ਨਸ਼ੇ ਨੇ ਬੁਝਾਇਆ ਇੱਕ ਹੋਰ ਘਰ ਦਾ ਚਿਰਾਗ
ਨਸ਼ੇ ਦੀ ਓਵਰਡੋਜ਼ ਨੇ ਬੁਝਾਇਆ ਇੱਕ ਹੋਰ ਘਰ ਦਾ ਚਿਰਾਗ !
Publish Date: Thu, 22 Oct 2026 09:46 PM (IST)
Updated Date: Thu, 22 Oct 2026 09:48 PM (IST)
20 ਸਾਲਾ ਨੌਜਵਾਨ ਦੀ ਮੌਤ ਨਾਲ ਪਿੰਡ ਗਾਜੀਪੁਰ ’ਚ ਸੋਗ ਦੀ ਲਹਿਰ ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਸੁਲਤਾਨਪੁਰ ਲੋਧੀ ਦੇ ਪਿੰਡ ਗਾਜੀਪੁਰ ਵਿੱਚ ਉਸ ਸਮੇਂ ਸੋਗ ਦੀ ਲਹਿਰ ਦੌੜ ਗਈ, ਜਦੋਂ 20 ਸਾਲਾ ਨੌਜਵਾਨ ਦੀ ਮੌਤ ਦੀ ਦੁਖਦਾਈ ਖ਼ਬਰ ਸਾਹਮਣੇ ਆਈ। ਪਰਿਵਾਰ ਨੂੰ ਖ਼ਦਸ਼ਾ ਹੈ ਕਿ ਨੌਜਵਾਨ ਦੀ ਮੌਤ ਟੀਕੇ ਰਾਹੀਂ ਨਸ਼ਾ ਲੈਣ ਕਾਰਨ ਹੋਈ ਓਵਰਡੋਜ਼ ਨਾਲ ਹੋ ਸਕਦੀ ਹੈ। ਹਾਲਾਂਕਿ, ਮੌਤ ਦੇ ਅਸਲ ਕਾਰਨਾਂ ਦੀ ਪੁਸ਼ਟੀ ਜਾਂਚ ਤੇ ਮੈਡੀਕਲ ਰਿਪੋਰਟ ਤੋਂ ਬਾਅਦ ਹੀ ਹੋ ਸਕੇਗੀ। ਮ੍ਰਿਤਕ ਨੌਜਵਾਨ ਦੇ ਪਿਤਾ ਜਗਤਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਨਸ਼ੇ ਦਾ ਆਦੀ ਸੀ। ਉਨ੍ਹਾਂ ਮੁਤਾਬਕ, ਬੀਤੇ ਦਿਨ ਉਨ੍ਹਾਂ ਨੂੰ ਕਿਸੇ ਜਾਣਕਾਰ ਦਾ ਫ਼ੋਨ ਆਇਆ, ਜਿਸ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਪਿੰਡ ਤੋਤੀ ਵਿੱਚ ਇੱਕ ਟਿਊਬਵੈੱਲ ’ਤੇ ਬੇਹੋਸ਼ ਪਿਆ ਹੋਇਆ ਹੈ। ਸੂਚਨਾ ਮਿਲਦਿਆਂ ਹੀ ਪਰਿਵਾਰ ਦੇ ਮੈਂਬਰ ਮੌਕੇ ਵੱਲ ਦੌੜੇ। ਉੱਥੇ ਪਹੁੰਚਣ ’ਤੇ ਨੌਜਵਾਨ ਦੀ ਹਾਲਤ ਬੇਹੱਦ ਗੰਭੀਰ ਸੀ। ਜਗਤਾਰ ਸਿੰਘ ਨੇ ਪਿੰਡ ਤੋਤੀ ਵਿੱਚ ਨਸ਼ੇ ਦੀ ਸਮੱਸਿਆ ਨੂੰ ਲੈ ਕੇ ਗੰਭੀਰ ਚਿੰਤਾ ਪ੍ਰਗਟਾਈ। ਉਨ੍ਹਾਂ ਦਾ ਦਾਅਵਾ ਹੈ ਕਿ ਇਲਾਕੇ ਵਿੱਚ ਅਕਸਰ ਨੌਜਵਾਨ ਨਸ਼ੇ ਦੀ ਹਾਲਤ ਵਿੱਚ ਦਿਖਾਈ ਦਿੰਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਨਸ਼ਿਆਂ ਦੇ ਫੈਲਾਅ ਨੂੰ ਸਮੇਂ ਸਿਰ ਨਾ ਰੋਕਿਆ ਗਿਆ ਤਾਂ ਇਸ ਦੇ ਨਤੀਜੇ ਹੋਰ ਵੀ ਭਿਆਨਕ ਹੋ ਸਕਦੇ ਹਨ।