਵਾੜਾ ਦੇ ਚਾਹਲ ਨਗਰ ਚੌਕ ਸਥਿਤ ਮਾਣਾ ਰਾਮ ਬੌਲੀ ਮੰਦਿਰ ਵਿੱਚ ਸਾਵਣ ਮਹੀਨੇ ਦੇ ਸੋਮਵਾਰ ਤੇ ਨਾਗ ਪੰਚਮੀ ਦੇ ਪਾਵਨ ਮੌਕੇ ਭਗਵਾਨ ਸ਼ਿਵ ਜੀ ਦਾ ਭੰਡਾਰਾ ਲਗਾਇਆ ਗਿਆ। ਇਸ ਤੋਂ ਪਹਿਲਾਂ ਸ਼ਰਧਾਲੂਆਂ ਵੱਲੋਂ ਸ਼ਿਵਲਿੰਗ ਦਾ ਵਿਧੀਵਤ ਅਭਿਸ਼ੇਕ ਕੀਤਾ ਗਿਆ। ਮੰਦਿਰ ਕਮੇਟੀ ਵੱਲੋਂ ਵਿਸ਼ੇਸ਼ ਪੂਜਾ-ਅਰਚਨਾ ਵੀ ਕਰਵਾਈ ਗਈ। ਮੰਦਿਰ ਸੋਸਾਇਟੀ ਦੇ ਪ੍ਰਧਾਨ ਤੇ ਸ਼੍ਰੋਮਣੀ ਵਿਸ਼ਵਕਰਮਾ ਮੰਦਿਰ ਫਗਵਾੜਾ ਦੇ ਸਾਬਕਾ ਪ੍ਰਧਾਨ ਬਲਵੰਤ ਰਾਏ ਧੀਮਾਨ ਦੀ ਅਗਵਾਈ ਹੇਠ ਕਰਵਾਏ ਗਏ ਇਸ ਧਾਰਮਿਕ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਭਗਵਾਨ ਭੋਲੇਨਾਥ ਦੇ ਦਰਸ਼ਨ ਕਰਕੇ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਪੰਡਿਤ ਸ਼ਿਵਨਾਰਾਇਣ ਸ਼ਰਮਾ ਨੇ ਵੈਦਿਕ ਮੰਤਰਾਂ ਦੇ ਉਚਾਰਨ ਵਿਚਕਾਰ ਭਗਵਾਨ ਸ਼ਿਵ ਜੀ ਦਾ ਅਭਿਸ਼ੇਕ ਕਰਵਾਇਆ ਤੇ ਭੋਲੇਨਾਥ ਨੂੰ ਭੋਗ ਲਗਾ ਕੇ ਸ਼ਿਵ ਭੰਡਾਰੇ ਦੀ ਸ਼ੁਰੂਆਤ ਕਰਵਾਈ। ਮੰਦਰ ਪਰਿਸਰ ਵਿੱਚ ਭਗਤੀਮਈ ਮਾਹੌਲ ਦੌਰਾਨ ਸ਼ਰਧਾਲੂਆਂ ਨੇ ਜੈਕਾਰਿਆਂ ਨਾਲ ਵਾਤਾਵਰਣ ਨੂੰ ਗੂੰਜਾ ਦਿੱਤਾ। ਇਸ ਮੌਕੇ ਬਲਵੰਤ ਰਾਏ ਧੀਮਾਨ ਨੇ ਕਿਹਾ ਕਿ ਸਾਵਣ ਦਾ ਮਹੀਨਾ ਭਗਵਾਨ ਸ਼ਿਵ ਜੀ ਦੀ ਆਰਾਧਨਾ ਲਈ ਬਹੁਤ ਹੀ ਪਵਿੱਤਰ ਤੇ ਫਲਦਾਇਕ ਮੰਨਿਆ ਜਾਂਦਾ ਹੈ। ਖਾਸ ਤੌਰ ’ਤੇ ਸਾਵਣ ਦੇ ਪਹਿਲੇ ਸੋਮਵਾਰ ਨੂੰ ਸ਼ਰਧਾ ਤੇ ਵਿਧੀ-ਵਿਧਾਨ ਨਾਲ ਕੀਤੀ ਗਈ ਪੂਜਾ ਨਾਲ ਭਗਵਾਨ ਸ਼ਿਵ ਜੀ ਦੀ ਕਿਰਪਾ ਪ੍ਰਾਪਤ ਹੁੰਦੀ ਹੈ ਤੇ ਜੀਵਨ ਵਿੱਚ ਸੁੱਖ, ਸ਼ਾਂਤੀ ਤੇ ਸਮ੍ਰਿੱਧੀ ਦਾ ਸੰਚਾਰ ਹੁੰਦਾ ਹੈ। ਬਲਵੰਤ ਰਾਏ ਧੀਮਾਨ ਨੇ ਭੰਡਾਰੇ ਵਿੱਚ ਸਹਿਯੋਗ ਦੇਣ ਵਾਲੇ ਸਮੂਹ ਸ਼ਰਧਾਲੂਆਂ ਤੇ ਮੰਦਰ ਕਮੇਟੀ ਦੇ ਮੈਂਬਰਾਂ ਦਾ ਧੰਨਵਾਦ ਕੀਤਾ ਤੇ ਸਭ ਦੇ ਉਜਵਲ ਭਵਿੱਖ ਤੇ ਖੁਸ਼ਹਾਲੀ ਦੀ ਕਾਮਨਾ ਕੀਤੀ। ਇਸ ਮੌਕੇ ਜਿੰਮੀ ਧੀਮਾਨ, ਸੂਰਜ ਧੀਮਾਨ, ਪ੍ਰੇਮਦੀਪ ਚੱਗਰ, ਕਮਲ ਕਨੌਜੀਆ, ਤਰੁਣ ਦੁੱਗਲ, ਗੌਵਰਧਨ ਬੱਸੀ, ਰਾਜ ਕੁਮਾਰ ਜੰਬੂ, ਅਮਿਤ ਗੋਗਨਾ, ਅੰਕੁਸ਼ ਧੀਮਾਨ, ਵਿਸ਼ਾਲ ਭੋਗਲ, ਅਮਰ ਸ਼ਰਮਾ, ਦੀਪਕ ਸਹਿਦੇਵ, ਰਵਿੰਦਰ ਮੱਲਨ, ਭੰਡਾਰੀ, ਮੰਦਰ ਕਮੇਟੀ ਦੇ ਮੈਂਬਰ, ਪਤਵੰਤੇ ਵਿਅਕਤੀ ਤੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਹਾਜ਼ਰ ਸਨ।