ਬੱਚਿਆਂ ਦੇ ਚਿਹਰਿਆਂ ’ਤੇ ਦਿਸੀ ਪਵਿੱਤਰ ਰਿਸ਼ਤੇ ਦੀ ਝਲਕ
ਫਗਵਾੜਾ ਦੇ ਪਿੰਡਾਂ ਵਿੱਚ ਰੱਖੜੀ ਮੌਕੇ ਬੱਚਿਆਂ ਦੇ ਚਿਹਰਿਆਂ ’ਤੇ ਦਿਖੀ ਪਵਿੱਤਰ ਭੈਣ-ਭਰਾ ਦੇ ਰਿਸ਼ਤੇ ਦੀ ਝਲਕ
Publish Date: Fri, 28 Aug 2026 07:31 PM (IST)
Updated Date: Fri, 28 Aug 2026 07:34 PM (IST)
ਹਰੀਸ਼ ਭੰਡਾਰੀ ਪੰਜਾਬੀ ਜਾਗਰਣ ਫਗਵਾੜਾ : ਰੱਖੜੀ ਦੇ ਪਵਿੱਤਰ ਤਿਉਹਾਰ ਮੌਕੇ ਫਗਵਾੜਾ ਦੇ ਪਿੰਡਾਂ ਵਿੱਚ ਖੁਸ਼ੀ ਤੇ ਉਤਸ਼ਾਹ ਦਾ ਮਾਹੌਲ ਦੇਖਣ ਨੂੰ ਮਿਲਿਆ। ਇਸ ਦੌਰਾਨ ਭੈਣ-ਭਰਾ ਦੇ ਪਵਿੱਤਰ ਰਿਸ਼ਤੇ ਦੀਆਂ ਖੂਬਸੂਰਤ ਝਲਕਾਂ ਸਾਹਮਣੇ ਆਈਆਂ। ਘਰਾਂ ਵਿੱਚ ਸਵੇਰ ਤੋਂ ਹੀ ਤਿਉਹਾਰ ਨੂੰ ਲੈ ਕੇ ਚਹਿਲ-ਪਹਿਲ ਰਹੀ ਤੇ ਬੱਚਿਆਂ ਦੇ ਚਿਹਰਿਆਂ ’ਤੇ ਖਾਸ ਖੁਸ਼ੀ ਨਜ਼ਰ ਆਈ। ਪਿੰਡਾਂ ਵਿੱਚ ਮਾਸੂਮ ਭੈਣਾਂ ਨੇ ਆਪਣੇ ਨੰਨ੍ਹੇ ਭਰਾਵਾਂ ਦੇ ਗੁੱਟ ’ਤੇ ਪਿਆਰ ਨਾਲ ਰੱਖੜੀ ਬੰਨ੍ਹੀ ਤੇ ਉਨ੍ਹਾਂ ਦਾ ਮੂੰਹ ਮਿੱਠਾ ਕਰਵਾਇਆ। ਇਸ ਮੌਕੇ ਭਰਾਵਾਂ ਨੇ ਵੀ ਆਪਣੀਆਂ ਭੈਣਾਂ ਨੂੰ ਤੋਹਫ਼ੇ ਦੇ ਕੇ ਹਮੇਸ਼ਾ ਉਨ੍ਹਾਂ ਦੀ ਰੱਖਿਆ ਤੇ ਸਾਥ ਦੇਣ ਦਾ ਵਾਅਦਾ ਕੀਤਾ। ਕਈ ਪਰਿਵਾਰਾਂ ਵਿੱਚ ਬੱਚਿਆਂ ਨੇ ਰਵਾਇਤੀ ਢੰਗ ਨਾਲ ਰੱਖੜੀ ਦਾ ਤਿਉਹਾਰ ਮਨਾਇਆ। ਰੱਖੜੀ ਬੰਨ੍ਹਣ ਸਮੇਂ ਭੈਣਾਂ ਤੇ ਭਰਾਵਾਂ ਦੇ ਚਿਹਰਿਆਂ ’ਤੇ ਦਿਖਾਈ ਦੇ ਰਹੀ ਖੁਸ਼ੀ ਤੇ ਪਿਆਰ ਨੇ ਇਸ ਪਵਿੱਤਰ ਰਿਸ਼ਤੇ ਦੀ ਮਜ਼ਬੂਤੀ ਨੂੰ ਦਰਸਾਇਆ। ਪਰਿਵਾਰਕ ਮੈਂਬਰਾਂ ਨੇ ਵੀ ਬੱਚਿਆਂ ਨੂੰ ਰੱਖੜੀ ਦੇ ਤਿਓਹਾਰ ਦੀ ਮਹੱਤਤਾ ਬਾਰੇ ਦੱਸਦਿਆਂ ਆਪਸੀ ਪਿਆਰ, ਸਤਿਕਾਰ ਤੇ ਏਕਤਾ ਬਣਾਈ ਰੱਖਣ ਦਾ ਸੰਦੇਸ਼ ਦਿੱਤਾ। ਪਿੰਡਾਂ ਵਿੱਚ ਰੱਖੜੀ ਮੌਕੇ ਕਈ ਘਰਾਂ ਵਿੱਚ ਮਠਿਆਈਆਂ ਵੰਡੀਆਂ ਗਈਆਂ ਤੇ ਬੱਚਿਆਂ ਨੇ ਨਵੇਂ ਕੱਪੜੇ ਪਾ ਕੇ ਤਿਉਹਾਰ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ।