- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੁਰਾਤਨ ਚਰਚ ਦੀ ਮਾਲਕੀ, ਕਬਜ਼ੇ ਅਤੇ ਪ੍ਰਬੰਧਨ ਦੀ ਉੱਚ ਪੱਧਰੀ ਤੇ ਸਮਾਂਬੱਧ ਜਾਂਚ ਕਰਵਾਈ ਜਾਵੇ-ਚਰਚ ਬਚਾਓ ਮੋਰਚਾ

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ
ਕਪੂਰਥਲਾ : ਮਾਲ ਰੋਡ ਕਪੂਰਥਲਾ ‘ਤੇ ਸਥਿਤ ਪੁਰਾਤਨ ਚਰਚ/ਜਗਤਜੀਤ ਕਲੱਬ ਦੀ ਪਵਿੱਤਰਤਾ ਬਹਾਲ ਕਰਨ, ਕਥਿਤ ਗੈਰ-ਕਾਨੂੰਨੀ ਕਬਜ਼ਿਆਂ ਤੇ ਜਾਅਲੀ ਕਿਰਾਏਨਾਮਿਆਂ ਦੀ ਜਾਂਚ ਕਰਵਾ ਕੇ ਸਖ਼ਤ ਤੋਂ ਸਖ਼ਤ ਕਾਰਵਾਈ ਕਰਵਾਉਣ ਦੇ ਸਬੰਧ ਵਿੱਚ ਚਰਚ ਬਚਾਓ ਮੋਰਚੇ ਦਾ ਵਫ਼ਦ ਮੋਰਚੇ ਦੇ ਮੋਢੀ ਜੋਗਾ ਸਿੰਘ ਅਟਵਾਲ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਅਕਾਸ਼ ਬਾਂਸਲ ਤੇ ਸੀਨੀਅਰ ਪੁਲਿਸ ਕਪਤਾਨ ਗੌਰਵ ਤੂਰਾ ਨੂੰ ਮਿਲਿਆ।
ਮੋਰਚੇ ਦੇ ਆਗੂਆਂ ਨੇ ਉਕਤ ਅਧਿਕਾਰੀਆਂ ਕੋਲੋਂ ਪੁਰਾਤਨ ਚਰਚ/ਜਗਤਜੀਤ ਕਲੱਬ ਵਿੱਚ ਕਥਿਤ ਨਜਾਇਜ਼ ਢੰਗ ਨਾਲ ਬੈਠੇ ਕਬਜ਼ਾਧਾਰਕਾਂ ਵੱਲੋਂ ਕੀਤੇ ਗਏ ਐਗਰੀਮੈਂਟ ਰੱਦ ਕਰਕੇ ਪੁਰਾਤਨ ਚਰਚ ਦੀ ਸਰਕਾਰੀ ਨਿਸ਼ਾਨਦੇਹੀ ਕਰਵਾਉਣ ਦੀ ਮੰਗ ਰੱਖੀ। ਚਰਚ ਬਚਾਓ ਮੋਰਚੇ ਦੇ ਮੁਖੀ ਜੋਗਾ ਸਿੰਘ ਅਟਵਾਲ ਨੇ ਡਿਪਟੀ ਕਮਿਸ਼ਨਰ ਕਪੂਰਥਲਾ ਨੂੰ ਦੱਸਿਆ ਕਿ ਸ਼ਹਿਰ ਵਿਖੇ ਸਥਿਤ ਇਤਿਹਾਸਕ ਪੁਰਾਤਨ ਚਰਚ, ਜਿਸ ਨੂੰ ਅੱਜਕੱਲ੍ਹ ‘ਜਗਤਜੀਤ ਕਲੱਬ’ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਅਸਲ ਵਿੱਚ ਕਪੂਰਥਲਾ ਰਿਆਸਤ ਦੇ ਮਹਾਰਾਜਾ ਵੱਲੋਂ ਇਸਾਈ ਭਾਈਚਾਰੇ ਦੀਆਂ ਧਾਰਮਿਕ ਲੋੜਾਂ ਨੂੰ ਮੁੱਖ ਰੱਖਦਿਆਂ ਉਸਾਰਿਆ ਗਿਆ ਪਵਿੱਤਰ ਉਪਾਸਨਾ ਸਥਾਨ ਹੈ। ਸਮੇਂ ਦੇ ਬਦਲਾਅ ਤੇ ਉਸ ਵੇਲੇ ਇਸਾਈ ਭਾਈਚਾਰੇ ਦੀ ਘੱਟ ਗਿਣਤੀ ਹੋਣ ਕਾਰਨ ਇਹ ਧਾਰਮਿਕ ਅਸਥਾਨ ਕੁਝ ਅਜਿਹੇ ਵਿਅਕਤੀਆਂ ਦੇ ਕਬਜ਼ੇ ਹੇਠ ਚਲਾ ਗਿਆ, ਜਿਨ੍ਹਾਂ ਦਾ ਇਸ ਸੰਪਤੀ ਉੱਤੇ ਕੋਈ ਕਾਨੂੰਨੀ ਜਾਂ ਨੈਤਿਕ ਹੱਕ ਨਹੀਂ ਹੈ। ਬੇਹੱਦ ਦੁੱਖ ਤੇ ਚਿੰਤਾ ਦਾ ਵਿਸ਼ਾ ਹੈ ਕਿ ਇਸ ਪਵਿੱਤਰ ਧਾਰਮਿਕ ਸਥਾਨ ਵਿੱਚ ਅੱਜ ਕਥਿਤ ਜੂਆ, ਨਸ਼ਾਖੋਰੀ, ਤੇ ਹੋਰ ਅਨੈਤਿਕ ਗਤੀਵਿਧੀਆਂ ਚੱਲ ਰਹੀਆਂ ਹਨ, ਜਿਸ ਕਾਰਨ ਸਮੁੱਚੇ ਇਸਾਈ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਗੰਭੀਰ ਠੇਸ ਪਹੁੰਚ ਰਹੀ ਹੈ ਤੇ ਉਨ੍ਹਾਂ ਦੇ ਸੰਵਿਧਾਨਕ ਧਾਰਮਿਕ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਹੈ।
'ਚਰਚ ਬਚਾਓ ਮੋਰਚਾ' ਵੱਲੋਂ ਪਿਛਲੇ ਇੱਕ ਸਾਲ ਤੋਂ ਇਸ ਪਵਿੱਤਰ ਧਰੋਹਰ ਨੂੰ ਬਚਾਉਣ ਲਈ ਸ਼ਾਂਤਮਈ ਅਤੇ ਲੋਕਤੰਤਰੀ ਢੰਗ ਨਾਲ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ। ਇਸ ਦੌਰਾਨ ਡਿਪਟੀ ਕਮਿਸ਼ਨਰ ਕਪੂਰਥਲਾ ਸਮੇਤ ਹੋਰ ਸਬੰਧਤ ਅਧਿਕਾਰੀਆਂ ਨੂੰ ਕਈ ਵਾਰ ਮੰਗ ਪੱਤਰ ਦਿੱਤੇ ਗਏ ਤੇ ਮੁਲਾਕਾਤਾਂ ਵੀ ਕੀਤੀਆਂ ਗਈਆਂ, ਪਰ ਅੱਜ ਤੱਕ ਕੋਈ ਪ੍ਰਭਾਵਸ਼ਾਲੀ ਕਾਰਵਾਈ ਨਹੀਂ ਕੀਤੀ ਗਈ। ਇਹ ਵੀ ਜ਼ਿਕਰਯੋਗ ਹੈ ਕਿ ਮਿਤੀ 29 ਅਪ੍ਰੈਲ 2025 ਨੂੰ ਇਸ ਇਤਿਹਾਸਕ ਚਰਚ ਦੀ ਨਿਲਾਮੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਜਿਸ ਨੂੰ 'ਚਰਚ ਬਚਾਓ ਮੋਰਚਾ' ਦੇ ਲੰਮੇ ਤੇ ਸੰਘਰਸ਼ਮਈ ਯਤਨਾਂ ਸਦਕਾ ਅਸਫਲ ਬਣਾਇਆ ਗਿਆ । ਇਸ ਮੌਕੇ ਮੋਰਚੇ ਦੇ ਸਰਗਰਮ ਆਗੂ ਡੈਨੀਅਲ ਗਿੱਲ, ਸਲਾਹਕਾਰ ਰਾਜਿਵੰਦਰ ਮਿੱਠਾ, ਰਾਮੇਸ਼ ਦੱਤਾ ਮੈਂਬਰ ਚਰਚ ਬਚਾਓ ਮੋਰਚਾ, ਸਕੱਤਰ ਰਾਜ ਕਲਿਆਣ, ਪਾਸਟਰ ਵਿਲੀਅਮ ਬਿੱਟੂ, ਪਾਸਟਰ ਸਾਲੀਮ ਮਸੀਹ, ਪਾਸਟਰ ਨਵਾਜ ਭੱਟੀ ਆਦਿ ਹਾਜ਼ਰ ਹਨ।