ਪ੍ਰਗਟ ਦਿਵਸ ਸਬੰਧੀ ਧਾਰਮਿਕ ਸਟੇਜ ਸਜਾਈ, ਸੰਗਤਾਂ ਨੇ ਭਰੀ ਹਾਜ਼ਰੀ ਭਗਵਾਨ ਵਾਲਮੀਕ ਮਹਾਰਾਜ ਜੀ ਦੇ ਪ੍ਰਗਟ ਦਿਵਸ ਸਬੰਧੀ ਧਾਰਮਿਕ ਸਟੇਜ ਸਜਾਈ, ਵੱਡੀ ਗਿਣਤੀ ਵਿੱਚ ਸੰਗਤਾਂ ਨੇ ਭਰੀ ਹਾਜ਼ਰੀ
Publish Date: Tue, 27 Oct 2026 10:10 PM (IST)
Updated Date: Tue, 27 Oct 2026 10:13 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਕਪੂਰਥਲਾ : ਭਗਵਾਨ ਸ੍ਰੀ ਵਾਲਮੀਕਿ ਮਹਾਰਾਜ ਜੀ ਦੇ ਪਾਵਨ ਪ੍ਰਗਟ ਦਿਵਸ ਦੇ ਸਬੰਧ ਵਿੱਚ ਭਗਵਾਨ ਵਾਲਮੀਕਿ ਨੌਜਵਾਨ ਸਭਾ ਕਪੂਰਥਲਾ ਵੱਲੋਂ ਮੁਹੱਲਾ ਸ਼ਹਿਰੀਆਂ ਵਿਖੇ ਸ਼ਾਨਦਾਰ ਧਾਰਮਿਕ ਸਟੇਜ ਸਜਾਈ ਗਈ। ਇਹ ਸਮਾਗਮ ਸ਼੍ਰੋਮਣੀ ਅਕਾਲੀ ਦਲ ਐੱਸਸੀ ਵਿੰਗ ਪੰਜਾਬ ਦੇ ਵਾਈਸ ਪ੍ਰਧਾਨ ਜੀਆ ਲਾਲ ਨਾਹਰ ਦੀ ਰਹਿਨੁਮਾਈ ਤੇ ਸਭਾ ਦੇ ਪ੍ਰਧਾਨ ਕੌਂਸਲਰ ਕੋਮਲ ਸਹੋਤਾ (ਗਾਗਾ) ਦੀ ਦੇਖ-ਰੇਖ ਹੇਠ ਕਰਵਾਇਆ ਗਿਆ। ਧਾਰਮਿਕ ਤੇ ਆਧਿਆਤਮਿਕ ਮਾਹੌਲ ਵਿੱਚ ਕਰਵਾਏ ਗਏ ਇਸ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ, ਸਮਾਜਿਕ ਆਗੂਆਂ, ਰਾਜਨੀਤਿਕ ਨੁਮਾਇੰਦਿਆਂ ਤੇ ਧਾਰਮਿਕ ਸ਼ਖਸੀਅਤਾਂ ਨੇ ਸ਼ਮੂਲੀਅਤ ਕੀਤੀ। ਸਮਾਗਮ ਦਾ ਉਦਘਾਟਨ ਆਮ ਆਦਮੀ ਪਾਰਟੀ ਕਪੂਰਥਲਾ ਦੇ ਹਲਕਾ ਇੰਚਾਰਜ ਦਵਿੰਦਰ ਪਾਲ ਹੰਸਪਾਲ ਤੇ ਨਰਿੰਦਰ ਮੰਨਸੂ ਵੱਲੋਂ ਸਾਂਝੇ ਤੌਰ ‘ਤੇ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੇ ਸਮੂਹ ਸੰਗਤਾਂ ਨੂੰ ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਪ੍ਰਗਟ ਦਿਵਸ ਦੀਆਂ ਮੁਬਾਰਕਾਂ ਦਿੰਦਿਆਂ ਕਿਹਾ ਕਿ ਮਹਾਰਿਸ਼ੀ ਵਾਲਮੀਕਿ ਜੀ ਦਾ ਜੀਵਨ ਸਮੁੱਚੀ ਮਨੁੱਖਤਾ ਲਈ ਪ੍ਰੇਰਣਾ ਦਾ ਸਰੋਤ ਹੈ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਐੱਚਐੱਸ ਵਾਲੀਆ ਤੇ ਵਾਰਿਸ ਪੰਜਾਬ ਦੇ ਹਲਕਾ ਇੰਚਾਰਜ ਜਗਜੀਤ ਸਿੰਘ ਧਾਲੀਵਾਲ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ, ਜਿਨ੍ਹਾਂ ਨੂੰ ਭਗਵਾਨ ਵਾਲਮੀਕਿ ਨੌਜਵਾਨ ਸਭਾ ਵੱਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਉਕਤ ਆਗੂਆਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਭਗਵਾਨ ਵਾਲਮੀਕ ਮਹਾਰਾਜ ਜੀ ਨੇ ਸਮਾਜ ਨੂੰ ਗਿਆਨ, ਭਗਤੀ ਤੇ ਮਨੁੱਖਤਾ ਦਾ ਮਾਰਗ ਦਿਖਾਇਆ। ਕੋਮਲ ਸਹੋਤਾ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਮਹਾਰਿਸ਼ੀ ਵਾਲਮੀਕਿ ਜੀ ਕੇਵਲ ਇੱਕ ਧਾਰਮਿਕ ਮਹਾਂਪੁਰਖ ਹੀ ਨਹੀਂ ਸਨ, ਸਗੋਂ ਉਹ ਮਹਾਨ ਕਵੀ, ਦਰਸ਼ਨਿਕ ਤੇ ਸਮਾਜ ਸੁਧਾਰਕ ਵੀ ਸਨ। ਉਨ੍ਹਾਂ ਵੱਲੋਂ ਰਚਿਤ ਰਾਮਾਇਣ ਮਨੁੱਖਤਾ ਨੂੰ ਧਰਮ, ਕਰਤੱਵ, ਸੱਚਾਈ ਅਤੇ ਸਹਿਣਸ਼ੀਲਤਾ ਦਾ ਸੰਦੇਸ਼ ਦਿੰਦੀ ਹੈ। ਸਮਾਗਮ ਦੌਰਾਨ ਪੂਰੇ ਧਾਰਮਿਕ ਸਥਾਨ ਅਤੇ ਆਸ-ਪਾਸ ਦੇ ਇਲਾਕੇ ਨੂੰ ਰੰਗ-ਬਿਰੰਗੀਆਂ ਲਾਈਟਾਂ ਅਤੇ ਸੁੰਦਰ ਸਜਾਵਟ ਨਾਲ ਸ਼ਿੰਗਾਰਿਆ ਗਿਆ ਸੀ। ਇਸ ਦੌਰਾਨ ਵੱਖ-ਵੱਖ ਪ੍ਰਸਿੱਧ ਭਜਨ ਗਾਇਕਾਂ ਵੱਲੋਂ ਭਗਵਾਨ ਵਾਲਮੀਕਿ ਮਹਾਰਾਜ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ। ਭਜਨਾਂ ਤੇ ਧਾਰਮਿਕ ਗੀਤਾਂ ਨੇ ਹਾਜ਼ਰ ਸੰਗਤਾਂ ਨੂੰ ਭਾਵ-ਵਿਭੋਰ ਕਰ ਦਿੱਤਾ। ਸਮਾਗਮ ਦੇ ਅੰਤ ਵਿੱਚ ਹਾਜ਼ਰ ਸੰਗਤਾਂ ਲਈ ਵੱਖ-ਵੱਖ ਪ੍ਰਕਾਰ ਦੇ ਲੰਗਰਾਂ ਦਾ ਪ੍ਰਬੰਧ ਕੀਤਾ ਗਿਆ। ਸੰਗਤਾਂ ਨੇ ਲੰਗਰ ਛਕ ਕੇ ਗੁਰੂ ਮਹਾਰਾਜ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਸਰਪ੍ਰਸਤ ਰਾਜੂ ਅਟਵਾਲ, ਗੋਪਾਲ ਥਾਪਰ, ਸੀਨੀਅਰ ਚੇਅਰਮੈਨ ਨੰਦਲਾਲ ਥਾਪਰ, ਚੇਅਰਮੈਨ ਸੁਮਿਤ ਗਿੱਲ (ਲੱਲਾ), ਹੈਪੀ ਸਹੋਤਾ, ਅਭੀ ਸੱਭਰਵਾਲ, ਪਵਨ ਗਿੱਲ, ਅਰੂਨ ਸੰਗਰ, ਕੈਫ ਸੱਭਰਵਾਲ, ਰਾਹੁਲ ਆਦਿਆ, ਅਨਿਲ ਸਲਹੋਤਰਾ, ਨੀਰਜ ਨਾਹਰ, ਪ੍ਰਿੰਸ ਥਾਪਰ, ਅਨਿਲ ਨਾਹਰ, ਲੱਕੀ ਸਹੋਤਾ, ਸੋਨੂੰ ਗਿੱਲ, ਸੰਜੀਵ ਨਾਹਰ (ਰੌਕੀ), ਅਨਮੋਲ ਸਹੋਤਾ, ਅਭੀ ਲੰਕੇਸ਼, ਸਾਜਨ ਖੋਸਲਾ, ਰਵੀ ਸਹੋਤਾ, ਡਾ. ਮਨਜੀਤ ਗਿੱਲ ਤੇ ਹੋਰ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।