ਅਕਾਲੀ ਦਲ ਵਾਰਿਸ ਵੱਲੋਂ ‘ਬਾਬਾ ਜੱਗਾ’ ਹਲਕਾ ਇੰਚਾਰਜ ਨਿਯੁਕਤ ਕਪੂਰਥਲਾ ਦੀ ਸਿਆਸਤ ’ਚ ਨਵਾਂ ਸਿਆਸੀ ਅਧਿਆਇ—ਜਗਜੀਤ ਸਿੰਘ ਧਾਲੀਵਾਲ ‘ਬਾਬਾ ਜੱਗਾ’ ਹਲਕਾ ਇੰਚਾਰਜ ਨਿਯੁਕਤ
Publish Date: Thu, 13 Aug 2026 09:20 PM (IST)
Updated Date: Thu, 13 Aug 2026 09:23 PM (IST)
ਕਪੂਰਥਲਾ ਦੀ ਸਿਆਸਤ ’ਚ ਮੀਲ ਪੱਥਰ ਸਾਬਤ ਹੋਵੇਗੀ ਬਾਬਾ ਜੱਗਾ ਦੀ ਨਿਯੁਕਤੀ : ਭੰਡਾਲ ਕੁਲਵਿੰਦਰ ਸਿੰਘ ਲਾਡੀ ਪੰਜਾਬੀ ਜਾਗਰਣ ਫੱਤੂਢੀਗਾ : ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਜਥੇਬੰਦੀ ਨੂੰ ਹਲਕਾ ਪੱਧਰ ’ਤੇ ਹੋਰ ਮਜ਼ਬੂਤ ਕਰਨ ਲਈ ਇੱਕ ਅਹਿਮ ਸਿਆਸੀ ਨਿਯੁਕਤੀ ਕਰਦਿਆਂ ਜਗਜੀਤ ਸਿੰਘ ਧਾਲੀਵਾਲ ‘ਬਾਬਾ ਜੱਗਾ’ ਨੂੰ ਵਿਧਾਨ ਸਭਾ ਹਲਕਾ ਕਪੂਰਥਲਾ ਦਾ ਹਲਕਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਇਸ ਸਬੰਧੀ ਜਾਰੀ ਪ੍ਰੈੱਸ ਬਿਆਨ ਵਿੱਚ ਅਕਾਲੀ ਦਲ ਵਾਰਿਸ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਭੰਡਾਲ ਨੇ ਕਿਹਾ ਕਿ ਜਗਜੀਤ ਸਿੰਘ ਧਾਲੀਵਾਲ ਦੀ ਨਿਯੁਕਤੀ ਕਪੂਰਥਲਾ ਦੀ ਸਿਆਸਤ ਵਿੱਚ ਇੱਕ ਮੀਲ ਪੱਥਰ ਸਾਬਤ ਹੋਵੇਗੀ। ਉਨ੍ਹਾਂ ਕਿਹਾ ਕਿ ਬਾਬਾ ਜੱਗਾ ਦੀ ਪੰਥਕ ਸੋਚ, ਲੋਕਾਂ ਨਾਲ ਮਜ਼ਬੂਤ ਰਾਬਤਾ ਤੇ ਜਥੇਬੰਦਕ ਸਮਰੱਥਾ ਦਾ ਪਾਰਟੀ ਨੂੰ ਹਲਕੇ ਵਿੱਚ ਵੱਡਾ ਲਾਭ ਮਿਲੇਗਾ। ਉਨ੍ਹਾਂ ਕਿਹਾ ਕਿ ਨਿਯੁਕਤੀ ਦੀ ਖ਼ਬਰ ਸਾਹਮਣੇ ਆਉਂਦਿਆਂ ਹੀ ਪੰਥਕ ਸੋਚ ਵਾਲੇ ਲੋਕਾਂ ਸਮੇਤ ਹਰ ਵਰਗ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਤੇ ਅੱਜ ਸਵੇਰ ਤੋਂ ਹੀ ਜਗਜੀਤ ਸਿੰਘ ਧਾਲੀਵਾਲ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਾ ਹੋਇਆ ਹੈ। ਇਹ ਲੋਕਾਂ ਵੱਲੋਂ ਪਾਰਟੀ ਦੀ ਨਵੀਂ ਸਿਆਸੀ ਦਿਸ਼ਾ ਪ੍ਰਤੀ ਵਿਖਾਏ ਜਾ ਰਹੇ ਭਰੋਸੇ ਦਾ ਪ੍ਰਗਟਾਵਾ ਹੈ। ਇਸ ਮੌਕੇ ਵਧਾਈ ਦਿੰਦਿਆਂ ਜਥੇਦਾਰ ਨਰਿੰਦਰ ਸਿੰਘ ਖੁਸਰੋਪੁਰ ਤੇ ਜਥੇਦਾਰ ਰਛਪਾਲ ਸਿੰਘ ਮਾਣੋਲੰਗਾ ਨੇ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਕਪੂਰਥਲਾ ਦੀ ਸਿਆਸਤ ਅੰਦਰ ਵੱਡਾ ਬਦਲਾਅ ਦੇਖਣ ਨੂੰ ਮਿਲੇਗਾ। ਇਸ ਮੌਕੇ ਜਗਜੀਤ ਸਿੰਘ ਧਾਲੀਵਾਲ ‘ਬਾਬਾ ਜੱਗਾ’ ਦੇ ਵੱਡੇ ਭਰਾ ਸੁਖਜੀਤ ਸਿੰਘ ਧਾਲੀਵਾਲ ਨੇ ਪਾਰਟੀ ਹਾਈਕਮਾਨ, ਪਾਰਟੀ ਦੇ ਕਾਰਜਕਾਰੀ ਪ੍ਰਧਾਨ ਬਾਪੂ ਤਰਸੇਮ ਸਿੰਘ ਤੇ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਵੱਲੋਂ ਉਨ੍ਹਾਂ ਦੇ ਪਰਿਵਾਰ ਨੂੰ ਦਿੱਤੇ ਗਏ ਇਸ ਮਾਣ-ਸਤਿਕਾਰ ਲਈ ਉਹ ਹਮੇਸ਼ਾ ਰਿਣੀ ਰਹਿਣਗੇ। ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂਆਂ ਨੇ ਕਿਹਾ ਕਿ ਜਗਜੀਤ ਸਿੰਘ ਧਾਲੀਵਾਲ ‘ਬਾਬਾ ਜੱਗਾ’ ਦੀ ਨਿਯੁਕਤੀ ਨਾਲ ਹਲਕਾ ਕਪੂਰਥਲਾ ਵਿੱਚ ਪਾਰਟੀ ਦੀ ਜਥੇਬੰਦਕ ਸਰਗਰਮੀ ਨੂੰ ਨਵੀਂ ਗਤੀ ਮਿਲੇਗੀ।