24 ਨੂੰ ਸੁਲਤਾਨਪੁਰ ਲੋਧੀ ਵਿਖੇ ਹੋਵੇਗਾ ਕਬੱਡੀ ਦਾ ਮਹਾਕੁੰਭ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ 24 ਨਵੰਬਰ ਨੂੰ ਸੁਲਤਾਨਪੁਰ ਲੋਧੀ ਵਿਖੇ ਹੋਵੇਗਾ ਕਬੱਡੀ ਦਾ ਮਹਾਂਕੁੰਭ
Publish Date: Tue, 17 Nov 2026 09:10 PM (IST)
Updated Date: Tue, 17 Nov 2026 09:12 PM (IST)
6 ਚੋਟੀ ਦੀਆਂ ਟੀਮਾਂ ਵਿਚਕਾਰ ਹੋਣਗੇ ਰੋਮਾਂਚਕ ਮੁਕਾਬਲੇ ਪਹਿਲੇ ਇਨਾਮ ਵਜੋਂ ਢਾਈ ਲੱਖ ਤੇ ਦੂਜੇ ’ਚ 2 ਲੱਖ ਰੁਪਏ ਦਿੱਤੇ ਜਾਣਗੇ ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 557ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 24 ਨਵੰਬਰ ਨੂੰ ਗੁਰੂ ਕੀ ਨਗਰੀ ਸੁਲਤਾਨਪੁਰ ਲੋਧੀ ਦੇ ਗੁਰੂ ਨਾਨਕ ਸਟੇਡੀਅਮ ਵਿਖੇ ਕਬੱਡੀ ਦਾ ਵਿਸ਼ਾਲ ਮਹਾਕੁੰਭ ਕਰਵਾਇਆ ਜਾ ਰਿਹਾ ਹੈ। ਇਸ ਖੇਡ ਮੇਲੇ ਦੌਰਾਨ 6 ਚੋਟੀ ਦੀਆਂ ਕਬੱਡੀ ਟੀਮਾਂ ਵਿਚਕਾਰ ਫਸਵੇਂ ਤੇ ਰੋਮਾਂਚਕ ਮੁਕਾਬਲੇ ਹੋਣਗੇ। ਖਿਡਾਰੀਆਂ ਦੀ ਹੌਸਲਾ ਅਫਜ਼ਾਈ ਲਈ ਲੱਖਾਂ ਰੁਪਏ ਦੇ ਨਕਦ ਇਨਾਮ ਰੱਖੇ ਗਏ ਹਨ। ਇਹ ਸਮੁੱਚਾ ਟੂਰਨਾਮੈਂਟ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਦੀ ਅਗਵਾਈ ਹੇਠ ਕਰਵਾਇਆ ਜਾ ਰਿਹਾ ਹੈ। ਟੂਰਨਾਮੈਂਟ ਦੇ ਇਨਾਮਾਂ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ ਪਹਿਲੇ ਸਥਾਨ ’ਤੇ ਰਹਿਣ ਵਾਲੀ ਟੀਮ ਨੂੰ ਢਾਈ ਲੱਖ ਰੁਪਏ ਦਾ ਇਨਾਮ ਹਰਨੇਕ ਸਿੰਘ ਨੇਕਾ ਇੰਗਲੈਂਡ ਵੱਲੋਂ ਦਿੱਤਾ ਜਾਵੇਗਾ। ਦੂਜੇ ਸਥਾਨ ’ਤੇ ਰਹਿਣ ਵਾਲੀ ਟੀਮ ਨੂੰ 2 ਲੱਖ ਰੁਪਏ ਦਾ ਇਨਾਮ ਪ੍ਰਤਾਪ ਸਿੰਘ ਮੋਮੀ ਯੂਕੇ, ਬਲਜਿੰਦਰ ਸਿੰਘ ਜੈਨਪੁਰ ਯੂਕੇ, ਜਸਪਾਲ ਸਿੰਘ ਥਿੰਦ ਯੂਕੇ ਤੇ ਸੋਢੀ ਧੂਤੀ ਯੂਕੇ ਵਾਲਿਆਂ ਵੱਲੋਂ ਸਾਂਝੇ ਤੌਰ ’ਤੇ ਦਿੱਤਾ ਜਾਵੇਗਾ। ਤੀਜੇ ਸਥਾਨ ’ਤੇ ਆਉਣ ਵਾਲੀ ਟੀਮ ਨੂੰ ਇਕ ਲੱਖ ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ। ਇਸੇ ਤਰ੍ਹਾਂ ਟੂਰਨਾਮੈਂਟ ਦੌਰਾਨ ਬੈਸਟ ਰੇਡਰ ਦਾ 51 ਹਜ਼ਾਰ ਰੁਪਏ ਦਾ ਨਗਦ ਇਨਾਮ ਸਟਾਰ ਟਰੇਡਿੰਗ ਕੰਪਨੀ ਦੇ ਮਾਲਕ ਬਲਦੇਵ ਸਿੰਘ ਮੰਗਾ ਤੇ ਜਤਿੰਦਰਜੀਤ ਸਿੰਘ ਜੱਜੀ ਵੱਲੋਂ ਦਿੱਤਾ ਜਾਵੇਗਾ, ਜਦਕਿ ਬੈਸਟ ਜਾਫੀ ਨੂੰ 51 ਹਜ਼ਾਰ ਰੁਪਏ ਦਾ ਇਨਾਮ ਚਰਨ ਸਿੰਘ ਕੈਨੇਡਾ ਵੱਲੋਂ ਦਿੱਤਾ ਜਾਵੇਗਾ। ਲੜਕੀਆਂ ਦੇ ਵਿਸ਼ੇਸ਼ ਸ਼ੋਅ ਮੈਚ ਵੀ ਟੂਰਨਾਮੈਂਟ ਦਾ ਖਿੱਚ ਦਾ ਕੇਂਦਰ ਰਹਿਣਗੇ। ਇਸ ਮੈਚ ਵਿੱਚ ਪਹਿਲੇ ਸਥਾਨ ’ਤੇ ਰਹਿਣ ਵਾਲੀ ਟੀਮ ਨੂੰ 31 ਹਜ਼ਾਰ ਰੁਪਏ ਦਾ ਇਨਾਮ ਸੋਨੂੰ ਰਾਮੇ ਤੇ ਸ਼ਾਹ ਰਾਮੇ ਵੱਲੋਂ ਦਿੱਤਾ ਜਾਵੇਗਾ, ਜਦਕਿ ਦੂਜੇ ਸਥਾਨ ’ਤੇ ਰਹਿਣ ਵਾਲੀ ਟੀਮ ਨੂੰ 25 ਹਜ਼ਾਰ ਰੁਪਏ ਦਾ ਇਨਾਮ ਗੁਰਚਰਨ ਸਿੰਘ ਬਿੱਟੂ ਜੈਨਪੁਰ ਵੱਲੋਂ ਦਿੱਤਾ ਜਾਵੇਗਾ। ਟੂਰਨਾਮੈਂਟ ਦੀਆਂ ਤਿਆਰੀਆਂ ਨੂੰ ਲੈ ਕੇ ਪ੍ਰਬੰਧਕਾਂ ਵੱਲੋਂ ਗੁਰੂ ਨਾਨਕ ਸਟੇਡੀਅਮ ਵਿਖੇ ਪਹੁੰਚ ਕੇ ਪ੍ਰਬੰਧਾਂ ਦਾ ਜਾਇਜ਼ਾ ਵੀ ਲਿਆ ਗਿਆ। ਇਸ ਦੌਰਾਨ ਸਟੇਡੀਅਮ ਵਿੱਚ ਖਿਡਾਰੀਆਂ ਦੇ ਮੁਕਾਬਲਿਆਂ, ਦਰਸ਼ਕਾਂ ਦੇ ਬੈਠਣ ਤੇ ਹੋਰ ਲੋੜੀਂਦੇ ਪ੍ਰਬੰਧਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ ਤੇ ਸਾਰੀਆਂ ਤਿਆਰੀਆਂ ਸਮੇਂ ਸਿਰ ਮੁਕੰਮਲ ਕਰਨ ’ਤੇ ਜ਼ੋਰ ਦਿੱਤਾ ਗਿਆ। ਇਸ ਸਬੰਧੀ ਟੂਰਨਾਮੈਂਟ ਕਮੇਟੀ ਦੇ ਪ੍ਰਧਾਨ ਰਾਜੀਵ ਧੀਰ, ਗੁਰਚਰਨ ਸਿੰਘ ਬਿੱਟੂ ਜੈਨਪੁਰ, ਜਤਿੰਦਰਜੀਤ ਸਿੰਘ ਜੱਜੀ, ਦਿਨੇਸ਼ ਧੀਰ ਤੇ ਸਤਪਾਲ ਮਦਾਨ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਕਰਵਾਇਆ ਜਾ ਰਿਹਾ ਇਹ ਕਬੱਡੀ ਮਹਾਂਕੁੰਭ ਨੌਜਵਾਨ ਪੀੜ੍ਹੀ ਨੂੰ ਖੇਡਾਂ ਨਾਲ ਜੋੜਨ ਤੇ ਪੰਜਾਬ ਦੀ ਮਾਂ ਖੇਡ ਕਬੱਡੀ ਨੂੰ ਹੋਰ ਉਤਸ਼ਾਹਿਤ ਕਰਨ ਲਈ ਇਕ ਵਿਸ਼ੇਸ਼ ਉਪਰਾਲਾ ਹੈ। ਖੇਡਾਂ ਨੌਜਵਾਨਾਂ ਵਿੱਚ ਅਨੁਸ਼ਾਸਨ, ਆਪਸੀ ਭਾਈਚਾਰਾ ਤੇ ਮਿਹਨਤ ਦੀ ਭਾਵਨਾ ਪੈਦਾ ਕਰਦੀਆਂ ਹਨ। ਉਨ੍ਹਾਂ ਸਮੂਹ ਖੇਡ ਪ੍ਰੇਮੀਆਂ ਤੇ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ 24 ਨਵੰਬਰ ਨੂੰ ਗੁਰੂ ਨਾਨਕ ਸਟੇਡੀਅਮ ਵਿਖੇ ਪਹੁੰਚ ਕੇ ਖਿਡਾਰੀਆਂ ਦਾ ਹੌਸਲਾ ਵਧਾਉਣ ਤੇ ਇਸ ਖੇਡ ਮਹਾਂਕੁੰਭ ਦੀ ਰੌਣਕ ਵਧਾਉਣ। ਇਸ ਮੌਕੇ ਟੂਰਨਾਮੈਂਟ ਕਮੇਟੀ ਦੇ ਪ੍ਰਧਾਨ ਰਾਜੀਵ ਧੀਰ, ਨੰਬਰਦਾਰ ਜਤਿੰਦਰਜੀਤ ਸਿੰਘ ਜੱਜੀ, ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਗੁਰਚਰਨ ਸਿੰਘ ਬਿੱਟੂ ਜੈਨਪੁਰ, ਮਾਰਕੀਟ ਕਮੇਟੀ ਦੇ ਚੇਅਰਮੈਨ ਆਕਾਸ਼ਦੀਪ ਸਿੰਘ, ਬਲਾਕ ਸੰਮਤੀ ਦੇ ਵਾਈਸ ਚੇਅਰਮੈਨ ਲਾਭ ਸਿੰਘ ਨਬੀਪੁਰ, ਸਤਪਾਲ ਮਦਾਨ, ਸਾਬਕਾ ਨਗਰ ਕੌਂਸਲ ਪ੍ਰਧਾਨ ਦਿਨੇਸ਼ ਧੀਰ, ਸਰਪੰਚ ਮੇਜਰ ਸਿੰਘ ਜੈਨਪੁਰ, ਸਰਪੰਚ ਜਸਪਾਲ ਸਿੰਘ ਫੱਤੋਵਾਲ, ਸਰਪੰਚ ਅਵਤਾਰ ਸਿੰਘ, ਸੋਨੂੰ ਰਾਮੇ, ਸਰਪੰਚ ਜੋਗਿੰਦਰ ਸਿੰਘ ਸ਼ਾਹ ਵਾਲਾ, ਸਰਪੰਚ ਗੁਰਦੇਵ ਸਿੰਘ ਪੱਪਾ, ਯੂਥ ਵਿੰਗ ਦੇ ਬਲਾਕ ਪ੍ਰਧਾਨ ਜਸਪ੍ਰੀਤ ਸਿੰਘ ਜੱਸ, ਮਨਜੀਤ ਸਿੰਘ ਜੈਨਪੁਰ, ਮੁਖਤਿਆਰ ਸਿੰਘ ਝੱਲ ਲੇਈ ਵਾਲਾ, ਸਰਪੰਚ ਹਰਜਿੰਦਰ ਸਿੰਘ, ਸਾਬ ਸਿੰਘ ਮੀਰਪੁਰ, ਸਤਨਾਮ ਸਿੰਘ, ਅਵਤਾਰ ਸਿੰਘ ਰੰਧਾਵਾ, ਆੜ੍ਹਤੀ ਆਗੂ ਹਰੀਸ਼ਪਾਲ ਨਈਅਰ, ਬਲਾਕ ਪ੍ਰਧਾਨ ਦਿਲਬਾਗ ਸਿੰਘ, ਗੁਰਚਰਨ ਸਿੰਘ ਮੀਰਪੁਰ, ਗੁਲਸ਼ਨਪ੍ਰੀਤ ਸਿੰਘ ਡਡਵਿੰਡੀ ਤੇ ਸਰਪੰਚ ਬਲਕਾਰ ਸਿੰਘ ਹੈਬਤਪੁਰ ਸਮੇਤ ਹੋਰ ਪਤਵੰਤੇ ਹਾਜ਼ਰ ਸਨ।