- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਸ਼ਾ ਮੁਕਤ ਪੰਜਾਬ ਸਿਰਫ਼ ਨਾਅਰਾ ਨਹੀਂ, ਸਾਡਾ ਸਾਂਝਾ ਸੰਕਲਪ ਹੋਣਾ ਚਾਹੀਦੈ : ਅਟਵਾਲ

--ਰੈਲੀਆਂ ਕੱਢਣ, ਬਿਆਨਬਾਜ਼ੀ ਕਰਨ ਨਾਲ ਨਹੀਂ, ਬਲਕਿ ਕੰਮ ਕਰਨ ਨਾਲ ਹੋਵੇਗਾ ਨਸ਼ਾਖੋਰੀ ਦਾ ਖ਼ਾਤਮਾ
ਨਸ਼ੇ ਦੀ ਲਤ ਤੋਂ ਪੀੜਤ ਨੌਜਵਾਨਾਂ ਦੇ ਇਲਾਜ ਤੇ ਮੁੜ ਵਸੇਬੇ ਨੂੰ ਵੀ ਤਰਜੀਹ ਦੇਵੇ ਸਰਕਾਰ
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ
ਕਪੂਰਥਲਾ : ਸਮਾਜਿਕ ਕਾਰਜਕਰਤਾ ਜੋਗਾ ਸਿੰਘ ਅਟਵਾਲ ਨੇ ਪੰਜਾਬ ਵਿੱਚ ਵਧ ਰਹੀ ਨਸ਼ਾਖੋਰੀ ’ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਸਿਰਫ਼ ਰੈਲੀਆਂ ਕੱਢਣ, ਵੱਡੇ-ਵੱਡੇ ਐਲਾਨ ਕਰਨ ਤੇ ਬਿਆਨਬਾਜ਼ੀ ਨਾਲ ਪੰਜਾਬ ਨਸ਼ਾ ਮੁਕਤ ਨਹੀਂ ਹੋ ਸਕਦਾ। ਇਸ ਲਈ ਜ਼ਮੀਨੀ ਪੱਧਰ ’ਤੇ ਇਮਾਨਦਾਰੀ, ਦ੍ਰਿੜ੍ਹ ਇੱਛਾ-ਸ਼ਕਤੀ ਤੇ ਸਾਂਝੇ ਯਤਨਾਂ ਨਾਲ ਕੰਮ ਕਰਨ ਦੀ ਲੋੜ ਹੈ। ਨਸ਼ਾ ਖੋਰੀ ਦੇ ਖ਼ਾਤਮੇ ਲਈ ਪੰਜਾਬ ਪੁਲਿਸ, ਸਿਹਤ ਵਿਭਾਗ, ਮੀਡੀਆ, ਧਾਰਮਿਕ ਤੇ ਸਮਾਜਿਕ ਸੰਸਥਾਵਾਂ ਨੂੰ ਸਾਂਝੀ ਮੁਹਿੰਮ ਚਲਾਉਣ ਦਾ ਸੱਦਾ ਦਿੰਦਿਆਂ ਜੋਗਾ ਸਿੰਘ ਅਟਵਾਲ ਨੇ ਕਿਹਾ ਕਿ ਪੰਜਾਬ ਵਿੱਚ ਨਸ਼ਿਆਂ ਦੀ ਸਪਲਾਈ ਰੋਕਣ ਲਈ ਸਾਰੀਆਂ ਸਬੰਧਤ ਧਿਰਾਂ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ ਪਵੇਗੀ। ਸਰਕਾਰ ਵੀ ਕੇਵਲ ਨਸ਼ਾ ਤਸਕਰਾਂ ਵਿਰੁੱਧ ਕੀਤੀ ਕਾਰਵਾਈ ਦੇ ਅੰਕੜੇ ਪੇਸ਼ ਕਰਨ ਤੱਕ ਸੀਮਤ ਨਾ ਰਹੇ, ਸਗੋਂ ਨਸ਼ਿਆਂ ਦੀ ਸਪਲਾਈ ਲੜੀ ਤੋੜਨ, ਵੱਡੇ ਤਸਕਰਾਂ ਵਿਰੁੱਧ ਕਾਰਵਾਈ ਕਰਨ ਤੇ ਨਸ਼ੇ ਦੀ ਲਤ ਤੋਂ ਪੀੜਤ ਨੌਜਵਾਨਾਂ ਦੇ ਇਲਾਜ ਤੇ ਮੁੜ ਵਸੇਬੇ ਨੂੰ ਵੀ ਤਰਜੀਹ ਦੇਵੇ। ਉਨ੍ਹਾਂ ਕਿਹਾ ਕਿ ਪੁਲਿਸ, ਪ੍ਰਸ਼ਾਸਨ, ਸਿਹਤ ਵਿਭਾਗ, ਧਾਰਮਿਕ ਸੰਸਥਾਵਾਂ ਤੇ ਸਮਾਜਿਕ ਜਥੇਬੰਦੀਆਂ ਨੂੰ ਆਪਸੀ ਤਾਲਮੇਲ ਨਾਲ ਪਿੰਡ-ਪਿੰਡ ਤੇ ਘਰ-ਘਰ ਨਸ਼ਿਆਂ ਵਿਰੁੱਧ ਜਾਗਰੂਕਤਾ ਮੁਹਿੰਮ ਚਲਾਉਣੀ ਚਾਹੀਦੀ ਹੈ।
ਜੋਗਾ ਸਿੰਘ ਅਟਵਾਲ ਨੇ ਸਰਕਾਰ ਤੋਂ ਮੰਗ ਕੀਤੀ ਕਿ ਨਸ਼ਾ ਤਸਕਰੀ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਉਸ ਦੀ ਸਿਆਸੀ ਪਹੁੰਚ ਜਾਂ ਪ੍ਰਭਾਵ ਕਾਰਨ ਬਖ਼ਸ਼ਿਆ ਨਾ ਜਾਵੇ। ਨਸ਼ਿਆਂ ਵਿਰੁੱਧ ਕਾਰਵਾਈ ਪਾਰਦਰਸ਼ੀ ਤੇ ਬਿਨਾਂ ਕਿਸੇ ਪੱਖਪਾਤ ਦੇ ਹੋਣੀ ਚਾਹੀਦੀ ਹੈ। ਉਨ੍ਹਾਂ ਸਮੂਹ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਨਸ਼ਾਖੋਰੀ ਵਿਰੁੱਧ ਲੜਾਈ ਨੂੰ ਸਿਰਫ਼ ਸਰਕਾਰ ਦੀ ਜ਼ਿੰਮੇਵਾਰੀ ਨਾ ਸਮਝਿਆ ਜਾਵੇ, ਸਗੋਂ ਇਸ ਨੂੰ ਇੱਕ ਸਾਂਝੀ ਸਮਾਜਿਕ ਮੁਹਿੰਮ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਨਸ਼ਾ ਮੁਕਤ ਪੰਜਾਬ ਸਿਰਫ਼ ਨਾਅਰਾ ਨਹੀਂ, ਸਾਡਾ ਸਾਂਝਾ ਸੰਕਲਪ ਹੋਣਾ ਚਾਹੀਦਾ ਹੈ।