22 ਦੀ ਰੈਲੀ ’ਚ ਜ਼ਿਲ੍ਹੇ ’ਚੋਂ ਵੱਡੀ ਗਿਣਤੀ ਅਧਿਆਪਕ ਹੋਣਗੇ ਸ਼ਾਮਲ : ਕੋਹਲੀ/ਸਰਤਾਜ/ਸੰਗਤ
22 ਦੀ ਰੈਲੀ ’ਚ ਜਿਲੇ ਚੋਂ ਵੱਡੀ ਗਿਣਤੀ ਅਧਿਆਪਕ ਹੋਣਗੇ ਸ਼ਾਮਿਲ : ਕੋਹਲੀ/ਸਰਤਾਜ/ਸੰਗਤ
Publish Date: Fri, 20 Feb 2026 08:17 PM (IST)
Updated Date: Fri, 20 Feb 2026 08:18 PM (IST)

ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਅਧਿਆਪਕਾਂ ਦੀ ਸਿਰਮੌਰ ਜਥੇਬੰਦੀ ਮਾਸਟਰ ਕੈਡਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਮਾਸਟਰ ਨਰੇਸ਼ ਕੁਮਾਰ ਕੋਹਲੀ ਤੇ ਬੀਐੱਡ ਟੀਚਰ ਫਰੰਟ ਦੇ ਜ਼ਿਲ੍ਹਾ ਪ੍ਰਧਾਨ ਸਰਤਾਜ ਸਿੰਘ ਦੀ ਅਗਵਾਈ ਹੇਠ ਮੀਟਿੰਗ ਹੋਈ, ਜਿਸ ਵਿਚ ਪਿਛਲੇ ਦਿਨੀਂ ਸੁਪਰੀਮ ਕੋਰਟ ਦੇ ਫੈਸਲੇ ਨੂੰ ਆਧਾਰ ਬਣਾ ਕੇ ਸਿੱਖਿਆ ਵਿਭਾਗ ਵੱਲੋਂ ਸਾਰੇ ਅਧਿਆਪਕਾਂ ’ਤੇ ਅਧਿਆਪਕ ਯੋਗਤਾ ਟੈਸਟ (ਟੈੱਟ) ਥੋਪ ਕੇ ਉਨ੍ਹਾਂ ਦੀ ਸੇਵਾ ਖਤਮ ਕਰਨ ਦੀਆਂ ਹਦਾਇਤਾਂ ਜਾਰੀ ਕਰਨ, ਤਰੱਕੀਆਂ ਰੋਕਣ ਆਦਿ ਵਿਰੁੱਧ ਪੰਜਾਬ ਦੀਆਂ ਸਮੁੱਚੀਆਂ ਅਧਿਆਪਕ ਜਥੇਬੰਦੀਆਂ ਵੱਲੋਂ 22 ਫਰਵਰੀ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਕੀਤੀ ਜਾਣ ਵਾਲੀ ਰੋਸ ਰੈਲੀ ਵਿਚ ਵੱਡੀ ਗਿਣਤੀ ਵਿਚ ਅਧਿਆਪਕਾਂ ਨੂੰ ਸ਼ਾਮਲ ਕਰਵਾਉਣ ਸਬੰਧੀ ਯੋਜਨਾਬੰਦੀ ਕੀਤੀ ਗਈ। ਅਧਿਆਪਕਾਂ ਨੂੰ ਉਨ੍ਹਾਂ ਦੇ ਹੱਕਾਂ ਦੇ ਘਾਣ ਵਿਰੁੱਧ ਜਾਗਰੂਕ ਕੀਤਾ ਜਾਵੇਗਾ ਤੇ ਸੰਘਰਸ਼ ਦੇ ਰਸਤੇ ਅਜਿਹੀਆਂ ਨਵੀਆਂ ਲੀਹਾਂ ਪਾਉਣ ਵਿਰੁੱਧ ਲਾਮਬੰਦ ਕੀਤਾ ਜਾਵੇਗਾ। ਅਧਿਆਪਕ ਆਗੂਆਂ ਨੇ ਕਿਹਾ ਕਿ ਸੁਪਰੀਮ ਕੋਰਟ ਦਾ ਫੈਸਲਾ ਰਾਸ਼ਟਰੀ ਅਧਿਆਪਕ ਸਿੱਖਿਆ ਸੰਸਥਾ ਰਾਹੀਂ ਕੇਂਦਰ ਸਰਕਾਰ ਦੁਆਰਾ ਜਾਰੀ ਕੀਤੀਆਂ ਹਦਾਇਤਾਂ ਨੂੰ ਅੱਖੋਂ-ਪਰੋਖੇ ਕਰਕੇ ਸਮੁੱਚੇ ਅਧਿਆਪਕਾਂ ਉੱਤੇ ਜਬਰੀ ਟੈੱਟ ਥੋਪਦਾ ਹੈ ਜਦੋਂ ਕਿ ਉਕਤ ਨੋਟੀਫਿਕੇਸ਼ਨ ਰਾਹੀਂ ਸਿੱਖਿਆ ਦਾ ਅਧਿਕਾਰ ਕਾਨੂੰਨ 2009 ਦੇ ਆਉਣ ਤੋਂ ਪਹਿਲਾਂ ਭਰਤੀ ਹੋਏ ਅਧਿਆਪਕਾਂ ਨੂੰ ਟੈੱਟ ਤੋਂ ਛੋਟ ਦਿੱਤੀ ਗਈ ਸੀ ਤੇ ਕਈ ਕੈਟਾਗਰੀਆਂ ਦੇ ਅਧਿਆਪਕਾਂ ਨੂੰ ਵੀ ਛੋਟ ਦਿੱਤੀ ਗਈ ਸੀ। ਕਿਸੇ ਕਾਨੂੰਨ ਨੂੰ ਪਿਛਲੀ ਮਿਤੀ ਤੋਂ ਲਾਗੂ ਕਰਨਾ ਕੁਦਰਤੀ ਨਿਆਂ ਦੇ ਵਿਰੁੱਧ ਹੈ। ਇਸ ਤਰ੍ਹਾਂ 20-20 ਸਾਲ ਦੇ ਤਜਰਬੇ ਵਾਲੇ ਅਧਿਆਪਕਾਂ ਨੂੰ ਟੈੱਟ ਦੀ ਸ਼ਰਤ ਲਾ ਕੇ ਉਨ੍ਹਾਂ ਦੀ ਤਰੱਕੀ ਰੋਕਣਾ ਮਨਮਾਨੇ ਤਰੀਕੇ ਨਾਲ ਉਨ੍ਹਾਂ ਦਾ ਹੱਕ ਮਾਰਨਾ ਹੈ। ਮੀਟਿੰਗ ਵਿਚ ਸੰਗਤ ਰਾਮ ਬਾਗੀ, ਧਰਮਿੰਦਰ ਮੱਲੀ, ਨਿਰਮਲ ਸਿੰਘ, ਰਕੇਸ਼ ਕੁਮਾਰ, ਨਰੇਸ਼ ਕੁਮਾਰ, ਸਤਿੰਦਰ ਸਰਤਾਜ, ਹਰਪ੍ਰੀਤ ਸਿੰਘ, ਜਗਮੋਹਨ ਸਿੰਘ, ਗੁਰਮੁਖ ਸਿੰਘ ਬਾਬਾ, ਸੰਦੀਪ ਦੁਰਗਾਂਪੁਰ ,ਵਸਣਦੀਪ ਸਿੰਘ, ਹਰੀਸ਼ ਕੁਮਾਰ ,ਵਿਜੇ ਕੁਮਾਰ, ਸੁਖਦੇਵ ਸਿੰਘ ਮੰਗੂਪੁਰ ਆਦਿ ਵੀ ਹਾਜ਼ਰ ਸਨ।