ਜੀ ਸੈਵਨ ਰਿਫੋਰਮ ਜਿਮ ’ਚ ਤੀਆਂ ਮਨਾਈਆਂ ਜੀ ਸੈਵਨ ਰਿਫੋਰਮ ਜ਼ਿੰਮ ਵੱਲੋਂ ਤੀਆਂ ਦਾ ਯਾਦਗਾਰ ਸਮਾਗਮ
Publish Date: Sun, 23 Aug 2026 07:46 PM (IST)
Updated Date: Sun, 23 Aug 2026 07:48 PM (IST)
ਪੰਜਾਬੀ ਜਾਗਰਣ ਪ੍ਰਤੀਨਿੱਧ ਫਗਵਾੜਾ : ਪੰਜਾਬੀ ਸੱਭਿਆਚਾਰ ਦੀਆਂ ਪੁਰਾਤਨ ਰਵਾਇਤਾਂ ਨੂੰ ਸੰਭਾਲਣ ਤੇ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਦੇ ਉਦੇਸ਼ ਨਾਲ ਜੀ ਸੈਵਨ ਰਿਫੋਰਮ ਜਿਮ ਫਗਵਾੜਾ ਵੱਲੋਂ ਹੋਟਲ ਗਰੈਂਡ ਅੰਬੈਸਡਰ ਵਿਖੇ ਤੀਆਂ ਦਾ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਮਹਿਲਾਵਾਂ ਨੇ ਸ਼ਿਰਕਤ ਕੀਤੀ ਤੇ ਪੰਜਾਬੀ ਪਹਿਰਾਵੇ, ਗਿੱਧੇ, ਲੋਕ-ਗੀਤਾਂ ਤੇ ਸੱਭਿਆਚਾਰਕ ਪੇਸ਼ਕਾਰੀਆਂ ਨਾਲ ਪੂਰਾ ਮਾਹੌਲ ਪੰਜਾਬੀ ਰੰਗ ਵਿੱਚ ਰੰਗਿਆ ਗਿਆ। ਇਸ ਮੌਕੇ ਜਿਮ ਪ੍ਰਬੰਧਕਾਂ ਵੱਲੋਂ ਕਿਹਾ ਗਿਆ ਕਿ “ਤੀਆਂ ਸਾਡੇ ਸੱਭਿਆਚਾਰ ਦਾ ਤਿਉਹਾਰ ਹੀ ਨਹੀਂ, ਸਗੋਂ ਸਾਡੀਆਂ ਭਾਵਨਾਵਾਂ ਤੇ ਸਾਡੀ ਵਿਰਾਸਤ ਦੀ ਪਛਾਣ ਹਨ। ਤੀਆਂ ਸਾਡੀਆਂ ਮਾਵਾਂ, ਭੈਣਾਂ ਤੇ ਧੀਆਂ ਨੂੰ ਪੰਜਾਬ ਦੀ ਮਿੱਟੀ, ਸਾਡੀਆਂ ਰਵਾਇਤਾਂ ਤੇ ਸਾਡੇ ਸੱਭਿਆਚਾਰ ਨਾਲ ਜੋੜਦੀਆਂ ਹਨ।” ਪ੍ਰਬੰਧਕਾਂ ਨੇ ਕਿਹਾ ਕਿ ਇੱਕ ਸਿਹਤਮੰਦ ਸਮਾਜ ਦੀ ਨੀਂਹ ਸਿਹਤਮੰਦ ਤੇ ਖੁਸ਼ ਮਹਿਲਾਵਾਂ ਨਾਲ ਹੁੰਦੀ ਹੈ। ਇਸੇ ਸੋਚ ਤਹਿਤ ਜੀ ਸੈਵਨ ਰਿਫੋਰਮ ਜਿਮ ਮਹਿਲਾਵਾਂ ਨੂੰ ਫਿਟਨੈੱਸ ਦੇ ਨਾਲ-ਨਾਲ ਇੱਕ ਅਜਿਹਾ ਮੰਚ ਦੇਣ ਲਈ ਵੀ ਯਤਨਸ਼ੀਲ ਹੈ, ਜਿੱਥੇ ਉਹ ਆਪਣੀਆਂ ਖੁਸ਼ੀਆਂ, ਪ੍ਰਤਿਭਾ ਤੇ ਸੱਭਿਆਚਾਰਕ ਵਿਰਾਸਤ ਨੂੰ ਖੁੱਲ੍ਹ ਕੇ ਸਾਂਝਾ ਕਰ ਸਕਣ। ਸਮਾਗਮ ਦੌਰਾਨ ਮਹਿਲਾਵਾਂ ਨੇ ਰਵਾਇਤੀ ਪੰਜਾਬੀ ਪਹਿਰਾਵਿਆਂ ਵਿੱਚ ਸਜ ਕੇ ਗਿੱਧਾ ਪਾਇਆ ਤੇ ਪੰਜਾਬੀ ਲੋਕ-ਸੱਭਿਆਚਾਰ ਦੀਆਂ ਵੱਖ-ਵੱਖ ਝਲਕੀਆਂ ਪੇਸ਼ ਕੀਤੀਆਂ। ਹਾਸੇ-ਖੁਸ਼ੀ ਤੇ ਉਤਸ਼ਾਹ ਨਾਲ ਭਰੇ ਇਸ ਸਮਾਗਮ ਨੇ ਹਰੇਕ ਹਾਜ਼ਰ ਵਿਅਕਤੀ ਦੇ ਮਨ ਵਿੱਚ ਪੰਜਾਬੀ ਵਿਰਸੇ ਲਈ ਪਿਆਰ ਤੇ ਮਾਣ ਦੀ ਭਾਵਨਾ ਹੋਰ ਮਜ਼ਬੂਤ ਕੀਤੀ। ਅੰਤ ਵਿੱਚ ਜੀ ਸੈਵਨ ਰਿਫੋਰਮ ਜਿਮ ਪ੍ਰਬੰਧਕਾਂ ਵੱਲੋਂ ਸਮਾਗਮ ਵਿੱਚ ਸ਼ਾਮਲ ਹੋਣ ਵਾਲੀਆਂ ਸਾਰੀਆਂ ਮਹਿਲਾਵਾਂ ਦਾ ਧੰਨਵਾਦ ਕਰਦਿਆਂ ਕਿਹਾ ਗਿਆ ਕਿ ਸਾਡਾ ਸੱਭਿਆਚਾਰ ਸਾਡੀ ਪਹਿਚਾਣ ਹੈ ਤੇ ਇਸ ਨੂੰ ਸੰਭਾਲਣਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ।