- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨੀਟਾ ਚਿਕਨ ਕਾਰਨਰ ਕੋਲ ਲੰਿਕ ਸੜਕ ਬਣੀ ਪਾਰਕਿੰਗ ਟਰੈਫਿਕ ਪੁਲਿਸ ਸੁੱਤੀ ਕੁੰਭਕਰਨੀ ਨੀਂਦ

ਗੁਰੂ ਹਰਗੋਬਿੰਦ ਨਗਰ ’ਚ ਬਣੀ ਚੌਪਾਟੀ ਨੂੰ ਕਿੱਥੋਂ ਮਿਲ ਰਹੀ ਬਿਜਲੀ ਸਪਲਾਈ
ਟਰੈਫਿਕ ਪੁਲਿਸ ਸੁੱਤੀ ਕੁੰਭਕਰਨੀ ਨੀਂਦ, ਆਰਟੀਆਈ ’ਚ ਮਿਲੀ ਜਾਣਕਾਰੀ
ਵਿਜੇ ਸੋਨੀ ਪੰਜਾਬੀ ਜਾਗਰਣ
ਫਗਵਾੜਾ : ਫਗਵਾੜਾ ਸ਼ਹਿਰ ਦੇ ਪੌਸ਼ ਇਲਾਕੇ ਗੁਰੂ ਹਰਗੋਬਿੰਦ ਨਗਰ ਵਿੱਚ ਬਣੀ ਚੌਪਾਟੀ ਨੂੰ ਲੈ ਕੇ ਇੱਕ ਨਵਾਂ ਸਵਾਲ ਖੜ੍ਹਾ ਹੋ ਗਿਆ ਹੈ ਕਿ ਆਖ਼ਰ ਇਸ ਚੌਪਾਟੀ ਵਿੱਚ ਬਿਜਲੀ ਦੀ ਸਪਲਾਈ ਕਿੱਥੋਂ ਆ ਰਹੀ ਹੈ? ਆਰਟੀਆਈ ਐਕਟੀਵਿਸਟ ਗੁਰਮੀਤ ਸਿੰਘ ਸਾਥੀ ਵੱਲੋਂ ਬਿਜਲੀ ਵਿਭਾਗ ਪਾਸੋਂ ਸੂਚਨਾ ਅਧਿਕਾਰ ਕਾਨੂੰਨ ਤਹਿਤ ਮੰਗੀ ਗਈ ਜਾਣਕਾਰੀ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਵਿਭਾਗ ਵੱਲੋਂ ਗੁਰੂ ਹਰਗੋਬਿੰਦ ਨਗਰ ਵਿਖੇ ਬਣੀ ਇਸ ਚੌਪਾਟੀ ਨੂੰ ਕੋਈ ਵੀ ਬਿਜਲੀ ਦਾ ਮੀਟਰ ਮੁਹੱਈਆ ਨਹੀਂ ਕਰਵਾਇਆ ਗਿਆ। ਇਸ ਖੁਲਾਸੇ ਤੋਂ ਬਾਅਦ ਸਵਾਲ ਉੱਠ ਰਹੇ ਹਨ ਕਿ ਜੇਕਰ ਇੱਥੇ ਵਿਭਾਗ ਵੱਲੋਂ ਕੋਈ ਮੀਟਰ ਹੀ ਜਾਰੀ ਨਹੀਂ ਕੀਤਾ ਗਿਆ ਤਾਂ ਚੌਪਾਟੀ ਵਿੱਚ ਬਿਜਲੀ ਸਪਲਾਈ ਕਿਵੇਂ ਪਹੁੰਚ ਰਹੀ ਹੈ?
ਗੁਰਮੀਤ ਸਿੰਘ ਸਾਥੀ ਨੇ ਕਿਹਾ ਕਿ ਫਗਵਾੜਾ ਸ਼ਹਿਰ ਵਿੱਚ ਨਗਰ ਨਿਗਮ ਵੱਲੋਂ ਅਕਸਰ ਸੜਕਾਂ ’ਤੇ ਨਜਾਇਜ਼ ਕਬਜ਼ੇ ਕਰਕੇ ਬੈਠੇ ਰੇਹੜੀ-ਫੜ੍ਹੀ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਂਦੀ ਹੈ, ਪਰ ਗੁਰੂ ਹਰਗੋਬਿੰਦ ਨਗਰ ਵਰਗੇ ਪੌਸ਼ ਇਲਾਕੇ ਦੇ ਵਿਚਕਾਰ ਬਣੀ ਇਸ ਚੌਪਾਟੀ ਵੱਲ ਅਧਿਕਾਰੀਆਂ ਦਾ ਧਿਆਨ ਕਿਉਂ ਨਹੀਂ ਜਾ ਰਿਹਾ? ਉਨ੍ਹਾਂ ਸਵਾਲ ਕੀਤਾ ਕਿ ਕੀ ਇਸ ਜਗ੍ਹਾ ਸਬੰਧੀ ਨਗਰ ਨਿਗਮ ਕੋਲ ਕੋਈ ਰਿਕਾਰਡ ਜਾਂ ਮਨਜ਼ੂਰੀ ਮੌਜੂਦ ਹੈ ਜਾਂ ਫਿਰ ਇੱਥੇ ਨਜਾਇਜ਼ ਕਬਜ਼ਾ ਕਰਕੇ ਕਾਰੋਬਾਰ ਚਲਾਇਆ ਜਾ ਰਿਹਾ ਹੈ?
ਉਨ੍ਹਾਂ ਅੱਗੇ ਦੱਸਿਆ ਕਿ ਫਗਵਾੜਾ ਸ਼ਹਿਰ ਵਿੱਚ ਹੋਰ ਵੀ ਕਈ ਥਾਵਾਂ ’ਤੇ ਕਥਿਤ ਨਜਾਇਜ਼ ਕਬਜ਼ਿਆਂ ਦੇ ਮਾਮਲੇ ਸਾਹਮਣੇ ਆ ਰਹੇ ਹਨ। ਨੀਟਾ ਚਿਕਨ ਦੇ ਸਾਹਮਣੇ ਲਿੰਕ ਸੜਕ ਨੂੰ ਪਾਰਕਿੰਗ ਵਜੋਂ ਵਰਤੇ ਜਾਣ ਦਾ ਦੋਸ਼ ਲਗਾਉਂਦਿਆਂ ਉਨ੍ਹਾਂ ਕਿਹਾ ਕਿ ਇੱਥੇ ਆਏ ਦਿਨ ਸੈਂਕੜੇ ਗੱਡੀਆਂ ਸੜਕ ’ਤੇ ਖੜ੍ਹੀਆਂ ਰਹਿੰਦੀਆਂ ਹਨ। ਉਨ੍ਹਾਂ ਦਾ ਦਾਅਵਾ ਹੈ ਕਿ ਇੱਥੇ ਵਾਹਨਾਂ ਵਿੱਚ ਬੈਠੇ ਲੋਕਾਂ ਨੂੰ ਸ਼ਰਾਬ ਤੇ ਮਾਸਾਹਾਰੀ ਭੋਜਨ ਵੀ ਮੁਹੱਈਆ ਕਰਵਾਇਆ ਜਾਂਦਾ ਹੈ, ਜਿਸ ਕਾਰਨ ਆਵਾਜਾਈ ਤੇ ਜਨਤਕ ਸਹੂਲਤਾਂ ਸਬੰਧੀ ਸਵਾਲ ਪੈਦਾ ਹੋ ਰਹੇ ਹਨ। ਗੁਰਮੀਤ ਸਿੰਘ ਸਾਥੀ ਨੇ ਕਿਹਾ ਕਿ ਇਨ੍ਹਾਂ ਦੋਵੇਂ ਮਾਮਲਿਆਂ ਨੂੰ ਲੈ ਕੇ ਨਗਰ ਨਿਗਮ ਫਗਵਾੜਾ ਤੇ ਟ੍ਰੈਫਿਕ ਪੁਲਿਸ ਪਾਸੋਂ ਜਲਦ ਹੀ ਆਰਟੀਆਈ ਰਾਹੀਂ ਜਾਣਕਾਰੀ ਮੰਗੀ ਜਾਵੇਗੀ। ਉਨ੍ਹਾਂ ਕਿਹਾ ਕਿ ਲਿੰਕ ਸੜਕ ’ਤੇ ਕੀਤੇ ਗਏ ਕਥਿਤ ਕਬਜ਼ੇ, ਉੱਤੇ ਖੜ੍ਹੀਆਂ ਹੋਣ ਵਾਲੀਆਂ ਗੱਡੀਆਂ ਤੇ ਇਸ ਸਬੰਧੀ ਵਿਭਾਗਾਂ ਵੱਲੋਂ ਕੀਤੀ ਗਈ ਕਾਰਵਾਈ ਦਾ ਵੇਰਵਾ ਮੰਗਿਆ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਗੁਰੂ ਹਰਗੋਬਿੰਦ ਨਗਰ ਦੀ ਚੌਪਾਟੀ ਨੂੰ ਲੈ ਕੇ ਬਿਜਲੀ ਸਪਲਾਈ ਦੇ ਮਾਮਲੇ ਦੀ ਹੋਰ ਜਾਂਚ ਕਰਵਾਈ ਜਾਵੇਗੀ ਤੇ ਇਸ ਨੂੰ ਹਟਾਉਣ ਜਾਂ ਨਿਯਮਾਂ ਅਨੁਸਾਰ ਕਾਰਵਾਈ ਕਰਨ ਸਬੰਧੀ ਸਬੰਧਤ ਵਿਭਾਗਾਂ ਕੋਲ ਪਹੁੰਚ ਕੀਤੀ ਜਾਵੇਗੀ। ਹੁਣ ਦੇਖਣਾ ਇਹ ਹੋਵੇਗਾ ਕਿ ਨਗਰ ਨਿਗਮ ਤੇ ਬਿਜਲੀ ਵਿਭਾਗ ਇਨ੍ਹਾਂ ਸਵਾਲਾਂ ਦਾ ਕੀ ਜਵਾਬ ਦਿੰਦੇ ਹਨ ਤੇ ਕੀ ਇਨ੍ਹਾਂ ਮਾਮਲਿਆਂ ਵਿੱਚ ਕੋਈ ਠੋਸ ਕਾਰਵਾਈ ਕੀਤੀ ਜਾਂਦੀ ਹੈ ਜਾਂ ਨਹੀ।