ਸੰਗਰੂਰ ਰੈਲੀ ਲਈ ਭੁਲੱਥ ਤੋਂ ਵੱਡੀ ਗਿਣਤੀ ’ਚ ਨੰਬਰਦਾਰ ਜਾਣਗੇ ਨੰਬਰਦਾਰਾਂ ਦੀ ਸੰਗਰੂਰ ਰੈਲੀ ਲਈ ਭੁਲੱਥ ਤੋਂ ਵੱਡੀ ਗਿਣਤੀ ਵਿਚ ਹੋਵੇਗੀ ਸ਼ਮੂਲੀਅਤ
Publish Date: Sat, 26 Sep 2026 07:42 PM (IST)
Updated Date: Sat, 26 Sep 2026 07:45 PM (IST)
--5 ਅਕਤੂਬਰ ਦੀ ਰੈਲੀ ਸਬੰਧੀ ਨੰਬਰਦਾਰ ਯੂਨੀਅਨ ਭੁਲੱਥ ਨੇ ਕੀਤੀ ਮੀਟਿੰਗ, ਤਿਆਰੀਆਂ ਮੁਕੰਮਲ ਸੁਖਜਿੰਦਰ ਸਿੰਘ ਮੁਲਤਾਨੀ, ਪੰਜਾਬੀ ਜਾਗਰਣ ਭੁਲੱਥ : ਨੰਬਰਦਾਰ ਯੂਨੀਅਨ ਵੱਲੋਂ ਆਪਣੀਆਂ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਨੂੰ ਲੈ ਕੇ 5 ਅਕਤੂਬਰ ਨੂੰ ਸੰਗਰੂਰ ਵਿਖੇ ਕੀਤੀ ਜਾ ਰਹੀ ਰੋਸ ਰੈਲੀ ਸਬੰਧੀ ਸਬ-ਡਿਵੀਜ਼ਨ ਭੁਲੱਥ ਦੀ ਨੰਬਰਦਾਰ ਯੂਨੀਅਨ ਵੱਲੋਂ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਹ ਮੀਟਿੰਗ ਯੂਨੀਅਨ ਦੇ ਸਬ-ਡਿਵੀਜ਼ਨ ਭੁਲੱਥ ਦੇ ਪ੍ਰਧਾਨ ਬਲਰਾਮ ਸਿੰਘ ਮਾਨ ਦੀ ਅਗਵਾਈ ਹੇਠ ਹੋਈ, ਜਿਸ ਵਿੱਚ ਰੈਲੀ ਵਿੱਚ ਸ਼ਮੂਲੀਅਤ ਕਰਨ ਸਬੰਧੀ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ। ਮੀਟਿੰਗ ਦੌਰਾਨ ਨੰਬਰਦਾਰ ਆਗੂਆਂ ਨੇ ਕਿਹਾ ਕਿ ਸੰਗਰੂਰ ਵਿਖੇ ਹੋਣ ਵਾਲੀ ਰੋਸ ਰੈਲੀ ਵਿੱਚ ਹਲਕਾ ਭੁਲੱਥ ਤੋਂ ਵੱਡੀ ਗਿਣਤੀ ਵਿੱਚ ਨੰਬਰਦਾਰ ਸ਼ਮੂਲੀਅਤ ਕਰਨਗੇ। ਉਨ੍ਹਾਂ ਦੱਸਿਆ ਕਿ ਰੈਲੀ ਨੂੰ ਲੈ ਕੇ ਲੋੜੀਂਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਤੇ ਨੰਬਰਦਾਰਾਂ ਵਿੱਚ ਰੈਲੀ ਨੂੰ ਲੈ ਕੇ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਨੰਬਰਦਾਰ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਉਹ ਆਪਣੀਆਂ ਜਾਇਜ਼ ਮੰਗਾਂ ਨੂੰ ਲੈ ਕੇ ਲੰਬੇ ਸਮੇਂ ਤੋਂ ਸਰਕਾਰ ਦੇ ਧਿਆਨ ਵਿੱਚ ਮਾਮਲਾ ਲਿਆਉਂਦੇ ਆ ਰਹੇ ਹਨ, ਪਰ ਉਨ੍ਹਾਂ ਅਨੁਸਾਰ ਸਰਕਾਰ ਵੱਲੋਂ ਇਨ੍ਹਾਂ ਮੰਗਾਂ ਨੂੰ ਪੂਰਾ ਕਰਨ ਦੀ ਬਜਾਏ ਲਗਾਤਾਰ ਟਾਲਮਟੋਲ ਕੀਤੀ ਜਾ ਰਹੀ ਹੈ। ਇਸ ਕਾਰਨ ਨੰਬਰਦਾਰ ਭਾਈਚਾਰੇ ਵਿੱਚ ਰੋਸ ਦੀ ਭਾਵਨਾ ਪਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਤੱਕ ਆਪਣੀਆਂ ਮੰਗਾਂ ਦੀ ਆਵਾਜ਼ ਪਹੁੰਚਾਉਣ ਤੇ ਮੰਗਾਂ ਮਨਵਾਉਣ ਲਈ ਹੀ ਸੰਗਰੂਰ ਵਿਖੇ ਇਹ ਰੋਸ ਰੈਲੀ ਰੱਖੀ ਗਈ ਹੈ। ਨੰਬਰਦਾਰ ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਉਹ ਨੰਬਰਦਾਰਾਂ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਜਲਦ ਤੋਂ ਜਲਦ ਹੱਲ ਕਰੇ। ਬਲਰਾਮ ਸਿੰਘ ਮਾਨ ਨੇ ਕਿਹਾ ਕਿ ਨੰਬਰਦਾਰ ਯੂਨੀਅਨ ਆਪਣੇ ਹੱਕਾਂ ਤੇ ਮੰਗਾਂ ਲਈ ਇਕਜੁੱਟ ਹੈ ਤੇ 5 ਅਕਤੂਬਰ ਦੀ ਰੈਲੀ ਵਿੱਚ ਭੁਲੱਥ ਸਬ-ਡਿਵੀਜ਼ਨ ਤੋਂ ਵੱਡੀ ਗਿਣਤੀ ਵਿੱਚ ਨੰਬਰਦਾਰ ਪਹੁੰਚ ਕੇ ਆਪਣੀ ਏਕਤਾ ਦਾ ਪ੍ਰਗਟਾਵਾ ਕਰਨਗੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਵੱਲੋਂ ਇਸ ਰੋਸ ਰੈਲੀ ਤੋਂ ਬਾਅਦ ਵੀ ਨੰਬਰਦਾਰਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਾ ਦਿੱਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਮੀਟਿੰਗ ਵਿੱਚ ਹਾਜ਼ਰ ਨੰਬਰਦਾਰਾਂ ਨੇ ਰੈਲੀ ਨੂੰ ਸਫਲ ਬਣਾਉਣ ਲਈ ਆਪਸੀ ਤਾਲਮੇਲ ਨਾਲ ਕੰਮ ਕਰਨ ਤੇ ਵੱਧ ਤੋਂ ਵੱਧ ਨੰਬਰਦਾਰਾਂ ਦੀ ਸ਼ਮੂਲੀਅਤ ਯਕੀਨੀ ਬਣਾਉਣ ਦਾ ਸੱਦਾ ਦਿੱਤਾ। ਇਸ ਮੌਕੇ ਨੰਬਰਦਾਰ ਸੁਖਜਿੰਦਰ ਸਿੰਘ ਮੁਲਤਾਨੀ ਸਟੇਟ ਮੈਂਬਰ, ਗੁਰਮੇਜ ਸਿੰਘ ਖਲੀਲ ਜ਼ਿਲਾ ਜਨਰਲ ਸਕੱਤਰ, ਜਸਪਾਲ ਸਿੰਘ ਘੁੰਮਣ, ਦਲਜੀਤ ਸਿੰਘ, ਦਲਜਿੰਦਰ ਸਿੰਘ ਤੇ ਹੋਰ ਹਾਜ਼ਰ ਸਨ।