- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੈਨਿਕ ਸਕੂਲ ਕਪੂਰਥਲਾ ਵਿਖੇ ਗੋਲਡਨ ਬੈਚ ਦਾ ਪੁਨਰ-ਮਿਲਣ ਸਮਾਗਮ ਕਰਵਾਇਆ

--ਪੁਰਾਣੇ ਵਿਦਿਆਰਥੀਆਂ ਨੇ ਕੈਡੇਟਾਂ ਲਈ ਦਿੱਤੇ 5 ਲੱਖ
ਅਮਰੀਕ ਮੱਲ੍ਹੀ, ਪੰਜਾਬੀ ਜਾਗਰਣ
ਕਪੂਰਥਲਾ : ਸੈਨਿਕ ਸਕੂਲ ਕਪੂਰਥਲਾ ਵਿਖੇ ਕੱਲ੍ਹ 1969-1976 ਬੈਚ ਦੇ ਪੁਰਾਣੇ ਵਿਦਿਆਰਥੀਆਂ ਦਾ ਗੋਲਡਨ ਜੁਬਲੀ ਪੁਨਰ-ਮਿਲਣ ਸਮਾਗਮ ਉਤਸ਼ਾਹ, ਭਾਵੁਕਤਾ ਤੇ ਦੇਸ਼ ਸੇਵਾ ਦੇ ਸੰਕਲਪਾਂ ਨਾਲ ਆਯੋਜਿਤ ਕੀਤਾ ਗਿਆ। ਪੰਜ ਦਹਾਕਿਆਂ ਬਾਅਦ ਆਪਣੇ ਪੁਰਾਣੇ ਵਿਦਿਅਕ ਅਦਾਰੇ ਸੈਨਿਕ ਸਕੂਲ ਕਪੂਰਥਲਾ ਪਹੁੰਚੇ ਪੁਰਾਣੇ ਵਿਦਿਆਰਥੀਆਂ ਲਈ ਇਹ ਮੌਕਾ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰਨ ਦੇ ਨਾਲ-ਨਾਲ ਨਵੀਂ ਪੀੜ੍ਹੀ ਦੇ ਕੈਡੇਟਾਂ ਨੂੰ ਤਜਰਬਾ, ਪ੍ਰੇਰਨਾ ਤੇ ਜੀਵਨ-ਮੁੱਲਾਂ ਦੀ ਵਿਰਾਸਤ ਸੌਂਪਣ ਦਾ ਯਾਦਗਾਰੀ ਪਲ ਸੀ। ਇਸ ਵਫ਼ਦ ਦੀ ਅਗਵਾਈ ਸਕੂਲ ਦੇ ਪੁਰਾਣੇ ਵਿਦਿਆਰਥੀਆਂ ਵਿੱਚੋਂ ਇੱਕ ਲੈਫਟੀਨੈਂਟ ਜਨਰਲ ਰਣਬੀਰ ਸਿੰਘ, ਪੀਵੀਐੱਸਐੱਮ, ਏਵੀਐੱਸਐੱਮ, ਵਾਈਐੱਸਐੱਮ, ਐੱਸਐੱਮ (ਸੇਵਾਮੁਕਤ) ਨੇ ਕੀਤੀ, ਜਿਨ੍ਹਾਂ ਨੇ ਇਤਿਹਾਸਕ 2016 ਦੀ ਸਰਜੀਕਲ ਸਟ੍ਰਾਈਕ ਦੌਰਾਨ ਡਾਇਰੈਕਟਰ ਜਨਰਲ ਮਿਲਟਰੀ ਆਪ੍ਰੇਸ਼ਨਜ਼ (ਡੀਜੀਐੱਮਓ) ਵਜੋਂ ਤੇ ਬਾਅਦ ਵਿੱਚ ਉੱਤਰੀ ਕਮਾਂਡ ਦੇ ਜਨਰਲ ਆਫੀਸਰ ਕਮਾਂਡਿੰਗ-ਇਨ-ਚੀਫ (ਜੀਓਸੀ ਇਨ ਸੀ) ਵਜੋਂ ਆਪਣੀਆਂ ਸੇਵਾਵਾਂ ਦਿੱਤੀਆਂ ਸਨ। ਸਮਾਗਮ ਦੀ ਸ਼ੁਰੂਆਤ ਸਕੂਲ ਵਿੱਚ ਸਥਿਤ ‘ਸਾਈਕੈਪ ਸਮ੍ਰਿਤੀ ਸਥਲ’ 'ਤੇ ਵੀਰ ਸ਼ਹੀਦਾਂ ਨੂੰ ਫੁੱਲ ਮਾਲਾਵਾਂ ਅਰਪਿਤ ਕਰਕੇ ਸ਼ਰਧਾਂਜਲੀ ਭੇਟ ਕਰਨ ਨਾਲ ਹੋਈ। ਇਸੇ ਕੜੀ ਤਹਿਤ ਸਕੂਲ ਦੇ ਬੁਨਿਆਦੀ ਢਾਂਚੇ ਵਿੱਚ ਇੱਕ ਮਹੱਤਵਪੂਰਨ ਵਾਧਾ ਕਰਦੇ ਹੋਏ, ਨਵੇਂ ਬਣੇ ਕਾਨਫਰੰਸ ਹਾਲ ਤੇ ਨਵਿਆਰੇ ਗਏ ਪਟੇਲ ਹਾਊਸ ਦਾ ਰਸਮੀ ਉਦਘਾਟਨ ਲੈਫਟੀਨੈਂਟ ਜਨਰਲ ਰਣਬੀਰ ਸਿੰਘ ਤੇ ਮੇਜਰ ਜਨਰਲ ਅਨੂਪ ਕ੍ਰਿਸ਼ਨ ਧਰ, ਐੱਸਐੱਮ (ਸੇਵਾਮੁਕਤ) ਵੱਲੋਂ ਕੀਤਾ ਗਿਆ। ਫਿਰ ਸਕੂਲ ਆਡੀਟੋਰੀਅਮ ਵਿੱਚ ਕਰਵਾਏ ਗਏ ਇੱਕ ਵਿਸ਼ੇਸ਼ ਪ੍ਰੋਗਰਾਮ ਤੇ ਸਵਾਗਤੀ ਸਮਾਰੋਹ ਵਿੱਚ ਕੈਡੇਟਾਂ ਨੇ ਹਿੰਦੀ ਸਮੂਹ ਗਾਨ ਤੇ ‘ਸਾਈਕੈਪ ਫਲੋ’ ਗੀਤ ਰਾਹੀਂ ਸੰਸਥਾ ਦੀਆਂ ਮਾਣਮੱਤੀਆਂ ਰਵਾਇਤਾਂ ਨੂੰ ਪੇਸ਼ ਕੀਤਾ। ਇਸ ਦੌਰਾਨ ਪੁਰਾਣੇ ਵਿਦਿਆਰਥੀਆਂ ਨੇ ਆਪਣੇ ਵਿਦਿਆਰਥੀ ਜੀਵਨ, ਸਖ਼ਤ ਸਿਖਲਾਈ, ਹੋਸਟਲ ਦੇ ਭਾਈਚਾਰੇ ਤੇ ਉਨ੍ਹਾਂ ਅਨੁਸ਼ਾਸਨਬੱਧ ਸੰਸਕਾਰਾਂ ਨੂੰ ਯਾਦ ਕੀਤਾ, ਜਿਨ੍ਹਾਂ ਨੇ ਉਨ੍ਹਾਂ ਦੇ ਫ਼ੌਜੀ ਤੇ ਜਨਤਕ ਜੀਵਨ ਨੂੰ ਸੇਧ ਦਿੱਤੀ। ਇਸ ਦੌਰਾਨ ਸਾਬਕਾ ਫ਼ੌਜੀ ਅਧਿਕਾਰੀਆਂ ਲੈਫਟੀਨੈਂਟ ਜਨਰਲ ਰਣਬੀਰ ਸਿੰਘ ਤੇ ਮੇਜਰ ਜਨਰਲ ਅਨੂਪ ਕ੍ਰਿਸ਼ਨ ਧਰ ਨੇ ਕੈਡੇਟਾਂ ਨੂੰ ਸੰਬੋਧਨ ਕਰਦਿਆਂ ਇਮਾਨਦਾਰੀ, ਨੈਤਿਕ ਹਿੰਮਤ, ਅਨੁਸ਼ਾਸਨ ਤੇ ਨਿਰਸਵਾਰਥ ਦੇਸ਼ ਸੇਵਾ ਨੂੰ ਜੀਵਨ ਦਾ ਮੂਲ ਮੰਤਰ ਬਣਾਉਣ ਦਾ ਸੱਦਾ ਦਿੱਤਾ।
ਬੁਲਾਰਿਆਂ ਨੇ ਖ਼ਾਸ ਤੌਰ 'ਤੇ 11ਵੀਂ ਤੇ 12ਵੀਂ ਜਮਾਤ ਦੇ ਕੈਡੇਟਾਂ ਨੂੰ ਨੈਸ਼ਨਲ ਡਿਫੈਂਸ ਅਕੈਡਮੀ (ਐੱਨਡੀਏ) ਵਿੱਚ ਦਾਖ਼ਲੇ ਲਈ ਟੀਚਾ ਮਿੱਥ ਕੇ ਸਮਰਪਣ ਭਾਵਨਾ ਨਾਲ ਤਿਆਰੀ ਕਰਨ ਲਈ ਪ੍ਰੇਰਿਤ ਕੀਤਾ। ਪ੍ਰਾਪਤ ਜਾਣਕਾਰੀ ਅਨੁਸਾਰ, ਆਪਣੇ ਇਸ ਮਾਤਰੀ ਅਦਾਰੇ ਪ੍ਰਤੀ ਸ਼ੁਕਰਗੁਜ਼ਾਰੀ ਪ੍ਰਗਟ ਕਰਦੇ ਹੋਏ ਇਸ ਬੈਚ ਦੇ ਪੁਰਾਣੇ ਵਿਦਿਆਰਥੀਆਂ ਨੇ ਸਕੂਲ ਨੂੰ ਕੁੱਲ 5 ਲੱਖ ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ। ਇਹ ਰਾਸ਼ੀ ਸਾਰਿਆਂ ਦੀ ਹਾਜ਼ਰੀ ਵਿੱਚ ਇੱਕ ਰਸਮੀ ਚੈੱਕ ਰਾਹੀਂ ਸਕੂਲ ਦੇ ਪ੍ਰਿੰਸੀਪਲ ਗਰੁੱਪ ਕੈਪਟਨ ਆਈ ਮਨੋਜ ਮੈਨਨ ਨੇ ਸਵੀਕਾਰ ਕੀਤੀ। ਇਸ ਦੇ ਨਾਲ ਹੀ ਗਰੁੱਪ ਕੈਪਟਨ ਮੈਨਨ ਨੇ ਇਸ ਬੈਚ ਦਾ ਨਿੱਘਾ ਸਵਾਗਤ ਕੀਤਾ ਤੇ ਧੰਨਵਾਦ ਪ੍ਰਗਟ ਕਰਦਿਆਂ ਇਸ ਰਾਸ਼ੀ ਨੂੰ ਕੈਡੇਟਾਂ ਦੇ ਸਰਬਪੱਖੀ ਵਿਕਾਸ ਲਈ ਖ਼ਰਚ ਕਰਨ ਦੀ ਵਚਨਬੱਧਤਾ ਦੁਹਰਾਈ। ਸਮਾਗਮ ਦੌਰਾਨ ਉਨ੍ਹਾਂ ਕੈਂਪਸ ਵਿੱਚ ਚੱਲ ਰਹੇ ਵੱਖ-ਵੱਖ ਵਿਕਾਸ ਕਾਰਜਾਂ ਤੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਬਾਰੇ ਜਾਣਕਾਰੀ ਦਿੱਤੀ।
ਪ੍ਰਿੰਸੀਪਲ ਨੇ ਕੈਡੇਟਾਂ ਦੇ ਸੰਪੂਰਨ ਸ਼ਖ਼ਸੀਅਤ ਵਿਕਾਸ ਲਈ ਸ਼ੁਰੂ ਕੀਤੀਆਂ ਗਈਆਂ ਠੋਸ ਪਹਿਲਕਦਮੀਆਂ ਤੇ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਐੱਨਡੀਏ ਪ੍ਰੀਖਿਆ ਦੀ ਗਹਿਨ ਤਿਆਰੀ ਲਈ ਤਿਆਰ ਕੀਤੀਆਂ ਰਣਨੀਤੀਆਂ ਦੀ ਰੂਪ-ਰੇਖਾ ਵੀ ਸਾਂਝੀ ਕੀਤੀ। ਦੱਸਣਯੋਗ ਹੈ ਕਿ ਇਸ ਰਾਸ਼ੀ ਵਿੱਚ ਹੋਣਹਾਰ ਤੇ ਲੋੜਵੰਦ ਕੈਡੇਟਾਂ ਦੀ ਪੜ੍ਹਾਈ ਤੇ ਉਤਸ਼ਾਹ ਲਈ 3.5 ਲੱਖ ਦਾ ਵਜ਼ੀਫ਼ਾ (ਐਂਡੋਮੈਂਟ ਫੰਡ) ਤੇ ਕੈਂਪਸ ਵਿੱਚ ਪ੍ਰੇਰਨਾਦਾਇਕ ਡਿਸਪਲੇਅ ਬੋਰਡ ਲਗਾਉਣ ਲਈ 1.5 ਲੱਖ ਸ਼ਾਮਲ ਹਨ। ਪ੍ਰਾਪਤ ਸੂਚਨਾ ਅਨੁਸਾਰ ਇਸ ਯੋਗਦਾਨ ਦਾ ਉਦੇਸ਼ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਨੂੰ ਅੱਗੇ ਵਧਣ ਦੇ ਮੌਕੇ ਪ੍ਰਦਾਨ ਕਰਨਾ ਤੇ ਉਨ੍ਹਾਂ ਨੂੰ ਰੱਖਿਆ ਸੇਵਾਵਾਂ ਵਿੱਚ ਆਪਣਾ ਭਵਿੱਖ ਬਣਾਉਣ ਲਈ ਪ੍ਰੇਰਿਤ ਕਰਨਾ ਹੈ। ਅੰਤ ਵਿੱਚ ਪੁਰਾਣੇ ਵਿਦਿਆਰਥੀਆਂ ਨੇ ਯਾਦਗਾਰ ਵਜੋਂ ਆਡੀਟੋਰੀਅਮ ਦੇ ਬਾਹਰ ਬੂਟੇ ਲਗਾਏ ਤੇ ਸਮੂਹਿਕ ਤਸਵੀਰਾਂ ਰਾਹੀਂ ਇਸ ਇਤਿਹਾਸਕ ਪਲ ਨੂੰ ਸਦਾ ਲਈ ਯਾਦਗਾਰ ਬਣਾਇਆ। ਇਸ ਤੋਂ ਬਾਅਦ ਦੁਪਹਿਰ ਦੇ ਖਾਣੇ ਉਪਰੰਤ ਪੁਰਾਣੇ ਵਿਦਿਆਰਥੀਆਂ ਨੇ 11ਵੀਂ ਅਤੇ 12ਵੀਂ ਜਮਾਤ ਦੇ ਕੈਡੇਟਾਂ ਲਈ ਆਯੋਜਿਤ ਇੱਕ ਵਿਸ਼ੇਸ਼ ਗੱਲਬਾਤ ਤੇ ਮਾਰਗਦਰਸ਼ਨ ਸੈਸ਼ਨ ਵਿੱਚ ਹਿੱਸਾ ਲਿਆ।