ਮਿਸ਼ਨ ਸੁਨਹਿਰਾ ਕੱਲ੍ਹ ਤਹਿਤ ਕਰਵਾਈ ਕਿਸਾਨ ਵਰਕਸ਼ਾਪ ਆਈਟੀਸੀ ਮਿਸ਼ਨ ਸੁਨਹਿਰਾ ਕੱਲ੍ਹ ਤਹਿਤ ਕਿਸਾਨ ਵਰਕਸ਼ਾਪ ਲਗਾਈ
Publish Date: Tue, 06 Oct 2026 09:30 PM (IST)
Updated Date: Tue, 06 Oct 2026 09:32 PM (IST)
ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਮਾਨਵ ਵਿਕਾਸ ਸੰਸਥਾਨ ਵੱਲੋਂ ਆਈ.ਟੀ.ਸੀ. ਮਿਸ਼ਨ ਸੁਨਹਿਰਾ ਕੱਲ੍ਹ ਅਧੀਨ ਕ੍ਰਿਸ਼ੀ ਵਿਗਿਆਨ ਕੇਂਦਰ, ਕਪੂਰਥਲਾ ਵਿਖੇ ਕਲਾਈਮੇਟ ਸਮਾਰਟ ਵਿਲੇਜ ਅਤੇ ਅਲਾਇੰਸ ਫਾਰ ਵਾਟਰ ਸਟੀਵਰਡਸ਼ਿਪ ਯੋਜਨਾ ਅਤੇ ਪ੍ਰਾਪਤੀਆਂ ਵਿਸ਼ੇ ਤੇ ਹਿੱਸੇਦਾਰਾਂ ਦੀ ਵਰਕਸ਼ਾਪ ਕਰਵਾਈ ਗਈ। ਇਸ ਸਮਾਗਮ ਵਿੱਚ ਕਪੂਰਥਲਾ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਤੋਂ 140 ਤੋਂ ਵੱਧ ਕਿਸਾਨਾ ਭਾਗੀਦਾਰੀ ਬਣੇ। ਮੁੱਖ ਮਹਿਮਾਨਾਂ ਵਿੱਚ ਡਾ. ਜਸਵਿੰਦਰ ਸਿੰਘ ਮੁੱਖ ਖੇਤੀਬਾੜੀ ਅਫ਼ਸਰ, ਕਪੂਰਥਲਾ, ਡਾ. ਹਰਿੰਦਰ ਸਿੰਘ ਡਿਪਟੀ ਡਾਇਰੈਕਟਰ ਕ੍ਰਿਸ਼ੀ ਵਿਗਿਆਨ ਕੇਂਦਰ ਕਪੂਰਥਲਾ, ਡਾ. ਯੁਵਰਾਜ ਪਾਂਡਾ ਖੇਤਰੀ ਖੋਜ ਕੇਂਦਰ ਕਪੂਰਥਲਾ, ਐੱਸ.ਡੀ.ਓ. ਪਰਮਿੰਦਰ ਸਿੰਘ ਭੂਮੀ ਅਤੇ ਜਲ ਸੰਭਾਲ ਵਿਭਾਗ, ਕਪੂਰਥਲਾ ਅਤੇ ਸ਼੍ਰੀ ਪਮੀਸ਼ ਕੁਮਾਰ ਪ੍ਰੋਗਰਾਮ ਮੈਨੇਜਰ, ਆਈ.ਟੀ.ਸੀ. ਲਿਮਟਿਡ ਸ਼ਾਮਲ ਸਨ। ਇਸ ਮੌਕੇ ਡਾ. ਹਰਿੰਦਰ ਸਿੰਘ ਨੇ ਵੱਖ-ਵੱਖ ਬਲਾਕਾਂ ਵਿੱਚ ਆਈ.ਟੀ.ਸੀ. ਮਿਸ਼ਨ ਸੁਨਹਿਰਾ ਕੱਲ੍ਹ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਸਾਨਾਂ ਨੂੰ ਕਣਕ ਦੀਆਂ ਨਵੀਆਂ ਕਿਸਮਾਂ, ਜਿਵੇਂ ਕੀ ਪੀ.ਬੀ.ਡਬਲਯੂ. 887, ਪੀ.ਬੀ.ਡਬਲਯੂ. 872, ਪੀ.ਬੀ.ਡਬਲਯੂ. 826, ਪੰਜਾਬ 1 ਜ਼ਿੰਕ ਅਤੇ ਪੀ.ਬੀ.ਡਬਲਯੂ. 1 ਚਪਾਤੀ ਬਾਰੇ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਏਕੀਕ੍ਰਿਤ ਖੁਰਾਕੀ ਤੱਤ ਅਤੇ ਕੀੜੇ-ਮਕੌੜਿਆਂ ਦੀ ਸੰਭਾਲ, ਨਦੀਨਾਂ ਦੀ ਰੋਕਥਾਮ, ਸਿੰਚਾਈ ਪ੍ਰਬੰਧਨ ਅਤੇ ਫ਼ਸਲੀ ਰਹਿੰਦ-ਖੂੰਹਦ ਦੇ ਪ੍ਰਬੰਧਨ ਬਾਰੇ ਵੀ ਮਾਰਗਦਰਸ਼ਨ ਕੀਤਾ। ਉਨ੍ਹਾਂ ਨੇ ਕਿਸਾਨਾਂ ਨੂੰ ਉਪਲਬਧ ਸਬਸਿਡੀਆਂ, ਹੋਰ ਸਰਕਾਰੀ ਸਕੀਮਾਂ ਅਤੇ ਕੇਵੀਕੇ ਵੱਲੋਂ ਕਰਵਾਏ ਜਾਂਦੇ ਸਿਖਲਾਈ ਪ੍ਰੋਗਰਾਮਾਂ ਬਾਰੇ ਵੀ ਦੱਸਿਆ। ਇਸ ਤੋਂ ਬਾਅਦ ਐੱਸ.ਡੀ.ਓ. ਪਰਮਿੰਦਰ ਸਿੰਘ ਨੇ ਤੁਪਕਾ ਸਿੰਚਾਈ, ਫੁਹਾਰਾ ਸਿੰਚਾਈ ਅਤੇ ਭੂਮੀਗਤ ਪਾਈਪਲਾਈਨ ਸਿੰਚਾਈ ਪ੍ਰਣਾਲੀ ਵਰਗੀਆਂ ਆਧੁਨਿਕ ਸਿੰਚਾਈ ਤਕਨੀਕਾਂ ਨਾਲ ਕਿਸਾਨਾਂ ਨੂੰ ਜਾਣੂ ਕਰਵਾਇਆ। ਉਨ੍ਹਾਂ ਨੇ ਉਨ੍ਹਾਂ ਸਰਕਾਰੀ ਸਬਸਿਡੀਆਂ ਅਤੇ ਸਕੀਮਾਂ ਬਾਰੇ ਵੀ ਦੱਸਿਆ, ਜਿਨ੍ਹਾਂ ਰਾਹੀਂ ਕਿਸਾਨ ਇਨ੍ਹਾਂ ਤਕਨੀਕਾਂ ਦਾ ਲਾਭ ਲੈ ਸਕਦੇ ਹਨ। ਡਾ. ਯੁਵਰਾਜ ਪਾਂਡਾ ਨੇ ਕਿਸਾਨਾਂ ਨੂੰ ਫ਼ਸਲੀ ਵਿਭਿੰਨਤਾ, ਕੀੜੇ-ਮਕੌੜਿਆਂ ਦੀ ਰੋਕਥਾਮ ਅਤੇ ਕਣਕ ਦੀ ਸੁਧਰੀ ਕਾਸ਼ਤ ਦੇ ਤਰੀਕਿਆਂ ਬਾਰੇ ਸਲਾਹ ਦਿੱਤੀ। ਡਾ. ਜਸਵਿੰਦਰ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਨੇ ਆਈਟੀਸੀ ਦੇ ਕੰਮ ਦੀ ਸ਼ਲਾਘਾ ਕੀਤੀ, ਖ਼ਾਸ ਕਰਕੇ ਏਡਬਲਯੂਡੀ ਦੀ ਤਕਨੀਕ ਅਤੇ ਖੇਤ ਦੇ ਛੱਪੜ ਰਾਹੀਂ ਪਾਣੀ ਬਚਾਉਣ ਦੀ ਤਕਨੀਕ ਨੂੰ ਉਤਸ਼ਾਹਿਤ ਕਰਨ ਦੀ। ਉਨ੍ਹਾਂ ਨੇ ਕਿਸਾਨਾਂ ਨੂੰ ਕਣਕ ਦੀ ਕਾਸ਼ਤ ਲਈ ਨਵੀਆਂ ਤਕਨੀਕਾਂ ਅਪਣਾਉਣ ਅਤੇ ਫ਼ਸਲੀ ਰਹਿੰਦ-ਖੂੰਹਦ ਦਾ ਖੇਤ ਵਿੱਚ ਹੀ (ਇਨ-ਸਿਟੂ) ਅਤੇ ਖੇਤ ਤੋਂ ਬਾਹਰ (ਐਕਸ-ਸਿਟੂ) ਦੋਵਾਂ ਤਰੀਕਿਆਂ ਨਾਲ ਪ੍ਰਬੰਧਨ ਕਰਨ ਲਈ ਪ੍ਰੇਰਿਤ ਕੀਤਾ। ਤਕਨੀਕੀ ਸੈਸ਼ਨਾਂ ਤੋਂ ਬਾਅਦ ਕਿਸਾਨਾਂ ਨੇ ਪ੍ਰਦਰਸ਼ਨੀ ਖੇਤਾਂ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਨੇ ਝੋਨੇ ਦੀਆਂ ਨਵੀਆਂ ਕਿਸਮਾਂ, ਹਲਦੀ ਦੀ ਕਿਸਮ, ਮੱਕੀ ਦੀ ਕਿਸਮ ਅਤੇ ਸਮਾਰਟ ਸੀਡਰ ਦਾ ਪ੍ਰਦਰਸ਼ਨੀ ਦੇਖੀ। ਇਸ ਵਰਕਸ਼ਾਪ ਨੇ ਕਿਸਾਨਾਂ ਨੂੰ ਟਿਕਾਊ ਖੇਤੀ, ਪਾਣੀ ਦੀ ਸੰਭਾਲ ਅਤੇ ਜਲਵਾਯੂ ਪ੍ਰਤੀ ਸਹਿਣਸ਼ੀਲ ਖੇਤੀ ਦੇ ਤਰੀਕਿਆਂ ਬਾਰੇ ਕੀਮਤੀ ਜਾਣਕਾਰੀ ਦਿੱਤੀ ਅਤੇ ਕਿਸਾਨਾਂ, ਸਰਕਾਰੀ ਵਿਭਾਗਾਂ, ਖੋਜ ਸੰਸਥਾਵਾਂ ਅਤੇ ਆਈ.ਟੀ.ਸੀ. ਵਿਚਕਾਰ ਤਾਲਮੇਲ ਨੂੰ ਹੋਰ ਮਜ਼ਬੂਤ ਕੀਤਾ। ਈਟੀਸੀ ਮਿਸ਼ਨ ਸੁਨਹਿਰਾ ਕੱਲ੍ਹ ਦੀ ਟਿਮ ਨੇ ਕਿਸਾਨਾਂ ਦਾ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਇਨ੍ਹਾਂ ਤਰੀਕਿਆਂ ਨੂੰ ਆਪਣੇ ਖੇਤਾਂ ਵਿੱਚ ਅਪਣਾਉਣ ਦਾ ਪ੍ਰਣ ਕੀਤਾ।