31 ਨੂੰ ਹੋਵੇਗੀ ਰਨ ਫਾਰ ਇਕੁਐਲਿਟੀ ਥੀਮ ਤਹਿਤ ਮੈਰਾਥਨ ਰਨ ਫਾਰ ਇਕੁਐਲਿਟੀ ਥੀਮ ਤਹਿਤ ਮੈਰਾਥਨ
Publish Date: Thu, 27 Aug 2026 09:26 PM (IST)
Updated Date: Thu, 27 Aug 2026 09:28 PM (IST)
--ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੋਵੇਗੀ ਮੈਰਾਥਨ : ਡਿਪਟੀ ਕਮਿਸ਼ਨਰ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 31 ਅਗਸਤ ਨੂੰ ‘ਰਨ ਫਾਰ ਇਕੁਐਲਿਟੀ’ ਥੀਮ ਹੇਠ ਮੈਰਾਥਨ ਕਰਵਾਈ ਜਾ ਰਹੀ ਹੈ। ਇਸ ਸਬੰਧੀ ਅੱਜ ਸਥਾਨਕ ਗੁਰੂ ਨਾਨਕ ਸਟੇਡੀਅਮ ਵਿਖੇ ਡਿਪਟੀ ਕਮਿਸ਼ਨਰ ਅਕਾਸ਼ ਬਾਂਸਲ ਤੇ ਐੱਸਐੱਸਪੀ ਗੌਰਵ ਤੂਰਾ ਵੱਲੋਂ ਵਧੀਕ ਡਿਪਟੀ ਕਮਿਸ਼ਨਰ ਵਰਿੰਦਰ ਪਾਲ ਸਿੰਘ ਬਾਜਵਾ, ਐੱਸਡੀਐੱਮ ਡਾ. ਇਰਵਨ ਕੌਰ, ਖੇਡ ਅਫ਼ਸਰ ਕੁਲਵਿੰਦਰ ਸਿੰਘ ਤੇ ਹੋਰਨਾਂ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਮੈਰਾਥਨ ਦਾ ਮੁੱਖ ਮਕਸਦ ਗੁਰੂ ਸਾਹਿਬ ਦੇ ਸਮਾਨਤਾ, ਆਪਸੀ ਭਾਈਚਾਰਕ ਸਾਂਝ, ਪ੍ਰੇਮ ਤੇ ਮਾਨਵਤਾ ਦੇ ਸੰਦੇਸ਼ ਨੂੰ ਸਮਾਜ ਦੇ ਹਰ ਵਰਗ ਤੱਕ ਪਹੁੰਚਾਉਣਾ ਹੈ। ਮੈਰਾਥਨ ਦੇ ਰੂਟ ਤੇ ਸਮੇਂ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਦੌੜ ਸਵੇਰੇ 6:00 ਵਜੇ ਗੁਰੂ ਨਾਨਕ ਸਟੇਡੀਅਮ ਤੋਂ ਸ਼ੁਰੂ ਹੋ ਕੇ ਜਲੰਧਰ ਰੋਡ ਸਥਿਤ ਹੋਟਲ ਰਮਾਡਾ ਤੱਕ ਜਾਵੇਗੀ ਤੇ ਉੱਥੋਂ ਯੂ-ਟਰਨ ਲੈ ਕੇ ਵਾਪਸ ਸਟੇਡੀਅਮ ਵਿਖੇ ਹੀ ਆ ਕੇ ਸਮਾਪਤ ਹੋਵੇਗੀ। ਦੌੜ ਦੌਰਾਨ ਭਾਗ ਲੈਣ ਵਾਲਿਆਂ ਦੀ ਸੁਰੱਖਿਆ ਤੇ ਸਿਹਤ ਸਹੂਲਤਾਂ ਲਈ ਰੂਟ ਦੇ ਨਾਲ-ਨਾਲ ਪੀਣ ਵਾਲੇ ਪਾਣੀ, ਮੈਡੀਕਲ ਟੀਮਾਂ ਤੇ ਐਂਬੂਲੈਂਸ ਦੇ ਵਿਸ਼ੇਸ਼ ਪ੍ਰਬੰਧ ਕਰਨ ਦੇ ਹੁਕਮ ਦਿੱਤੇ ਗਏ ਹਨ ਤਾਂ ਜੋ ਕਿਸੇ ਵੀ ਖੇਡ ਪ੍ਰੇਮੀ ਨੂੰ ਕੋਈ ਪਰੇਸ਼ਾਨੀ ਨਾ ਆਵੇ। ਡਿਪਟੀ ਕਮਿਸ਼ਨਰ ਅਕਾਸ਼ ਬਾਂਸਲ ਨੇ ਅੱਗੇ ਦੱਸਿਆ ਕਿ ਇਸ ਮੈਰਾਥਨ ਵਿੱਚ ਭਾਗ ਲੈਣ ਲਈ ਕੋਈ ਉਮਰ ਸੀਮਾ ਨਹੀਂ ਰੱਖੀ ਗਈ ਹੈ। ਇਸ ਵਿੱਚ ਸਕੂਲਾਂ/ਕਾਲਜਾਂ ਦੇ ਵਿਦਿਆਰਥੀ, ਨੌਜਵਾਨ, ਬਜ਼ੁਰਗ ਤੇ ਔਰਤਾਂ ਸਮੇਤ ਕੋਈ ਵੀ ਆਮ ਨਾਗਰਿਕ ਸ਼ਾਮਲ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਈਵੈਂਟ ਸਭ ਲਈ ਪੂਰੀ ਤਰ੍ਹਾਂ ਖੁੱਲ੍ਹਾ ਹੈ ਤੇ ਇਸ ਦਾ ਮਕਸਦ ਲੋਕਾਂ ਵਿੱਚ ਖੇਡਾਂ ਪ੍ਰਤੀ ਰੁਚੀ ਵਧਾਉਣਾ ਤੇ ਸਿਹਤਮੰਦ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨਾ ਵੀ ਹੈ। ਉਨ੍ਹਾਂ ਸਮੂਹ ਜ਼ਿਲ੍ਹਾ ਵਾਸੀਆਂ, ਸਕੂਲ ਪ੍ਰਬੰਧਕਾਂ, ਸਮਾਜਿਕ ਤੇ ਧਾਰਮਿਕ ਸੰਸਥਾਵਾਂ ਤੇ ਖੇਡ ਪ੍ਰੇਮੀਆਂ ਨੂੰ ਨਿੱਘੀ ਅਪੀਲ ਕੀਤੀ ਕਿ ਉਹ ਇਸ ਇਤਿਹਾਸਕ ਦਿਹਾੜੇ ਨੂੰ ਯਾਦਗਾਰੀ ਬਣਾਉਣ ਲਈ ਪਰਿਵਾਰਾਂ ਸਮੇਤ 31 ਅਗਸਤ ਨੂੰ ਸਵੇਰੇ 6 ਵਜੇ ਸਟੇਡੀਅਮ ਪਹੁੰਚ ਕੇ ਇਸ ਮੈਰਾਥਨ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ ਤੇ ਗੁਰੂ ਸਾਹਿਬ ਦੇ ਸਮਾਨਤਾ ਦੇ ਸੰਦੇਸ਼ ਨੂੰ ਘਰ-ਘਰ ਪਹੁੰਚਾਉਣ ਵਿੱਚ ਆਪਣਾ ਯੋਗਦਾਨ ਪਾਉਣ। ਇਸ ਮੌਕੇ ਐੱਸਐੱਸਪੀ ਗੌਰਵ ਤੂਰਾ ਨੇ ਦੱਸਿਆ ਕਿ ਮੈਰਾਥਨ ਦੌਰਾਨ ਟ੍ਰੈਫਿਕ ਤੇ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕਰਨ ਦੇ ਹੁਕਮ ਦਿੱਤੇ ਗਏ ਹਨ ਤਾਂ ਜੋ ਦੌੜਾਕਾਂ ਨੂੰ ਕਿਸੇ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੁਲਿਸ ਵੱਲੋਂ ਰੂਟ ਤੇ ਢੁੱਕਵੀਂ ਫੋਰਸ ਤਾਇਨਾਤ ਕੀਤੀ ਜਾਵੇਗੀ ਤੇ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਵਿਸ਼ੇਸ਼ ਰੂਟ ਪਲਾਨ ਤਿਆਰ ਕੀਤਾ ਜਾਵੇਗਾ।