ਕਿਸਾਨ ਨੂੰ ਮਿਹਨਤ ਦਾ ਪੂਰਾ ਮੁੱਲ ਨਹੀਂ ਮਿਲਦਾ : ਭਿੰਦਾ ਕਿਸਾਨ ਦੀ ਸਾਰੀ ਜਿੰਦਗੀ ਸੰਘਰਸ਼ ਕਰਦਿਆਂ ਲੰਘ ਜਾਂਦੀ ਪਰ ਉਸਨੂੰ ਮਿਹਨਤ ਦਾ ਪੂਰਾ ਮੁੱਲ ਨਹੀਂ ਮਿਲਦਾ : ਹਰਪਿੰਦਰ ਭਿੰਦਾ
Publish Date: Tue, 08 Sep 2026 09:35 PM (IST)
Updated Date: Tue, 08 Sep 2026 09:37 PM (IST)
ਕੁੰਦਨ ਸਿੰਘ ਸਰਾਂ ਪੰਜਾਬੀ ਜਾਗਰਣ ਭੁਲੱਥ : ਕਿਸਾਨਾਂ ਨੇ ਜੇਕਰ ਕੁੱਝ ਹਾਸਲ ਕੀਤਾ ਤਾਂ ਮਜਬੂਰ ਹੋ ਕੇ ਸੜਕਾਂ ’ਤੇ ਧਰਨੇ ਲਾਉਣੇ ਪਏ ਤੇ ਕੁੰਭਕਰਨੀ ਨੀਂਦ ਸੁੱਤੀਆਂ ਹੋਈਆਂ ਸਰਕਾਰਾਂ ਨੂੰ ਜਗਾਇਆ ਤਾਂ ਕਿਤੇ ਜਾ ਕੇ ਸਰਕਾਰਾਂ ਦੇ ਕੰਨਾਂ ’ਤੇ ਜੂੰ ਸਰਕਦੀ ਹੈ। ਕਿਸਾਨ ਦੀ ਸਾਰੀ ਜ਼ਿੰਦਗੀ ਸੰਘਰਸ਼ ਕਰਦਿਆਂ ਲੰਘ ਜਾਂਦੀ ਪਰ ਉਸਨੂੰ ਉਸਦੀ ਮਿਹਨਤ ਦਾ ਪੂਰਾ ਮੁੱਲ ਨਹੀਂ ਮਿਲਦਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਬੀਤੇ ਦਿਨ ਚੰਡੀਗੜ੍ਹ ਵਿਖੇ ਧਰਨਾ ਖਤਮ ਹੋਣ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਹਰਪਿੰਦਰ ਸਿੰਘ ਭਿੰਦਾ ਨੇ ਗੱਲਬਾਤ ਕਰਦਿਆਂ ਕੀਤਾ। ਭਿੰਦਾ ਨੇ ਕਿਹਾ ਕਿ ਮਜ਼ਦੂਰ ਆਪਣੀ ਦਿਹਾੜੀ ਆਪਣੀ ਮਰਜ਼ੀ ਅਨੁਸਾਰ ਲੈਂਦਾ ਹੈ, ਝੋਨਾ ਲਾਉਣ ਵਾਲੇ ਮਜ਼ਦੂਰ ਝੋਨੇ ਦੀ ਲਵਾਈ ਆਪਣੀ ਮਰਜ਼ੀ ਅਨੁਸਾਰ ਲੈਂਦੇ ਹਨ, ਕੰਬਾਇਨ ਵਾਲੇ ਆਪਣੀ ਮਰਜ਼ੀ ਨਾਲ ਕਟਾਈ ਦੇ ਪੈਸੇ ਲੈਂਦੇ ਹਨ, ਸਪਰੇਅ ਕਰਨ ਵਾਲੇ ਖਾਦ ਪਾਉਣ ਵਾਲੇ ਮਜ਼ਦੂਰ ਵੀ ਆਪਣੀ ਮਰਜ਼ੀ ਅਨੁਸਾਰ ਭਾਅ ਤੈਅ ਕਰਦੇ ਹਨ ਪਰ ਕਿਸਾਨ ਫਸਲ ਪੈਦਾ ਕਰਦਾ ਤੇ ਪੂਰੇ ਦੇਸ਼ ਦਾ ਢਿੱਡ ਭਰਦਾ ਪਰ ਉਸਨੂੰ ਉਸਦੀ ਫਸਲ ਦਾ ਮੁੱਲ ਉਸਦੇ ਅਨੁਸਾਰ ਨਹੀਂ ਮਿਲਦਾ, ਜਿਸ ਕਰਕੇ ਕਿਸਾਨੀ ਬਹੁਤ ਘਾਟੇ ਵੱਲ ਜਾ ਰਹੀ ਹੈ ਤੇ ਸੈਂਕੜੇ ਕਿਸਾਨ ਹੁਣ ਤੱਕ ਖੁਦਕਸ਼ੀਆ ਕਰ ਚੁਕੇ ਹਨ। ਜੇਕਰ ਸਰਕਾਰਾਂ ਦਾ ਰਵੱਈਆ ਕਿਸਾਨਾਂ ਪ੍ਰਤੀ ਇੰਝ ਹੀ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਕਿਸਾਨੀ ਖਤਮ ਹੋ ਜਾਵੇਗੀ ਤੇ ਲੋਕ ਭੁੱਖ ਨਾਲ ਮਰਨਗੇ ਤੇ ਕਿਸਾਨ ਫਿਰ ਖੁਦਕਸ਼ੀਆ ਕਰਨ ਲਈ ਮਜਬੂਰ ਹੋਣਗੇ ਕਿਉਂਕਿ ਸਰਕਾਰ ਦੀ ਨੀਅਤ ਖੋਟੀ ਹੈ, ਸਰਕਾਰਾਂ ਚਾਹੁੰਦੀਆਂ ਹਨ ਕਿ ਉਨ੍ਹਾਂ ਦੀਆਂ ਸੋਨੇ ਵਰਗੀਆਂ ਜ਼ਮੀਨਾਂ ਨੂੰ ਕੋਡੀਆਂ ਦੇ ਭਾਅ ਖਰੀਦ ਕੇ ਵੱਡੇ ਘਰਾਣਿਆਂ ਨੂੰ ਦਿੱਤੀਆਂ ਜਾਣ। ਉਹ ਘਰਾਣਿਆਂ ਦੇ ਲੋਕ ਆਪ ਸਾਡੀਆਂ ਜ਼ਮੀਨਾਂ ’ਤੇ ਖੇਤੀ ਕਰਨਗੇ ਤੇ ਜਿਹੜੀ ਸਾਡੀ ਚੀਜ਼ ਅੱਜ 20-25 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਮਿਲਦੀ ਹੈ ਉਹੀ ਚੀਜ਼ ਜਦੋਂ ਜਦੋਂ ਵੱਡੇ ਘਰਾਣਿਆਂ ਦੀ ਕੰਪਨੀਆਂ ਕੋਲੋਂ ਲਈ ਜਾਵੇਗੀ ਤਾਂ ਉਹ ਇਹੀ ਚੀਜ਼ 400-500 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਮਿਲੇਗੀ ਤੇ ਉਸ ਵਕਤ ਗਰੀਬ ਆਦਮੀ ਜਿਸਦੀ ਦਿਹਾੜੀ 400-500 ਰੁਪਏ ਹੋਵੇਗੀ, ਉਹ ਮਜ਼ਦੂਰ ਆਪਣੇ ਘਰ ਦਾ ਗੁਜਾਰਾ ਕਿਵੇਂ ਚਲਾਵੇਗਾ ਤੇ ਮਜਬੂਰ ਹੋ ਕੇ ਆਤਮ ਹੱਤਿਆ ਕਰੇਗਾ। ਭਿੰਦਾ ਨੇ ਕਿਹਾ ਕਿ ਸਰਕਾਰਾਂ ਨੂੰ ਕਿਸਾਨਾਂ ਦੀ ਬਾਂਹ ਫੜਨੀ ਚਾਹੀਦੀ ਹੈ ਜੇ ਪੂਰੇ ਦੇਸ਼ ਲਈ ਅਨਾਜ ਪੈਦਾ ਕਰ ਰਿਹਾ ਹੈ ਤੇ ਹਰੇਕ ਗਰੀਬ ਆਦਮੀ ਪੇਟ ਭਰਕੇ ਰੋਟੀ ਖਾ ਰਿਹਾ ਹੈ। ਇਸ ਮੌਕੇ ਸੁਖਵਿੰਦਰ ਸਿੰਘ ਬੋਪਾਰਾਏ ਬਲਾਕ ਪ੍ਰਧਾਨ, ਬਲਵੀਰ ਸਿੰਘ ਜੇਈ ਜ਼ਿਲ੍ਹਾ ਕੈਸ਼ੀਅਰ ਤੇ ਹੋਰ ਵੱਡੀ ਗਿਣਤੀ ’ਚ ਹਾਜ਼ਰ ਸਨ।