ਅਣਪਛਾਤੇ ਨੌਜਵਾਨਾਂ ਨੇ ਇਕ ਨੂੰ ਕੀਤਾ ਜ਼ਖ਼ਮੀ
ਪਿੰਡ ਆਹਲੀ ਵਿਚ ਲੜਾਈ ਝਗੜੇ ਦੀ ਘਟਨਾ ਵਾਪਰੀ
Publish Date: Thu, 26 Mar 2026 09:51 PM (IST)
Updated Date: Thu, 26 Mar 2026 09:53 PM (IST)

ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਪਿੰਡ ਆਹਲੀ ਕਲਾਂ ਵਿਚ ਬੀਤੀ ਰਾਤ ਦਹਿਸ਼ਤ ਪੈਦਾ ਕਰਨ ਵਾਲੀ ਇਕ ਘਟਨਾ ਸਾਹਮਣੇ ਆਈ, ਜਿਥੇ 8-10 ਅਣਪਛਾਤੇ ਨੌਜਵਾਨਾਂ ਵੱਲੋਂ ਇਕ ਵਿਅਕਤੀ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ ਗਿਆ। ਹਮਲਾਵਰ ਪਰਿਵਾਰ ਦੇ ਸਾਹਮਣੇ ਹੀ ਵਾਰਦਾਤ ਕਰਦੇ ਹੋਏ ਕਾਰ, ਨਗਦੀ ਅ਼ਤੇ ਮੋਬਾਈਲ ਲੈ ਕੇ ਫਰਾਰ ਹੋ ਗਏ। ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿਚ ਇਲਾਜ ਅਧੀਨ ਸਤਵੰਤ ਸਿੰਘ ਪੁੱਤਰ ਹਰਦੀਪ ਸਿੰਘ, ਨਿਵਾਸੀ ਪਿੰਡ ਆਹਲੀ ਕਲਾਂ ਨੇ ਦੱਸਿਆ ਕਿ ਬੀਤੀ ਰਾਤ ਕਰੀਬ 8:20 ਵਜੇ ਉਹ ਆਪਣੇ ਪਰਿਵਾਰ ਸਮੇਤ ਆਪਣੀ ਭੂਆ ਦੇ ਘਰ, ਫਿਰਨੀ ਵਾਲੀ ਸਾਈਡ ਗਏ ਹੋਏ ਸਨ। ਵਾਪਸੀ ਸਮੇਂ ਜਦੋਂ ਉਸ ਦੀਆਂ ਚਾਰ ਬੇਟੀਆਂ ਤੇ ਇਕ ਬੇਟਾ ਗੱਡੀ ਵਿਚ ਬੈਠ ਰਹੇ ਸਨ, ਤਦ ਅਚਾਨਕ 8-10 ਨੌਜਵਾਨ ਉੱਥੇ ਆ ਪਹੁੰਚੇ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਨੇ ਬਿਨਾਂ ਕਿਸੇ ਕਾਰਨ ਉਸ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਿਸ ਨਾਲ ਉਹ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਇਸ ਦੌਰਾਨ ਹਮਲਾਵਰਾਂ ਨੇ ਉਸ ਦੀ ਪਤਨੀ ਤੇ ਬੇਟੀਆਂ ਨਾਲ ਵੀ ਖਿੱਚੋਤਾਣ ਕੀਤੀ, ਜਿਸ ਨਾਲ ਪਰਿਵਾਰ ਵਿਚ ਦਹਿਸ਼ਤ ਫੈਲ ਗਈ। ਪੀੜਤ ਮੁਤਾਬਕ ਦੋਸ਼ੀ ਉਸ ਦੀ ਸਵਿਫਟ ਡਿਜ਼ਾਇਰ ਕਾਰ, ਕਰੀਬ 30 ਹਜ਼ਾਰ ਰੁਪਏ ਨਗਦ ਤੇ ਦੋ ਮੋਬਾਈਲ ਫੋਨ ਲੈ ਕੇ ਮੌਕੇ ਤੋਂ ਫਰਾਰ ਹੋ ਗਏ। ਸਤਵੰਤ ਸਿੰਘ ਨੇ ਦੋਸ਼ ਲਗਾਇਆ ਕਿ ਜਦੋਂ ਉਹ ਇਲਾਜ ਲਈ ਸਿਵਲ ਹਸਪਤਾਲ ਪਹੁੰਚੇ ਤਾਂ ਉਕਤ ਨੌਜਵਾਨ ਉਥੇ ਵੀ ਆ ਗਏ ਤੇ ਉਨ੍ਹਾਂ ਨੂੰ ਧਮਕੀਆਂ ਦਿੰਦੇ ਰਹੇ ਤੇ ਪਰਿਵਾਰ ਨੂੰ ਡਰਾਉਂਦੇ ਰਹੇ । ਦੂਜੇ ਪਾਸੇ, ਥਾਣਾ ਕਬੀਰਪੁਰ ਦੇ ਐੱਸਐੱਚਓ ਨਿਰਮਲ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਅਜੇ ਤੱਕ ਸਿਵਲ ਹਸਪਤਾਲ ਵੱਲੋਂ ਕੋਈ ਵੀ ਅਧਿਕਾਰਕ ਜਾਣਕਾਰੀ ਪ੍ਰਾਪਤ ਨਹੀਂ ਹੋਈ। ਉਨ੍ਹਾਂ ਕਿਹਾ ਕਿ ਜਿਵੇਂ ਹੀ ਮੈਡੀਕੋ-ਲੀਗਲ ਰਿਪੋਰਟ (ਐੱਮਐੱਲਆਰ) ਮਿਲਦੀ ਹੈ, ਮਾਮਲੇ ਦੀ ਜਾਂਚ ਕਰਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।