ਫਗਵਾੜਾ ਸੜਕੀ ਵਿਕਾਸ ਪ੍ਰੋਜੈਕਟਾਂ ਦਾ ਮਿਲਿਆ ਤੋਹਫ਼ਾ : ਡਾ. ਚੱਬੇਵਾਲ ਫਗਵਾੜਾ ਲਈ 15 ਕਰੋੜ ਰੁਪਏ ਦੇ ਸੜਕੀ ਵਿਕਾਸ ਪ੍ਰੋਜੈਕਟਾਂ ਦਾ ਵੱਡਾ ਤੋਹਫ਼ਾ: ਡਾ. ਰਾਜ ਕੁਮਾਰ ਚੱਬੇਵਾਲ
Publish Date: Tue, 29 Sep 2026 08:21 PM (IST)
Updated Date: Tue, 29 Sep 2026 08:21 PM (IST)
ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਮੈਂਬਰ ਪਾਰਲੀਮੈਂਟ ਡਾ. ਰਾਜ ਕੁਮਾਰ ਚੱਬੇਵਾਲ ਦੇ ਯਤਨਾਂ ਸਦਕਾ, ਪੰਜਾਬ ਸਰਕਾਰ ਨੇ ਫਗਵਾੜਾ ਵਿੱਚ ਕਈ ਵੱਡੇ ਸੜਕੀ ਵਿਕਾਸ ਕਾਰਜਾਂ ਲਈ 15 ਕਰੋੜ ਰੁਪਏ ਜਾਰੀ ਕੀਤੇ ਹਨ, ਜਿਨ੍ਹਾਂ ਵਿੱਚ ਨਵੀਆਂ ਲਿੰਕ ਸੜਕਾਂ ਦਾ ਨਿਰਮਾਣ, ਮੌਜੂਦਾ ਸੜਕਾਂ ਨੂੰ ਚੌੜਾ ਤੇ ਮਜ਼ਬੂਤ ਕਰਨਾ ਤੇ ਕਈ ਥਾਵਾਂ ਤੇ ਅਪਗ੍ਰੇਡੇਸ਼ਨ ਤੇ ਵਿਸ਼ੇਸ਼ ਮੁਰੰਮਤ ਦੇ ਕੰਮ ਸ਼ਾਮਲ ਹਨ। ਡਾ. ਚੱਬੇਵਾਲ ਨੇ ਕਿਹਾ ਕਿ ਮਨਜ਼ੂਰਸ਼ੁਦਾ ਕੰਮਾਂ ਵਿੱਚ ਸਾਹਨੀ-ਮਲਿਕਪੁਰ ਲਿੰਕ ਸੜਕ ਤੇ ਇੱਕ ਪੁਲ ਦੇ ਨਿਰਮਾਣ ਤੋਂ ਇਲਾਵਾ, ਫਗਵਾੜਾ-ਨਵਾਂਸ਼ਹਿਰ ਬਾਈਪਾਸ ਤੋਂ ਦਰਸ਼ਨੀ ਡਿਓਢੀ, ਫਗਵਾੜਾ-ਹੁਸ਼ਿਆਰਪੁਰ ਰੋਡ ਤੋਂ ਗੁਰਦੁਆਰਾ ਕੌਲਸਰ ਤੇ ਕਿਰਪਾਲਪੁਰ ਤੋਂ ਕੁੱਲਾ ਸ਼ਰੀਫ਼ ਤੱਕ ਨਵੀਆਂ ਲਿੰਕ ਸੜਕਾਂ ਦਾ ਨਿਰਮਾਣ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਬੁਨਿਆਦੀ ਢਾਂਚੇ ਦੇ ਇਹ ਨਵੇਂ ਕੰਮ ਪੇਂਡੂ ਖੇਤਰਾਂ ਵਿੱਚ ਸੰਪਰਕ ਨੂੰ ਕਾਫ਼ੀ ਬਿਹਤਰ ਬਣਾਉਣਗੇ ਤੇ ਇਨ੍ਹਾਂ ਇਲਾਕਿਆਂ ਤੱਕ ਪਹੁੰਚ ਨੂੰ ਵਧੇਰੇ ਸੁਚਾਰੂ ਤੇ ਸੁਰੱਖਿਅਤ ਕਰਨਗੇ। ਇਨ੍ਹਾਂ ਕੰਮਾਂ ਵਿੱਚ ਥੇਹਸ਼ੇਰਖੰਡੀ-ਗੁਰਦੁਆਰਾ ਬਾਬਾ ਸ਼ੀਸ਼ਾ ਲਿੰਕ ਸੜਕ ਨੂੰ ਚੌੜਾ ਤੇ ਮਜ਼ਬੂਤ ਕਰਨਾ, ਏਕਤਾ ਰਿਜ਼ੋਰਟ-ਪੀਰ ਪਰਾਣੀਆਂ ਲਿੰਕ ਸੜਕ ਨੂੰ 16 ਫੁੱਟ ਤੱਕ ਚੌੜਾ ਕਰਨਾ ਤੇ ਚਾਚੋਕੀ-ਨੰਗਲ ਖੇੜਾ ਲਿੰਕ ਸੜਕ ਨੂੰ 10 ਫੁੱਟ ਤੋਂ 18 ਫੁੱਟ ਤੱਕ ਚੌੜਾ ਤੇ ਮਜ਼ਬੂਤ ਕਰਨਾ ਵੀ ਸ਼ਾਮਲ ਹੈ। ਡੁਮੇਲੀ-ਗੁਰਦੁਆਰਾ ਸਾਹਿਬ ਸੜਕ ਨੂੰ ਵੀ 10 ਫੁੱਟ ਤੋਂ 18 ਫੁੱਟ ਤੱਕ ਚੌੜਾ ਤੇ ਮਜ਼ਬੂਤ ਕੀਤਾ ਜਾਵੇਗਾ, ਜਦਕਿ ਪਿੰਡ ਪੰਛਟ ਵਿਖੇ ਫਿਰਨੀ ਨੂੰ ਅਪਗ੍ਰੇਡ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਫਗਵਾੜਾ-ਹੁਸ਼ਿਆਰਪੁਰ ਰੋਡ-ਟਾਂਡਾ ਬਗਾਨਾ ਲਿੰਕ ਸੜਕ ਨੂੰ 18 ਫੁੱਟ ਚੌੜੀ ਸੀਸੀ ਸੜਕ ਵਜੋਂ ਅਪਗ੍ਰੇਡ ਕਰਨਾ, ਫਗਵਾੜਾ-ਨਵਾਂਸ਼ਹਿਰ ਰੋਡ ਤੋਂ ਮਾਈਨਰ (ਸੂਏ) ਵੱਲ ਜਾਂਦੀ ਬਾਈਪਾਸ-ਸੰਤ ਨਿਰੰਕਾਰੀ ਭਵਨ ਲਿੰਕ ਸੜਕ ਦੀ ਵਿਸ਼ੇਸ਼ ਮੁਰੰਮਤ ਤੇ ਰੇਹਾਣਾ ਜੱਟਾ-ਦਸ਼ਮੇਸ਼ ਕਾਲੋਨੀ ਲਿੰਕ ਸੜਕ ਦੀ ਵਿਸ਼ੇਸ਼ ਮੁਰੰਮਤ ਸ਼ਾਮਲ ਹੈ। ਰਾਵਲਪਿੰਡੀ-ਪੰਛਟ ਸੜਕ ਦੀ ਮੁਰੰਮਤ ਨੂੰ ਵੀ ਮਨਜ਼ੂਰਸ਼ੁਦਾ ਸੜਕ ਵਿਕਾਸ ਕਾਰਜਾਂ ਵਿੱਚ ਸ਼ਾਮਲ ਕੀਤਾ ਗਿਆ ਹੈ। ਡਾ. ਚੱਬੇਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਹੇਠਲੇ ਪੱਧਰ ਤੇ ਸੜਕੀ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਤੇ ਕਨੈਕਟੀਵਿਟੀ ਵਿੱਚ ਸੁਧਾਰ ਲਿਆਉਣ ਨੂੰ ਪ੍ਰਮੁੱਖ ਤਰਜੀਹ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਲੋਕਾਂ ਨੂੰ ਬਿਹਤਰ ਸੜਕਾਂ ਅਤੇ ਆਧੁਨਿਕ ਨਾਗਰਿਕ ਬੁਨਿਆਦੀ ਢਾਂਚਾ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਜ਼ਿਕਰਯੋਗ ਹੈ ਕਿ ਪੰਜਾਬ ਮੰਡੀ ਬੋਰਡ ਨੇ ਇਨ੍ਹਾਂ ਪ੍ਰਮੁੱਖ ਸੜਕੀ ਕਾਰਜਾਂ ਦਾ ਨਿਰਮਾਣ ਪਹਿਲਾਂ ਹੀ ਸ਼ੁਰੂ ਕਰ ਦਿੱਤਾ ਹੈ, ਤਾਂ ਜੋ ਇਨ੍ਹਾਂ ਦੇ ਅਮਲ ਵਿੱਚ ਤੇਜ਼ੀ ਲਿਆਂਦੀ ਜਾ ਸਕੇ ਤੇ ਇਨ੍ਹਾਂ ਦਾ ਸਮੇਂ ਸਿਰ ਮੁਕੰਮਲ ਹੋਣਾ ਯਕੀਨੀ ਬਣਾਇਆ ਜਾ ਸਕੇ।