10 ਦਿਨ ਪਹਿਲਾਂ ਬਣੀ ਸੜਕ ਅੱਜ ਦੁਬਾਰਾ ਪੁੱਟਣੀ ਪਈ 10 ਦਿਨ ਪਹਿਲਾਂ ਬਣੀ ਸੜਕ ਅੱਜ ਦੁਬਾਰਾ ਪੁੱਟਣੀ ਪਈ, ਆਖ਼ਰ ਕਿਹੋ ਜਿਹਾ ਵਿਕਾਸ ਮਾਡਲ ਹੈ ਇਹ?
Publish Date: Wed, 05 Aug 2026 09:04 PM (IST)
Updated Date: Wed, 05 Aug 2026 09:04 PM (IST)
ਆਖ਼ਰ ਕਿਹੋ ਜਿਹਾ ਵਿਕਾਸ ਮਾਡਲ ਹੈ ਇਹ ਨਗਰ ਕੌਂਸਲ ਸਾਹਮਣੇ ਨਵੀਂ ਸੜਕ ’ਤੇ ਮੁੜ ਚੱਲੀ ਜੇਸੀਬੀ ਸੀਵਰੇਜ ਦੇ ਢੱਕਣ ਉੱਚੇ ਕਰਨ ਲਈ ਪੁੱਟੀ ਜਾ ਰਹੀ ਹੈ ਸੜਕ ਲੋਕਾਂ ਨੇ ਕੰਮ ਦੀ ਯੋਜਨਾਬੰਦੀ ’ਤੇ ਚੁੱਕੇ ਸਵਾਲ ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਪਾਵਨ ਨਗਰੀ ਸੁਲਤਾਨਪੁਰ ਲੋਧੀ ਵਿੱਚ ਵਿਕਾਸ ਕਾਰਜਾਂ ਨੂੰ ਲੈ ਕੇ ਇੱਕ ਵਾਰ ਫਿਰ ਸਵਾਲ ਖੜ੍ਹੇ ਹੋ ਗਏ ਹਨ। ਨਗਰ ਕੌਂਸਲ ਦਫ਼ਤਰ ਦੇ ਸਾਹਮਣੇ ਕਰੀਬ 10 ਦਿਨ ਪਹਿਲਾਂ ਬਣੀ ਨਵੀਂ ਸੜਕ ਨੂੰ ਮੁੜ ਪੁੱਟਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਸ਼ਹਿਰ ਵਾਸੀਆਂ ਵਿੱਚ ਰੋਸ ਤੇ ਹੈਰਾਨੀ ਦਾ ਮਾਹੌਲ ਹੈ। ਲੋਕਾਂ ਦਾ ਸਵਾਲ ਹੈ ਕਿ ਜੇ ਸੀਵਰੇਜ ਦੇ ਮੈਨਹੋਲਾਂ ਦੇ ਢੱਕਣ ਉੱਚੇ ਕਰਨੇ ਹੀ ਸਨ ਤਾਂ ਇਹ ਕੰਮ ਸੜਕ ਬਣਾਉਣ ਤੋਂ ਪਹਿਲਾਂ ਜਾਂ ਉਸੇ ਸਮੇਂ ਕਿਉਂ ਨਹੀਂ ਕੀਤਾ ਗਿਆ? ਮੌਕੇ ’ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਜਨਤਾ ਦੇ ਟੈਕਸ ਦੇ ਪੈਸੇ ਨਾਲ ਬਣੀਆਂ ਸੜਕਾਂ ਜੇ ਕੁਝ ਹੀ ਦਿਨਾਂ ਬਾਅਦ ਮੁੜ ਤੋੜੀਆਂ ਜਾਣ ਤਾਂ ਅਜਿਹੇ ਵਿਕਾਸ ਕਾਰਜਾਂ ਦੀ ਯੋਜਨਾਬੰਦੀ ਅਤੇ ਗੁਣਵੱਤਾ ’ਤੇ ਸਵਾਲ ਉੱਠਣਾ ਲਾਜ਼ਮੀ ਹੈ। ਲੋਕਾਂ ਦਾ ਮੰਨਣਾ ਹੈ ਕਿ ਪਹਿਲਾਂ ਸੜਕ ਬਣਾਉਣਾ ਅਤੇ ਫਿਰ ਉਸੇ ਸੜਕ ਨੂੰ ਜਲਦੀ ਪੁੱਟਣਾ ਨਾ ਸਿਰਫ਼ ਸਰਕਾਰੀ ਪੈਸੇ ਦੀ ਸੰਭਾਵਿਤ ਬਰਬਾਦੀ ਹੈ, ਸਗੋਂ ਆਮ ਲੋਕਾਂ ਲਈ ਵੀ ਬੇਲੋੜੀ ਪਰੇਸ਼ਾਨੀ ਦਾ ਕਾਰਨ ਬਣਦਾ ਹੈ। ਇਸ ਸਬੰਧੀ ਜਦੋਂ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ (ਈਓ) ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸੀਵਰੇਜ ਦੇ ਢੱਕਣਾਂ ਦੀ ਉਚਾਈ ਠੀਕ ਕਰਨ ਦਾ ਕੰਮ ਇੱਕ ਟੈਕਨੀਕਲ ਮਾਮਲਾ ਹੈ। ਪਰ ਸ਼ਹਿਰ ਵਾਸੀਆਂ ਦਾ ਸਵਾਲ ਹੈ ਕਿ ਜੇ ਇਹ ਤਕਨੀਕੀ ਲੋੜ ਪਹਿਲਾਂ ਤੋਂ ਹੀ ਪਤਾ ਸੀ ਤਾਂ ਇਸ ਦਾ ਨਿਪਟਾਰਾ ਸੜਕ ਬਣਾਉਣ ਤੋਂ ਪਹਿਲਾਂ ਕਿਉਂ ਨਹੀਂ ਕੀਤਾ ਗਿਆ? ਸ਼ਹਿਰ ਦੇ ਹੋਰ ਇਲਾਕਿਆਂ ਵਿੱਚ ਵੀ ਕਈ ਨਵੀਆਂ ਸੜਕਾਂ ’ਤੇ ਮੈਨਹੋਲ ਸੜਕ ਦੇ ਪੱਧਰ ਤੋਂ ਉੱਚੇ ਜਾਂ ਹੇਠਾਂ ਨਜ਼ਰ ਆ ਰਹੇ ਹਨ। ਇਸ ਤੋਂ ਇਲਾਵਾ ਕਈ ਥਾਵਾਂ ’ਤੇ ਸੀਵਰੇਜ ਜਾਮ ਹੋਣ ਕਾਰਨ ਗੰਦਾ ਪਾਣੀ ਨਵੀਆਂ ਸੜਕਾਂ ’ਤੇ ਹੀ ਵਗ ਰਿਹਾ ਹੈ। ਦਾਣਾ ਮੰਡੀ ਨੇੜੇ ਵੀ ਅਜਿਹਾ ਹੀ ਦ੍ਰਿਸ਼ ਵੇਖਣ ਨੂੰ ਮਿਲ ਰਿਹਾ ਹੈ, ਜਿੱਥੇ ਬੰਦ ਸੀਵਰੇਜ ਕਾਰਨ ਪਾਣੀ ਸੜਕ ’ਤੇ ਫੈਲਿਆ ਹੋਇਆ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇ ਨਵੀਆਂ ਸੜਕਾਂ ਬਣਨ ਦੇ ਨਾਲ ਹੀ ਅਜਿਹੀਆਂ ਖਾਮੀਆਂ ਸਾਹਮਣੇ ਆਉਣ ਲੱਗ ਪੈਣ ਤਾਂ ਉਨ੍ਹਾਂ ਦੀ ਟਿਕਾਊ ਉਮਰ ’ਤੇ ਵੀ ਸਵਾਲ ਖੜ੍ਹੇ ਹੋ ਜਾਂਦੇ ਹਨ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਜਿਹੜੀ ਸੜਕ 10 ਦਿਨ ਵੀ ਨਾ ਚੱਲ ਸਕੀ ਅਤੇ ਮੁੜ ਪੁੱਟਣੀ ਪਈ, ਉਸ ਦੇ ਨਿਰਮਾਣ ਦਾ ਆਖ਼ਰ ਕੀ ਫਾਇਦਾ ਹੋਇਆ? ਹੁਣ ਇਹ ਵੀ ਵੱਡਾ ਸਵਾਲ ਬਣ ਗਿਆ ਹੈ ਕਿ ਮੁੜ ਮੁਰੰਮਤ ਤੋਂ ਬਾਅਦ ਇਹ ਸੜਕ ਕਿੰਨੇ ਦਿਨ ਟਿਕੇਗੀ ਅਤੇ ਕੀ ਭਵਿੱਖ ਵਿੱਚ ਵੀ ਲੋਕਾਂ ਨੂੰ ਅਜਿਹੀ ਹੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪਵੇਗਾ? ਲੋਕਾਂ ਨੇ ਮੰਗ ਕੀਤੀ ਹੈ ਕਿ ਵਿਕਾਸ ਕਾਰਜਾਂ ਦੀ ਪਹਿਲਾਂ ਤੋਂ ਯੋਜਨਾਬੰਦੀ ਕਰ ਕੇ ਗੁਣਵੱਤਾ ਨੂੰ ਯਕੀਨੀ ਬਣਾਇਆ ਜਾਵੇ ਤਾਂ ਜੋ ਸਰਕਾਰੀ ਖ਼ਜ਼ਾਨੇ ’ਤੇ ਬੇਲੋੜਾ ਬੋਝ ਨਾ ਪਵੇ ਅਤੇ ਲੋਕਾਂ ਨੂੰ ਵਾਰ-ਵਾਰ ਪਰੇਸ਼ਾਨ ਨਾ ਹੋਣਾ ਪਵੇ। ਹੁਣ ਸਭ ਤੋਂ ਵੱਡਾ ਸਵਾਲ ਇਹੀ ਹੈ ਕਿ ਕੀ ਵਿਕਾਸ ਕਾਰਜ ਪਹਿਲਾਂ ਪੂਰੀ ਤਕਨੀਕੀ ਯੋਜਨਾ ਨਾਲ ਕੀਤੇ ਜਾਣਗੇ ਜਾਂ ਫਿਰ ‘ਪਹਿਲਾਂ ਬਣਾਓ, ਬਾਅਦ ਵਿੱਚ ਤੋੜੋ’ ਵਾਲਾ ਸਿਲਸਿਲਾ ਇੰਝ ਹੀ ਜਾਰੀ ਰਹੇਗਾ? ਇਸੇ ਤਰ੍ਹਾਂ ਦਾ ਇੱਕ ਹੋਰ ਮਾਮਲਾ ਗੁਰਦੁਆਰਾ ਸ੍ਰੀ ਸਿਹਰਾ ਸਾਹਿਬ ਨੇੜੇ ਵੀ ਸਾਹਮਣੇ ਆਇਆ ਹੈ। ਸਥਾਨਕ ਦੁਕਾਨਦਾਰਾਂ ਅਨੁਸਾਰ ਵਾਟਰ ਸਪਲਾਈ ਦੀ ਲਾਈਨ ਵਿਛਾਉਣ ਤੋਂ ਬਾਅਦ ਨਵੀਂ ਸੜਕ ਬਣਾਈ ਗਈ ਸੀ, ਪਰ ਸਿਰਫ਼ ਤਿੰਨ ਦਿਨਾਂ ਵਿੱਚ ਹੀ ਪਾਈਪ ਲੀਕ ਹੋਣ ਕਾਰਨ ਸੜਕ ਧੱਸ ਗਈ ਅਤੇ ਵੱਡਾ ਟੋਆ ਬਣ ਗਿਆ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਕਰੀਬ 20 ਦਿਨ ਤੱਕ ਸ਼ਿਕਾਇਤਾਂ ਕਰਨ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋਈ ਅਤੇ ਮਾਮਲਾ ਉਜਾਗਰ ਹੋਣ ਤੋਂ ਬਾਅਦ ਹੀ ਮੁਰੰਮਤ ਦਾ ਕੰਮ ਸ਼ੁਰੂ ਕੀਤਾ ਗਿਆ। ਹੁਣ ਨਵੀਂ ਸੜਕ ਪੁੱਟੇ ਜਾਣ ਕਾਰਨ ਇਲਾਕਾ ਵਾਸੀਆਂ ਅਤੇ ਦੁਕਾਨਦਾਰਾਂ ਵਿੱਚ ਇਹ ਸਵਾਲ ਬਣਿਆ ਹੋਇਆ ਹੈ ਕਿ ਆਖ਼ਰ ਇਸ ਸੜਕ ਦੀ ਮੁੜ ਉਸਾਰੀ ਕਦੋਂ ਹੋਵੇਗੀ। ਉਨ੍ਹਾਂ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਵਿਕਾਸ ਕਾਰਜਾਂ ਵਿੱਚ ਤਾਲਮੇਲ ਦੀ ਘਾਟ ਕਾਰਨ ਲੋਕਾਂ ਨੂੰ ਵਾਰ-ਵਾਰ ਖੱਜਲ-ਖੁਆਰ ਹੋਣਾ ਪੈ ਰਿਹਾ ਹੈ।