ਮਾੜਾ ਵਿੱਦਿਅਕ ਪ੍ਰਬੰਧ ਦੇਸ਼ ਨੂੰ ਸ਼ਰਮਸਾਰ ਕਰ ਰਿਹਾ : ਅਟਵਾਲ ਮਾੜਾ ਵਿੱਦਿਅਕ ਪ੍ਰਬੰਧ ਦੁਨੀਆਂ ਭਰ ਵਿਚ ਦੇਸ਼ ਨੂੰ ਸ਼ਰਮਸਾਰ ਕਰ ਰਿਹਾ ਹੈ
Publish Date: Sat, 22 Aug 2026 08:05 PM (IST)
Updated Date: Sat, 22 Aug 2026 08:06 PM (IST)
--ਵਿਦਿਆਰਥੀ ਅੰਦੋਲਨ ਸਿੱਖਿਆ ਕ੍ਰਾਂਤੀ ਦਾ ਸੰਕੇਤ ਸਟਾਫ ਰਿਪੋਰਟਰ, ਪੰਜਾਬੀ ਜਾਗਰਣ ਕਪੂਰਥਲਾ : ਦੇਸ਼ ਭਰ ਵਿੱਚ ਮਾੜੇ ਵਿਦਿਅਕ ਪ੍ਰਬੰਧਾਂ ਤੇ ਬੁਨਿਆਦੀ ਸਹੂਲਤਾਂ ਦੀ ਘਾਟ ਵਿਰੁੱਧ ਵਿਦਿਆਰਥੀ ਵਰਗ ਦਾ ਵਧਦਾ ਵਿਰੋਧ ਨਵੀਂ ਸਿੱਖਿਆ ਕ੍ਰਾਂਤੀ ਦੀ ਸੰਭਾਵਨਾ ਦਰਸਾਉਂਦਾ ਹੈ। ਇਹ ਪ੍ਰਗਟਾਵਾ ਚਰਚ ਬਚਾਓ ਮੋਰਚਾ ਦੇ ਮੋਢੀ ਜੋਗਾ ਸਿੰਘ ਅਟਵਾਲ ਨੇ ਸਥਾਨਕ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵਿਦਿਆਰਥੀ ਕਿਸੇ ਵੀ ਦੇਸ਼ ਦਾ ਭਵਿੱਖ ਹੁੰਦੇ ਹਨ। ਜੇਕਰ ਉਨ੍ਹਾਂ ਨੂੰ ਗੁਣਵੱਤਾਪੂਰਨ, ਆਧੁਨਿਕ ਤੇ ਬਰਾਬਰੀ ਵਾਲੀ ਸਿੱਖਿਆ ਨਹੀਂ ਮਿਲੇਗੀ ਤਾਂ ਦੇਸ਼ ਦੀ ਤਰੱਕੀ ਦਾ ਸੁਪਨਾ ਅਧੂਰਾ ਰਹੇਗਾ। ਉਨ੍ਹਾਂ ਕਿਹਾ ਕਿ ਸਰਕਾਰਾਂ ਨੂੰ ਵਿਦਿਆਰਥੀਆਂ ਦੀ ਆਵਾਜ਼ ਨੂੰ ਵਿਰੋਧ ਸਮਝ ਕੇ ਦਬਾਉਣ ਦੀ ਬਜਾਏ ਉਸਨੂੰ ਸਿੱਖਿਆ ਪ੍ਰਬੰਧ ਵਿੱਚ ਸੁਧਾਰ ਲਈ ਇੱਕ ਮੌਕੇ ਵਜੋਂ ਦੇਖਣਾ ਚਾਹੀਦਾ ਹੈ। ਸਰਕਾਰੀ ਸਕੂਲਾਂ ਤੇ ਕਾਲਜਾਂ ਵਿੱਚ ਲੋੜੀਂਦਾ ਬੁਨਿਆਦੀ ਢਾਂਚਾ, ਯੋਗ ਅਧਿਆਪਕ, ਲਾਇਬ੍ਰੇਰੀਆਂ, ਲੈਬੋਰਟਰੀਆਂ, ਡਿਜੀਟਲ ਸਹੂਲਤਾਂ ਤੇ ਸੁਰੱਖਿਅਤ ਵਿਦਿਅਕ ਮਾਹੌਲ ਯਕੀਨੀ ਬਣਾਉਣਾ ਸਰਕਾਰ ਦੀ ਮੁੱਢਲੀ ਜ਼ਿੰਮੇਵਾਰੀ ਹੈ। ਜੋਗਾ ਸਿੰਘ ਅਟਵਾਲ ਨੇ ਕਿਹਾ ਕਿ ਸਿੱਖਿਆ ਨੂੰ ਸਿਰਫ਼ ਇਮਤਿਹਾਨ ਤੇ ਡਿਗਰੀ ਤੱਕ ਸੀਮਿਤ ਕਰਨ ਦੀ ਬਜਾਏ ਵਿਦਿਆਰਥੀਆਂ ਵਿੱਚ ਵਿਗਿਆਨਕ ਸੋਚ, ਤਰਕਸ਼ੀਲਤਾ, ਰਚਨਾਤਮਕਤਾ, ਮਨੁੱਖੀ ਅਧਿਕਾਰਾਂ ਤੇ ਸਮਾਜਿਕ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਕੇਂਦਰ ਤੇ ਸੂਬਾ ਸਰਕਾਰਾਂ ਤੋਂ ਮੰਗ ਕੀਤੀ ਕਿ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਸੁਣਿਆ ਜਾਵੇ ਤੇ ਸਿੱਖਿਆ ਪ੍ਰਬੰਧ ਵਿੱਚ ਲੋੜੀਂਦੇ ਸੁਧਾਰ ਤੁਰੰਤ ਕੀਤੇ ਜਾਣ। ਵਿਦਿਆਰਥੀਆਂ ਦੀ ਆਵਾਜ਼ ਨੂੰ ਦਬਾਉਣ ਦੀ ਨਹੀਂ, ਸਗੋਂ ਸੁਣਨ ਦੀ ਲੋੜ ਹੈ। ਅੱਜ ਦਾ ਵਿਦਿਆਰਥੀ ਜਾਗਰੂਕ ਹੋ ਰਿਹਾ ਹੈ ਤੇ ਇਹ ਜਾਗਰੂਕਤਾ ਹੀ ਆਉਣ ਵਾਲੇ ਸਮੇਂ ਵਿੱਚ ਇੱਕ ਨਵੀਂ ਸਿੱਖਿਆ ਕ੍ਰਾਂਤੀ ਦੀ ਨੀਂਹ ਬਣ ਸਕਦੀ ਹੈ।