60 ਪਿੰਡਾਂ ਦੀ ਸਿਹਤ ਨਾਲ ਖਿਲਵਾੜ, ਸੀਐਚਸੀ ਟਿੱਬਾ ਡਾਕਟਰਾਂ ਤੋਂ ਖਾਲੀ 60 ਪਿੰਡਾਂ ਦੀ ਸਿਹਤ ਨਾਲ ਖਿਲਵਾੜ! ਸੀਐਚਸੀ ਟਿੱਬਾ ਡਾਕਟਰਾਂ ਤੋਂ ਖਾਲੀ, ਲੋਕ ਬੋਲੇ – 'ਕਰੋੜਾਂ ਦਾ ਹਸਪਤਾਲ ਬਣਿਆ ਚਿੱਟਾ ਹਾਥੀ
Publish Date: Fri, 07 Aug 2026 09:55 PM (IST)
Updated Date: Fri, 07 Aug 2026 09:56 PM (IST)
ਰਾਤ ਦੀਆਂ ਐਮਰਜੈਂਸੀ ਸੇਵਾਵਾਂ ਲਗਭਗ ਠੱਪ ਮਰੀਜ਼ਾਂ ਨੂੰ ਦੂਰ-ਦੁਰਾਡੇ ਹਸਪਤਾਲਾਂ ਵੱਲ ਜਾਣਾ ਪੈਂਦਾ ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਹਲਕੇ ਦੇ ਕਰੀਬ 60 ਪਿੰਡਾਂ ਦੀ ਸਿਹਤ ਸੇਵਾਵਾਂ ਦਾ ਮੁੱਖ ਕੇਂਦਰ ਮੰਨੇ ਜਾਂਦੇ ਕਮਿਊਨਿਟੀ ਹੈਲਥ ਸੈਂਟਰ (ਸੀਐੱਚਸੀ) ਟਿੱਬਾ ਦੀ ਬਦਹਾਲੀ ਇੱਕ ਵਾਰ ਫਿਰ ਲੋਕਾਂ ਦੇ ਗੁੱਸੇ ਦਾ ਕਾਰਨ ਬਣੀ ਹੈ। ਕਰੋੜਾਂ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਗਈ ਇਸ ਸਰਕਾਰੀ ਸਿਹਤ ਸੰਸਥਾ ਵਿੱਚ ਡਾਕਟਰਾਂ ਤੇ ਲੋੜੀਂਦੇ ਮੈਡੀਕਲ ਸਟਾਫ਼ ਦੀ ਭਾਰੀ ਘਾਟ ਕਾਰਨ ਲੋਕਾਂ ਨੂੰ ਬੁਨਿਆਦੀ ਇਲਾਜ ਲਈ ਵੀ ਭਟਕਣਾ ਪੈ ਰਿਹਾ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਕਾਗਜ਼ਾਂ ਵਿੱਚ ਆਧੁਨਿਕ ਦਿਖਾਈ ਦੇਣ ਵਾਲਾ ਇਹ ਹਸਪਤਾਲ ਹਕੀਕਤ ਵਿੱਚ ਇੱਕ ‘ਚਿੱਟਾ ਹਾਥੀ’ ਬਣ ਕੇ ਰਹਿ ਗਿਆ ਹੈ। ਸਥਾਨਕ ਲੋਕਾਂ ਨੇ ਦੱਸਿਆ ਕਿ ਰਾਤ ਸਮੇਂ ਐਮਰਜੈਂਸੀ ਸੇਵਾਵਾਂ ਲਗਭਗ ਬੰਦ ਹੋਣ ਕਾਰਨ ਹਾਦਸਿਆਂ, ਦਿਲ ਦੇ ਦੌਰੇ ਜਾਂ ਹੋਰ ਗੰਭੀਰ ਮਰੀਜ਼ਾਂ ਨੂੰ ਕਪੂਰਥਲਾ, ਜਲੰਧਰ ਜਾਂ ਹੋਰ ਸ਼ਹਿਰਾਂ ਦੇ ਹਸਪਤਾਲਾਂ ਵੱਲ ਲਿਜਾਣਾ ਪੈਂਦਾ ਹੈ। ਕਈ ਵਾਰ ਸਮੇਂ ਸਿਰ ਇਲਾਜ ਨਾ ਮਿਲਣ ਕਾਰਨ ਮਰੀਜ਼ਾਂ ਦੀ ਜਾਨ ਵੀ ਖਤਰੇ ਵਿੱਚ ਪੈ ਜਾਂਦੀ ਹੈ। ਪਿੰਡ ਅਮਰਕੋਟ ਦੇ ਸਰਪੰਚ ਬਲਵਿੰਦਰ ਸਿੰਘ ਨੇ ਕਿਹਾ ਕਿ ਸੀਐੱਚਸੀ ਟਿੱਬਾ ਤੇ ਦਰਜਨਾਂ ਪਿੰਡਾਂ ਦੇ ਲੋਕ ਨਿਰਭਰ ਹਨ, ਪਰ ਸਰਕਾਰ ਵੱਲੋਂ ਡਾਕਟਰਾਂ ਦੀਆਂ ਅਸਾਮੀਆਂ ਨਾ ਭਰਨ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਤੁਰੰਤ ਡਾਕਟਰਾਂ ਦੀ ਨਿਯੁਕਤੀ ਨਾ ਕੀਤੀ ਤਾਂ ਲੋਕਾਂ ਨੂੰ ਸੰਘਰਸ਼ ਦਾ ਰਾਹ ਅਪਣਾਉਣ ਲਈ ਮਜਬੂਰ ਹੋਣਾ ਪਵੇਗਾ। ਸਾਬਕਾ ਸਰਪੰਚ ਸੂਰਤ ਸਿੰਘ ਨੇ ਕਿਹਾ ਕਿ ਜਦੋਂ ਸਰਕਾਰ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨ ਦੇ ਦਾਅਵੇ ਕਰਦੀ ਹੈ ਤਾਂ ਟਿੱਬਾ ਦੀ ਮੌਜੂਦਾ ਹਾਲਤ ਉਨ੍ਹਾਂ ਦਾਅਵਿਆਂ ਦੀ ਅਸਲੀਅਤ ਬਿਆਨ ਕਰਦੀ ਹੈ। ਉਨ੍ਹਾਂ ਕਿਹਾ ਕਿ ਜੇ ਕਰੋੜਾਂ ਰੁਪਏ ਖਰਚ ਕੇ ਬਣਾਏ ਹਸਪਤਾਲਾਂ ਵਿੱਚ ਹੀ ਡਾਕਟਰ ਨਹੀਂ ਹੋਣਗੇ ਤਾਂ ਪੇਂਡੂ ਲੋਕ ਇਲਾਜ ਲਈ ਕਿੱਥੇ ਜਾਣਗੇ? ਉਨ੍ਹਾਂ ਸਰਕਾਰ ਤੋਂ ਤੁਰੰਤ ਸਥਾਈ ਡਾਕਟਰਾਂ ਤੇ ਲੋੜੀਂਦੇ ਸਟਾਫ਼ ਦੀ ਨਿਯੁਕਤੀ ਦੀ ਮੰਗ ਕੀਤੀ। ਪਿੰਡ ਟਿੱਬਾ ਤੇ ਅਮਰਕੋਟ ਦੀਆਂ ਪੰਚਾਇਤਾਂ ਨੇ ਇੱਕ ਸੁਰ ਵਿੱਚ ਕਿਹਾ ਕਿ ਇਹ ਮਸਲਾ ਕਿਸੇ ਇੱਕ ਪਿੰਡ ਦਾ ਨਹੀਂ, ਸਗੋਂ ਪੂਰੇ ਇਲਾਕੇ ਦੇ ਲੋਕਾਂ ਦੀ ਜ਼ਿੰਦਗੀ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਜਲਦ ਸਿਹਤ ਸੇਵਾਵਾਂ ਵਿੱਚ ਸੁਧਾਰ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਅਮਰੀਕ ਸਿੰਘ (ਮੈਂਬਰ ਪੰਚਾਇਤ ਟਿੱਬਾ), ਸੁਖਦੇਵ ਸਿੰਘ (ਮੈਂਬਰ ਪੰਚਾਇਤ ਅਮਰਕੋਟ), ਮਾਸਟਰ ਰਾਜਬੀਰ ਸਿੰਘ (ਮੈਂਬਰ ਪੰਚਾਇਤ), ਮਲਕੀਤ ਸਿੰਘ (ਮੈਂਬਰ ਪੰਚਾਇਤ ਅਮਰਕੋਟ), ਰਵਿੰਦਰ ਕੁਮਾਰ (ਮੈਂਬਰ ਪੰਚਾਇਤ ਅਮਰਕੋਟ), ਸੁਖਦੇਵ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਮੌਜੂਦ ਰਹੇ, ਜਿਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਸੀਐੱਚਸੀ ਟਿੱਬਾ ਵਿੱਚ ਤੁਰੰਤ ਡਾਕਟਰਾਂ, ਮਾਹਿਰ ਡਾਕਟਰਾਂ ਤੇ ਹੋਰ ਲੋੜੀਂਦੇ ਸਟਾਫ਼ ਦੀ ਨਿਯੁਕਤੀ ਕਰਕੇ 24 ਘੰਟੇ ਐਮਰਜੈਂਸੀ ਸੇਵਾਵਾਂ ਬਹਾਲ ਕੀਤੀਆਂ ਜਾਣ, ਤਾਂ ਜੋ ਪੇਂਡੂ ਲੋਕਾਂ ਨੂੰ ਉਨ੍ਹਾਂ ਦੇ ਹੱਕ ਦੀਆਂ ਸਿਹਤ ਸਹੂਲਤਾਂ ਮਿਲ ਸਕਣ।