ਨਿਰਮਲ ਕੁਟੀਆ ’ਚ ਮਨਾਇਆ ਮਹਾਨ ਸੰਤ ਸਮਾਗਮ ਤਪ ਅਸਥਾਨ ਨਿਰਮਲ ਕੁਟੀਆ ਵਿਖੇ ਮਹਾਨ ਸੰਤ ਸਮਾਗਮ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ
Publish Date: Sat, 17 Oct 2026 06:44 PM (IST)
Updated Date: Sat, 17 Oct 2026 06:45 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਧੰਨ-ਧੰਨ ਸ਼੍ਰੀ ਬਾਬਾ ਸ੍ਰੀ ਚੰਦ ਜੀ ਮਹਾਰਾਜ ਦੇ ਪਵਿੱਤਰ ਪ੍ਰਕਾਸ਼ ਦਿਹਾੜੇ ਤੇ ਕੱਤਕ ਮਹੀਨੇ ਦੀ ਸੰਗਰਾਂਦ ਨੂੰ ਸਮਰਪਿਤ ਮਹਾਨ ਗੁਰਮਤਿ ਤੇ ਸੰਤ ਸਮਾਗਮ ਤਪ ਅਸਥਾਨ ਨਿਰਮਲ ਕੁਟੀਆ ਛੰਭ ਵਾਲੀ, ਪਿੰਡ ਪੰਡਵਾ ਵਿਖੇ ਸੰਤ ਬਾਬਾ ਗੁਰਚਰਨ ਸਿੰਘ ਜੀ ਮਹਾਰਾਜ ਦੀ ਅਗਵਾਈ ਹੇਠ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਤੱਤਵੇਤੇ, ਖਟ-ਦਰਸ਼ਨ ਨਿਰਮਲ ਭੇਖ ਦੇ ਸਾਧੂ-ਸੰਤ ਮਹਾਂਪੁਰਖ ਵਿਸ਼ੇਸ਼ ਤੌਰ ’ਤੇ ਪਹੁੰਚੇ। ਸਮਾਗਮ ਦੌਰਾਨ ਮਹਾਂਪੁਰਖਾਂ ਨੇ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ ਤੇ ਗੁਰੂ ਸਾਹਿਬਾਨ ਵੱਲੋਂ ਦਰਸਾਏ ਗਏ ਅਧਿਆਤਮਿਕ ਮਾਰਗ ’ਤੇ ਚੱਲਣ ਦੀ ਪ੍ਰੇਰਨਾ ਦਿੱਤੀ। ਪੰਥ ਦੇ ਪ੍ਰਸਿੱਧ ਰਾਗੀ, ਢਾਡੀ ਤੇ ਕੀਰਤਨੀ ਜਥਿਆਂ ਨੇ ਗੁਰਬਾਣੀ ਕੀਰਤਨ, ਧਾਰਮਿਕ ਪ੍ਰਸੰਗਾਂ ਤੇ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਸੰਗਤਾਂ ਨੇ ਬੜੀ ਸ਼ਰਧਾ ਨਾਲ ਗੁਰਬਾਣੀ ਕੀਰਤਨ ਦਾ ਆਨੰਦ ਮਾਣਿਆ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਇਸ ਮੌਕੇ ਸੰਤ ਬਾਬਾ ਗੁਰਚਰਨ ਸਿੰਘ ਜੀ ਮਹਾਰਾਜ ਜੀ ਨੇ ਦੱਸਿਆ ਕਿ ਸਮਾਗਮ ਦਾ ਮੁੱਖ ਉਦੇਸ਼ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਨਾ, ਮਹਾਂਪੁਰਖਾਂ ਦੀਆਂ ਸਿੱਖਿਆਵਾਂ ਨੂੰ ਜੀਵਨ ਵਿੱਚ ਅਪਣਾਉਣ ਤੇ ਗੁਰੂ ਸਾਹਿਬਾਨ ਵੱਲੋਂ ਦਰਸਾਏ ਮਾਰਗ ’ਤੇ ਚੱਲਣ ਲਈ ਪ੍ਰੇਰਿਤ ਕਰਨਾ ਸੀ। ਇਸ ਮੌਕੇ ਸੰਤ ਰਾਜ ਰਿਸ਼ੀ ਜੀ ਨਵਾਂ ਸ਼ਹਿਰ, ਸੰਤ ਪਰਜੀਤ ਕੌਰ ਜੀ ਲੁਧਿਆਣਾ, ਸੰਤ ਰਣਜੀਤ ਸਿੰਘ ਹਰਖੋਵਾਲ, ਸੰਤ ਸੁਖਵਿੰਦਰ ਦਾਸ ਹੁਸ਼ਿਆਰਪੁਰ, ਸੰਤ ਮਲਕੀਤ ਸਿੰਘ ਖਾਨਪੁਰ, ਸੰਤ ਜੋਗਾ ਸਿੰਘ ਬੰਗਾ, ਸੰਤ ਅਵਤਾਰ ਗਿਰੀ ਜੀ ਊਨਾ, ਸੁਆਮੀ ਮੀਰਾ ਜੀ ਊਨਾ, ਸੰਤ ਹਰਦਾਸ ਜੀ ਮਾਹਲਪੁਰ, ਸੰਤ ਜਤਿੰਦਰ ਸਿੰਘ ਜੀ ਪੀਪਲੀ ਸਾਹਿਬ, ਬਾਬਾ ਗੁਰਪ੍ਰੀਤ ਸਿੰਘ ਸਮਰਾਏ ਵਾਲੇ, ਪ੍ਰੋਫੈਸਰ ਹਰਬੰਸ ਸਿੰਘ ਬੋਲੀਨਾ, ਸੰਤ ਕਮਲੇਸ਼ ਗਿਰੀ ਜੀ ਸਪਰੋੜ ਵਾਲਿਆਂ ਨੇ ਸਮਾਗਮ ਵਿੱਚ ਸ਼ਿਰਕਤ ਕੀਤੀ। ਸੰਤ ਬਾਬਾ ਗੁਰਚਰਨ ਸਿੰਘ ਜੀ ਮਹਾਰਾਜ ਵੱਲੋਂ ਸਮੂਹ ਸੰਤਾਂ ਮਹਾਂਪੁਰਖਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਨਾਲ ਨਿਵਾਜਿਆ ਗਿਆ। ਸਟੇਜ ਸਕੱਤਰ ਦੀ ਸੇਵਾ ਸੰਤ ਬਾਬਾ ਗੁਰਲਾਲ ਸਿੰਘ ਵੱਲੋਂ ਨਿਭਾਈ ਗਈ। ਸੰਤਾਂ-ਮਹਾਪੁਰਖਾਂ ਨੇ ਸੰਗਰਾਂਦ ਦੀ ਵਿਆਖਿਆ ਸੁਣਾਈ ਸੰਤ ਬਾਬਾ ਗੁਰਚਰਨ ਸਿੰਘ ਜੀ ਮਹਾਰਾਜ ਨੇ ਕੱਤਕ ਮਹੀਨੇ ਦੀ ਸੰਗਰਾਂਦ ਦੀ ਮਹੱਤਤਾ ਬਾਰੇ ਵਿਆਖਿਆ ਕਰਦਿਆਂ ਸਮੂਹ ਸੰਗਤਾਂ ਨੂੰ ਗੁਰੂ ਸਾਹਿਬਾਨ ਵੱਲੋਂ ਦਰਸਾਏ ਮਾਰਗ ’ਤੇ ਚੱਲਣ ਤੇ ਗੁਰੂ ਵਾਲੇ ਬਣਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਸੰਗਤਾਂ ਨੂੰ ਗੁਰਬਾਣੀ ਨਾਲ ਜੁੜਨ, ਨਾਮ ਸਿਮਰਨ ਕਰਨ ਤੇ ਆਪਣੇ ਜੀਵਨ ਨੂੰ ਗੁਰੂ ਦੀਆਂ ਸਿੱਖਿਆਵਾਂ ਅਨੁਸਾਰ ਢਾਲਣ ਦਾ ਸੰਦੇਸ਼ ਦਿੱਤਾ। ਸੰਤ ਬਾਬਾ ਗੁਰਚਰਨ ਸਿੰਘ ਜੀ ਮਹਾਰਾਜ ਨੇ ਕਿਹਾ ਕਿ ਮਨੁੱਖੀ ਜੀਵਨ ਦਾ ਅਸਲ ਉਦੇਸ਼ ਪ੍ਰਮਾਤਮਾ ਦੀ ਭਗਤੀ ਕਰਨਾ, ਸੱਚ ਦੇ ਮਾਰਗ ’ਤੇ ਚੱਲਣਾ ਤੇ ਲੋੜਵੰਦਾਂ ਦੀ ਸੇਵਾ ਕਰਨਾ ਹੈ। ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਅਪਣਾ ਕੇ ਹੀ ਮਨੁੱਖ ਆਪਣੇ ਜੀਵਨ ਨੂੰ ਸਹੀ ਦਿਸ਼ਾ ਦੇ ਸਕਦਾ ਹੈ। ਉਨ੍ਹਾਂ ਕਿਹਾ ਕਿ ਸੰਗਰਾਂਦ ਵਰਗੇ ਪਵਿੱਤਰ ਦਿਹਾੜੇ ਸਾਨੂੰ ਗੁਰੂ ਦੀ ਬਾਣੀ ਨਾਲ ਜੁੜਨ, ਆਪਣੇ ਅੰਦਰ ਝਾਤੀ ਮਾਰਨ ਤੇ ਚੰਗੇ ਕਰਮ ਕਰਨ ਦਾ ਸੰਦੇਸ਼ ਦਿੰਦੇ ਹਨ। ਇਸ ਲਈ ਹਰ ਮਨੁੱਖ ਨੂੰ ਗੁਰੂ ਸਾਹਿਬਾਨ ਦੇ ਦਰਸਾਏ ਮਾਰਗ ’ਤੇ ਚੱਲਦਿਆਂ ਆਪਣੇ ਜੀਵਨ ਨੂੰ ਸਫ਼ਲ ਬਣਾਉਣ ਦਾ ਯਤਨ ਕਰਨਾ ਚਾਹੀਦਾ ਹੈ।