ਸ਼ਰਧਾਲੂਆਂ ਦਾ ਜਥਾ ਧਾਰਮਿਕ ਸਥਾਨਾਂ ਲਈ ਰਵਾਨਾ
ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਸ਼ਰਧਾਲੂਆਂ ਦਾ ਜਥਾ ਧਾਰਮਿਕ ਸਥਾਨਾਂ ਲਈ ਰਵਾਨਾ
Publish Date: Tue, 27 Oct 2026 09:26 PM (IST)
Updated Date: Tue, 27 Oct 2026 09:28 PM (IST)
ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਆਪਣੇ ਧਾਰਮਿਕ ਤੇ ਆਧਿਆਤਮਿਕ ਵਿਰਸੇ ਨਾਲ ਜੋੜਨ ਦੇ ਉਦੇਸ਼ ਨਾਲ ਚਲਾਈ ਜਾ ਰਹੀ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਵਾਰਡ ਨੰਬਰ-9, ਗੁਰੂ ਨਾਨਕ ਨਗਰ ਕਪੂਰਥਲਾ ਤੋਂ ਸ਼ਰਧਾਲੂਆਂ ਦਾ ਇੱਕ ਜਥਾ ਵੱਖ-ਵੱਖ ਪ੍ਰਸਿੱਧ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਲਈ ਰਵਾਨਾ ਹੋਇਆ। ਇਸ ਮੌਕੇ ਇਲਾਕੇ ਵਿੱਚ ਧਾਰਮਿਕ ਮਾਹੌਲ ਦੇ ਨਾਲ-ਨਾਲ ਉਤਸ਼ਾਹ ਵੀ ਦੇਖਣ ਨੂੰ ਮਿਲਿਆ। ਇਸ ਯਾਤਰਾ ਨੂੰ ਹਰੀ ਝੰਡੀ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਦਵਿੰਦਰ ਸਿੰਘ ਹੰਸਪਾਲ, ਰਾਮਗੜ੍ਹੀਆ ਵੈੱਲਫੇਅਰ ਬੋਰਡ ਕਪੂਰਥਲਾ ਦੇ ਚੇਅਰਮੈਨ ਜਸਪਾਲ ਸਿੰਘ ਪਨੇਸਰ ਤੇ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਜਗਜੀਤ ਸਿੰਘ ਬਿੱਟੂ ਵੱਲੋਂ ਦਿੱਤੀ ਗਈ। ਉਨ੍ਹਾਂ ਨੇ ਯਾਤਰੀਆਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਸੁਖਮਈ ਅਤੇ ਸਫਲ ਯਾਤਰਾ ਦੀ ਕਾਮਨਾ ਕੀਤੀ। ਇਸ ਮੌਕੇ ਦਵਿੰਦਰ ਸਿੰਘ ਹੰਸਪਾਲ, ਜਸਪਾਲ ਸਿੰਘ ਪਨੇਸਰ ਤੇ ਜਗਜੀਤ ਸਿੰਘ ਬਿੱਟੂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਇਹ ਯੋਜਨਾ ਬਹੁਤ ਹੀ ਲੋਕ-ਹਿੱਤਕਾਰੀ ਅਤੇ ਸ਼ਲਾਘਾਯੋਗ ਉਪਰਾਲਾ ਹੈ। ਇਸ ਮੌਕੇ ਜਸਪਾਲ ਸਿੰਘ ਪਨੇਸਰ, ਵੀਰ ਸਿੰਘ, ਨਰਿੰਦਰ ਸਿੰਘ ਮੰਨਸੂ, ਦਲੇਰ ਸਿੰਘ, ਪਰਮਜੀਤ ਸਿੰਘ ਹੰਸਪਾਲ, ਸੁਰਿੰਦਰ ਸਿੰਘ, ਹੇਮੰਤ ਪਥਰੀਆ, ਕਰਨ ਮਹਾਜਨ, ਪਾਸੀ ਤੇ ਹੋਰ ਹਾਜ਼ਰ ਸਨ।