ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸਬੰਧ 'ਚ ਸਜਾਇਆ 'ਵਿਸ਼ਾਲ ਨਗਰ ਕੀਰਤਨ
Publish Date: Mon, 23 Nov 2026 07:41 PM (IST)
Updated Date: Mon, 23 Nov 2026 07:43 PM (IST)
- ਸੰਗਤਾਂ ਦੇ ਠਾਠਾਂ ਮਾਰਦੇ ਇਕੱਠ ਵੱਲੋਂ ਲਗਾਏ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਜੈਕਾਰਿਆਂ ਨਾਲ ਗੂੰਜਿਆ ਕਾਲ਼ਾ ਸੰਘਿਆਂ ਸੁਖਵਿੰਦਰ ਸਿੰਘ ਸਿੱਧੂ, ਪੰਜਾਬੀ ਜਾਗਰਣ ਕਾਲਾ ਸੰਘਿਆਂ : ਮਾਨਵਤਾ ਦੇ ਰਹਿਬਰ ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਥਾਨਕ ਕਸਬੇ ਦੇ ਗੁਰਦੁਆਰਾ ਘੰਟਾ ਘਰ ਤੋਂ ਫੁੱਲਾਂ ਨਾਲ਼ ਸਜਾਈ ਪਾਲਕੀ ਸਾਹਿਬ ਚ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਤੇ ਪੰਜ ਪਿਆਰੇ ਸਹਿਬਾਨਾਂ ਦੀ ਅਗਵਾਈ ਚ ਸਜਾਇਆ ਗਿਆ। ਇਸ ਵਿਸ਼ਾਲ ਨਗਰ ਕੀਰਤਨ ਦੀ ਅਰੰਭਤਾ ਮੌਕੇ ਸੰਗਤਾਂ ਵੱਲੋਂ ਬੋਲ਼ੇ ਸੋ ਨਿਹਾਲ ਸਤਿ ਸ਼੍ਰੀ ਆਕਾਲ ਲਗਾਏ ਜੈਕਾਰਿਆਂ ਨਾਲ਼ ਕਾਲ਼ਾ ਸੰਘਿਆਂ ਗੂੰਜ ਉੱਠਿਆ। ਸੰਗਤਾਂ ਦੇ ਠਾਠਾਂ ਮਾਰਦੇ ਇਕੱਠ ਤੇ ਫੁੱਲਾਂ ਦੀ ਵਰਖਾ ਨਾਲ ਅਰੰਭ ਹੋਏ ਇਸ ਨਗਰ ਕੀਰਤਨ ਦਾ ਪਹਿਲੇ ਪੜਾਅ ਗੁਰਦੁਆਰਾ ਬਾਬਾ ਕਾਹਨ ਦਾਸ ਵਿਖੇ ਪਹੁੰਚਣ ’ਤੇ ਭਰਵਾਂ ਸਵਾਗਤ ਕੀਤਾ ਗਿਆ। ਇਸ ਤੋਂ ਉਪਰੰਤ ਨਗਰ ਕੀਰਤਨ ਮੇਨ ਬਜ਼ਾਰ, ਵਿਸ਼ਵਕਰਮਾ ਮੰਦਿਰ, ਗੁਰਦੁਆਰਾ ਖ਼ਾਸ ਕਾਲ਼ਾ, ਇਤਿਹਾਸਕ ਗੁਰਦੁਆਰਾ ਟਾਵੀਂ ਸਾਹਿਬ, ਗੁਰਦੁਆਰਾ ਰਵਿਦਾਸ ਮਹਾਰਾਜ ਸਮੇਤ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ ਸ਼ਾਮ ਨੂੰ ਗੁਰਦੁਆਰਾ ਘੰਟਾ ਘਰ ਵਿਖੇ ਸ਼ਾਨੋ ਸ਼ੌਕਤ ਨਾਲ ਸਮਾਪਤ ਹੋਇਆ। ਇਸ ਮੌਕੇ ਸ਼੍ਰੋਮਣੀ ਪੰਥਕ ਢਾਡੀ ਗਿਆਨੀ ਹਰਜਿੰਦਰ ਸਿੰਘ ਪਰਵਾਨਾ ਦੇ ਜਥੇ ਨੇ ਸੰਗਤਾਂ ਨੂੰ ਢਾਡੀ ਵਾਰਾਂ ਤੇ ਗੁਰ ਇਤਿਹਾਸ ਨਾਲ਼ ਨਿਹਾਲ ਕੀਤਾ। ਇਸ ਮੌਕੇ ਸ਼ਰਧਾਲੂਆਂ ਵੱਲੋਂ ਸੰਗਤਾਂ ਲਈ ਨਗਰ ਕੀਰਤਨ ਦੇ ਪੜਾਵਾਂ ’ਤੇ ਵੱਖ-ਵੱਖ ਤਰ੍ਹਾਂ ਦੇ ਲੰਗਰ ਲਗਾਉਂਦਿਆਂ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ ਗਿਆ। ਗੁਰਦੁਆਰਾ ਘੰਟਾ ਘਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਤਵਿੰਦਰ ਸਿੰਘ ਬੱਬੀ ਸਮੇਤ ਹੋਰ ਅਹੁਦੇਦਾਰਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਵਧਾਈਆਂ ਦਿੰਦੇ ਹੋਏ ਨਗਰ ਕੀਰਤਨ ਵਿੱਚ ਸ਼ਾਮਲ ਹੋਣ ’ਤੇ ਧੰਨਵਾਦ ਕੀਤਾ। ਨਗਰ ਕੀਰਤਨ ਦੌਰਾਨ ਭਾਈ ਗੁਰਦਾਵਰ ਸਿੰਘ ਜੱਲੋਵਾਲ ਵੱਲੋਂ ਮੰਚ ਸੰਚਾਲਨ ਕਰਦਿਆਂ ਸੰਗਤਾਂ ਨੂੰ ਗੁਰਬਾਣੀ ਤੇ ਇਤਿਹਾਸ ਨਾਲ਼ ਜੋੜਿਆ। ਇਸ ਮੌਕੇ ਗੁਰਦੁਆਰਾ ਬਾਬਾ ਕਾਹਨ ਦਾਸ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਬੱਸਣ, ਆਪ ਕਿਸਾਨ ਵਿੰਗ ਦੇ ਹਲਕਾ ਕੋਆਰਡੀਨੇਟਰ ਨਰਿੰਦਰ ਸਿੰਘ ਸੰਘਾ, ਕੁਲਦੀਪ ਸਿੰਘ ਬਿੱਲਾ, ਸਰਬਣ ਸਿੰਘ ਸੰਘਾ, ਗੁਰਦਾਵਰ ਸਿੰਘ ਬੱਸਣ, ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਸਥਾਨਕ ਪ੍ਰਧਾਨ ਪਲਵਿੰਦਰ ਸਿੰਘ ਸੰਘਾ, ਡਾ. ਬਲਕਾਰ ਸਿੰਘ, ਹਰਵਿੰਦਰ ਸਿੰਘ ਸੰਘਾ, ਭੁਪਿੰਦਰ ਸਿੰਘ ਭੰਵਰਾ, ਸਤਨਾਮ ਸਿੰਘ ਸੰਘਾ, ਪ੍ਰੇਮ ਸਿੰਘ ਸੰਘਾ, ਜਗਰੂਪ ਸਿੰਘ ਰੂਪਾ, ਮੁਖਤਿਆਰ ਸਿੰਘ ਬਿੱਕਾ, ਆਦਿ ਵੀ ਹਾਜ਼ਰ ਸਨ।