ਗੁਰਦੁਆਰਾ ਟਾਹਲੀ ਸਾਹਿਬ ਵਿਖੇ 26 ਨੂੰ ਹੋਵੇਗਾ ਵਿਸ਼ਾਲ ਗੁਰਮਤਿ ਸਮਾਗਮ : ਬਾਬਾ ਲੀਡਰ ਸਿੰਘ
ਗੁਰਦੁਆਰਾ ਟਾਹਲੀ ਸਾਹਿਬ ਵਿਖੇ 26 ਨਵੰਬਰ ਨੂੰ ਹੋਵੇਗਾ ਵਿਸ਼ਾਲ ਗੁਰਮਤਿ ਸਮਾਗਮ : ਬਾਬਾ ਲੀਡਰ ਸਿੰਘ
Publish Date: Thu, 29 Oct 2026 07:46 PM (IST)
Updated Date: Thu, 29 Oct 2026 07:49 PM (IST)
-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਨਗਰ ਕੀਰਤਨ 15 ਨੂੰ ਸੁਖਵਿੰਦਰ ਸਿੰਘ ਸਿੱਧੂ ਪੰਜਾਬੀ ਜਾਗਰਣ ਕਾਲਾ ਸੰਘਿਆਂ : ਛੇਵੇਂ ਪਾਤਸ਼ਾਹ ਸ੍ਰੀ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਟਾਹਲੀ ਸਾਹਿਬ ਬਲੇਰ ਖਾਨਪੁਰ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਸੱਚਖੰਡ ਵਾਸੀ ਸੰਤ ਬਾਬਾ ਦਇਆ ਸਿੰਘ ਹੋਰਾਂ ਦੀ ਯਾਦ ਨੂੰ ਸਮਰਪਿਤ ਸਾਲਾਨਾ ਗੁਰਮਤਿ ਸਮਾਗਮ ਮਿਤੀ 26 ਨਵੰਬਰ ਨੂੰ ਭਾਰੀ ਉਤਸਾਹ ਤੇ ਸ਼ਰਧਾ ਨਾਲ ਕਰਵਾਏ ਜਾਣ ਦਾ ਫੈਸਲਾ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਤ ਬਾਬਾ ਲੀਡਰ ਸਿੰਘ ਸੈਫਲਾਬਾਦ ਮੁੱਖ ਸੇਵਾਦਾਰ ਟਾਹਲੀ ਸਾਹਿਬ ਨੇ ਕਿਹਾ ਕਿ ਗੁਰਮਤਿ ਸਮਾਗਮਾਂ ਵਿੱਚ ਪੰਥ ਪ੍ਰਸਿੱਧ ਰਾਗੀ, ਢਾਡੀ, ਕਵੀਸ਼ਰ, ਕਥਾਵਾਚਕ ਹਾਜ਼ਰੀਆਂ ਭਰ ਕੇ ਸੰਗਤ ਨੂੰ ਗੁਰ ਇਤਿਹਾਸ ਤੇ ਗੁਰਬਾਣੀ ਗਾ ਕੇ ਨਿਹਾਲ ਕਰਨਗੇ। ਬਾਬਾ ਲੀਡਰ ਸਿੰਘ ਹੁਰਾਂ ਨੇ ਦੱਸਿਆ ਕਿ 15 ਨਵੰਬਰ ਨੂੰ ਗੁਰਦੁਆਰਾ ਟਾਹਲੀ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ ਜੋ ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਪੁੱਜ ਕੇ ਸਮਾਪਤ ਹੋਵੇਗਾ। ਰਾਜ ਸਭਾ ਮੈਂਬਰ ਪਦਮ ਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਨਗਰ ਕੀਰਤਨ ਵਿੱਚ ਸ਼ਾਮਲ ਹੋਣ ਲਈ ਸਮੂਹ ਇਲਾਕਾ ਨਿਵਾਸੀ ਸੰਗਤ ਨੂੰ ਹਾਰਦਿਕ ਬੇਨਤੀ ਕੀਤੀ ਜਾਂਦੀ ਹੈ।