13 ਪਿੰਡਾਂ ਨੂੰ ਦਿੱਤੀਆਂ ਪਾਣੀ ਵਾਲੀਆਂ ਟੈਂਕੀਆਂ : ਸੰਤ ਸੀਚੇਵਾਲ ਗੁਰੂ ਨਾਨਕ ਦੇਵ ਜੀ ਦੇ 557ਵੇਂ ਪ੍ਰਕਾਸ਼ ਪੁਰਬ ਤੋਂ ਪਹਿਲਾਂ 13 ਪਿੰਡਾਂ ਨੂੰ ਪਾਣੀ ਵਾਲੀਆਂ ਟੈਂਕੀਆਂ ਦਾ ਤੋਹਫਾ
Publish Date: Thu, 19 Nov 2026 08:46 PM (IST)
Updated Date: Thu, 19 Nov 2026 08:48 PM (IST)
ਸੰਤ ਸੀਚੇਵਾਲ ਨੇ ਆਪਣੇ ਅਖ਼ਤਿਆਰੀ ਫੰਡਾਂ ਵਿੱਚੋਂ ਪੰਜਾਬ ਦੇ 15 ਜ਼ਿਲ੍ਹਿਆਂ ਦੇ ਪਿੰਡਾਂ ਨੂੰ ਹੁਣ ਤੱਕ ਦਿੱਤੇ 313 ਵਾਟਰ ਟੈਂਕਰ ਕੁਲਬੀਰ ਸਿੰਘ ਮਿੰਟੂ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 557ਵੇਂ ਪ੍ਰਕਾਸ਼ ਪੁਰਬ ਤੋਂ ਪੰਜ ਦਿਨ ਪਹਿਲਾਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਆਪਣੇ ਅਖ਼ਤਿਆਰੀ ਫੰਡਾਂ ਵਿੱਚੋਂ ਕਪੂਰਥਲਾ ਜ਼ਿਲ੍ਹੇ ਦੇ 13 ਪਿੰਡਾਂ ਨੂੰ 13 ਪਾਣੀ ਵਾਲੇ ਟੈਂਕਰ ਭੇਟ ਕੀਤੇ। ਇਨ੍ਹਾਂ ਪਿੰਡਾਂ ਵਿੱਚ ਹੜ੍ਹ ਪ੍ਰਭਾਵਿਤ ਪਿੰਡ ਵੀ ਸ਼ਾਮਲ ਹਨ। ਇਸ ਮੌਕੇ ਡਿਪਟੀ ਕਮਿਸ਼ਨਰ ਕਪੂਰਥਲਾ ਆਕਾਸ਼ ਬਾਂਸਲ ਵੀ ਮੌਜੂਦ ਸਨ। ਪਿੰਡਾਂ ਦੀਆਂ ਪੰਚਾਇਤਾਂ ਨੂੰ ਟੈਂਕਰ ਦੇਣ ਉਪਰੰਤ ਸੰਤ ਸੀਚੇਵਾਲ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 557ਵੇਂ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਨਨਕਾਣਾ ਸਾਹਿਬ ਤੋਂ ਬਾਅਦ ਸੁਲਤਾਨਪੁਰ ਲੋਧੀ ਉਹ ਇਤਿਹਾਸਕ ਨਗਰੀ ਹੈ, ਜਿੱਥੇ ਗੁਰੂ ਸਾਹਿਬ ਨੇ ਆਪਣੇ ਜੀਵਨ ਦਾ ਅਹਿਮ ਸਮਾਂ ਬਿਤਾਇਆ। ਇਸ ਪਵਿੱਤਰ ਸ਼ਹਿਰ ਨੂੰ ਦੁਨੀਆ ਦੇ ਹੋਰਨਾਂ ਸ਼ਹਿਰਾਂ ਨਾਲੋਂ ਵੱਧ ਸਾਫ਼-ਸੁਥਰਾ ਤੇ ਸੁੰਦਰ ਬਣਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸੁਲਤਾਨਪੁਰ ਲੋਧੀ ਦੇ ਸਿਰਫ਼ 13 ਵਾਰਡ ਹਨ, ਇਸ ਲਈ ਸ਼ਹਿਰ ਨੂੰ ਸਜਾਉਣ ਤੇ ਸਵੱਛ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਰਹਿਣੀ ਚਾਹੀਦੀ। ਡਿਪਟੀ ਕਮਿਸ਼ਨਰ ਆਕਾਸ਼ ਬਾਂਸਲ ਨੇ ਸੰਤ ਸੀਚੇਵਾਲ ਵੱਲੋਂ ਲੋਕ ਸੇਵਾ ਲਈ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਹਮੇਸ਼ਾ ਲੋਕਾਂ ਦੀਆਂ ਸੇਵਾ ਨੂੰ ਪਹਿਲ ਦਿੱਤੀ ਹੈ। ਉਨ੍ਹਾਂ ਸੰਤ ਸੀਚੇਵਾਲ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਹੁਣ ਤੱਕ ਉਨ੍ਹਾਂ ਵੱਲੋਂ ਕਪੂਰਥਲਾ ਜ਼ਿਲ੍ਹੇ ਦੇ ਪਿੰਡਾਂ ਨੂੰ 112 ਪਾਣੀ ਵਾਲੇ ਟੈਂਕਰ ਦਿੱਤੇ ਜਾ ਚੁੱਕੇ ਹਨ। ਅੱਜ 13 ਹੋਰ ਪਿੰਡਾਂ ਦੀਆਂ ਪੰਚਾਇਤਾਂ ਨੂੰ ਟੈਂਕਰ ਦਿਤੇ ਗਏ ਹਨ। ਸੰਤ ਸੀਚੇਵਾਲ ਨੇ ਕਿਹਾ ਕਿ ਇਨ੍ਹਾਂ ਵਾਟਰ ਟੈਂਕਰਾਂ ਦਾ ਮੁੱਖ ਉਦੇਸ਼ ਪਿੰਡਾਂ ਵਿੱਚ ਹਰਿਆਲੀ ਨੂੰ ਪ੍ਰਫੁੱਲਤ ਕਰਨਾ, ਵੱਧ ਤੋਂ ਵੱਧ ਬੂਟੇ ਲਗਾਉਣ ਤੇ ਉਨ੍ਹਾਂ ਦੀ ਸੰਭਾਲ ਲਈ ਪਾਣੀ ਦੀ ਉਪਲਬਧਤਾ ਯਕੀਨੀ ਬਣਾਉਣਾ ਹੈ। ਇਸ ਤੋਂ ਇਲਾਵਾ ਪਿੰਡਾਂ ਵਿੱਚ ਹੋਣ ਵਾਲੇ ਸਾਂਝੇ ਸਮਾਗਮਾਂ ਤੇ ਹੋਰ ਮੁੱਢਲੀਆਂ ਲੋੜਾਂ ਸਮੇਂ ਵੀ ਇਨ੍ਹਾਂ ਟੈਂਕਰਾਂ ਦੀ ਵਰਤੋਂ ਕੀਤੀ ਜਾ ਸਕੇਗੀ। ਉਨ੍ਹਾਂ ਕਿਹਾ ਕਿ ਇਹ ਟੈਂਕਰ ਪਿੰਡਾਂ ਲਈ ਸਦੀਵੀ ਸੌਗਾਤ ਸਾਬਤ ਹੋਣਗੇ। ਇਨ੍ਹਾਂ ਦੀ ਮਦਦ ਨਾਲ ਪਾਣੀ ਦੀ ਕਮੀ ਨੂੰ ਦੂਰ ਕਰਨ ਦੇ ਨਾਲ-ਨਾਲ ਬੂਟਿਆਂ ਦੀ ਸਿੰਜਾਈ ਵਿੱਚ ਵੀ ਵੱਡੀ ਸਹਾਇਤਾ ਮਿਲੇਗੀ। ਪਿੰਡਾਂ ਵਿੱਚ ਹਰਿਆਲੀ ਵਧਾਉਣ, ਵਾਤਾਵਰਣ ਦੀ ਸੰਭਾਲ ਤੇ ਅਚਾਨਕ ਅੱਗ ਲੱਗਣ ਵਰਗੀਆਂ ਘਟਨਾਵਾਂ ਦੌਰਾਨ ਅੱਗ ਬੁਝਾਉਣ ਲਈ ਵੀ ਇਹ ਟੈਂਕਰ ਲਾਹੇਵੰਦ ਸਾਬਤ ਹੋਣਗੇ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਅਖ਼ਤਿਆਰੀ ਫੰਡਾਂ ਵਿੱਚੋਂ ਹੁਣ ਤੱਕ ਪੰਜਾਬ ਦੇ 15 ਜ਼ਿਲ੍ਹਿਆਂ ਦੇ ਵੱਖ-ਵੱਖ ਪਿੰਡਾਂ ਨੂੰ 313 ਵਾਟਰ ਟੈਂਕਰ ਦਿੱਤੇ ਜਾ ਚੁੱਕੇ ਹਨ। ਜਿਨ੍ਹਾਂ ਪਿੰਡਾਂ ਨੂੰ ਪਾਣੀ ਵਾਲੇ ਟੈਂਕਰ ਦਿੱਤੇ ਗਏ, ਉਨ੍ਹਾਂ ਵਿੱਚ ਕਾਹਲਵਾਂ, ਮਾਛੀ ਜੋਆ, ਬਾਊਪੁਰ, ਆਹਲੀ ਖੁਰਦ, ਠੀਕਰੀਵਾਲ, ਮੰਨਣ, ਗਾਜ਼ੀਪੁਰ, ਮਾਧੋ ਝੰਡਾ, ਭੰਡਾਲ ਦੋਨਾ, ਜ਼ਾਰਜ਼ਪੁਰ, ਵਾਟਾਂਵਾਲੀ, ਸਰਾਏ ਜੱਟਾਂ ਤੇ ਸੈਦੋਵਾਲ ਸ਼ਾਮਲ ਹਨ। ਇਸ ਦੌਰਾਨ ਇਨ੍ਹਾਂ ਪਿੰਡਾਂ ਦੇ ਸਰਪੰਚ ਤੇ ਪੰਚਾਇਤ ਮੈਂਬਰ ਵੀ ਹਾਜ਼ਰ ਰਹੇ। ਇਸ ਮੌਕੇ ਪਿੰਡਾਂ ਦੇ ਸਰਪੰਚਾਂ ਨੇ ਕਿਹਾ ਕਿ ਪਿੰਡਾਂ ਵਿੱਚ ਸਾਂਝੇ ਸਮਾਗਮ ਕਰਵਾਉਣ ਤੇ ਬੂਟੇ ਲਗਾਉਣ ਤੋਂ ਬਾਅਦ ਪਾਣੀ ਦੀ ਉਪਲਬਧਤਾ ਇੱਕ ਵੱਡੀ ਸਮੱਸਿਆ ਹੁੰਦੀ ਸੀ। ਪਾਣੀ ਵਾਲੇ ਟੈਂਕਰ ਮਿਲਣ ਨਾਲ ਇਹ ਸਮੱਸਿਆ ਕਾਫ਼ੀ ਹੱਦ ਤੱਕ ਹੱਲ ਹੋ ਜਾਵੇਗੀ। ਉਨ੍ਹਾਂ ਸੰਤ ਸੀਚੇਵਾਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਟੈਂਕਰ ਪਿੰਡਾਂ ਦੀਆਂ ਸਾਂਝੀਆਂ ਲੋੜਾਂ ਪੂਰੀਆਂ ਕਰਨ ਦੇ ਨਾਲ-ਨਾਲ ਵਾਤਾਵਰਣ ਦੀ ਸੰਭਾਲ ਅਤੇ ਪਿੰਡਾਂ ਵਿੱਚ ਹਰਿਆਲੀ ਵਧਾਉਣ ਲਈ ਵੀ ਅਹਿਮ ਭੂਮਿਕਾ ਨਿਭਾਉਣਗੇ ।